ਸਰੀਰ ਦੀ ਅਸਮਰਥਾ ਮਹਿਸੂਸਦਿਆਂ ਸੰਨਿਆਸ ਦਾ ਫੈਸਲਾ ਲਿਆ ਸੀ : ਤੇਂਦੁਲਕਰ

ਸਰੀਰ ਦੀ ਅਸਮਰਥਾ ਮਹਿਸੂਸਦਿਆਂ ਸੰਨਿਆਸ ਦਾ ਫੈਸਲਾ ਲਿਆ ਸੀ : ਤੇਂਦੁਲਕਰ

ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਸ਼ਵ ਕ੍ਰਿਕਟ ਵਿਚ ਸਭ ਤੋਂ ਵੱਡੇ ਬੱਲੇਬਾਜ ਦਾ ਮਾਣ ਪ੍ਰਾਪਤ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਕਈ ਸਾਲ ਪਹਿਲਾਂ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ, ਪਰ ਅਤੇ ਤੱਕ ਵੀ ਉਨ੍ਹਾਂ ਦਾ ਲੋਕਪ੍ਰਿਯਤਾ ਵਿਚ ਕੋਈ ਕਮੀ ਨਹੀਂ ਆਈ। ਸਚਿਨ ਆਪਣੇ ਜੀਵਨ ਨਾਲ ਜੁੜੀਆਂ ਗੱਲਾਂ ਨੂੰ ਅਕਸਰ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ਤੇ ਅਜਿਹਾ ਕਰਦੇ ਹੋਏ ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਵਜ੍ਹਾ ਦਾ ਖੁਲਾਸਾ ਕੀਤਾ ਹੈ। ਹਾਲ ਹੀ ਵਿਚ ਸਚਿਨ ਨੇ ਇਕ ਨੈੱਟਵਰਕਿੰਗ ਸਾਈਟ ਲਈ ‘ਇੰਫਲੁਏਂਸਰ’ ਦੇ ਤੌਰ ‘ਤੇ ਜੁੜਨ ਤੋਂ ਬਾਅਦ ‘ਮਾਈ ਸੈਕਿੰਡ ਇਨਿੰਗ’ ਨਾਂਅ ਦੇ ਸਿਰਲੇਖ ਵਿਚ ਲਿਖੇ ਗਏ ਇਕ ਲੇਖ ਵਿਚ ਆਪਣੇ ਕ੍ਰਿਕਟ ਕੈਰੀਅਰ ਤੋਂ ਸੰਨਿਆਸ ਲਏ ਜਾਣ ਦੇ ਪਿੱਛੇ ਦੀ ਵਜ੍ਹਾ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਅਕਤੂਬਰ 2013 ਦੌਰਾਨ ਦਿੱਲੀ ਵਿਚ ਚੈਂਪੀਅਨ ਲੀਗ ਮੈਚ ਦੌਰਾਨ ਅਜਿਹਾ ਹੋਇਆ ਸੀ। ਉਨ੍ਹਾਂ ਖੇਡ ਦੇ ਇਲਾਵਾ ਆਪਣੀ ਬਾਕੀ ਦੀ ਜ਼ਿੰਦਗੀ ਬਾਰੇ ਦੱਸਦੇ ਹੋਏ ਕਿਹਾ ਕਿ ਮੇਰੀ ਹਰ ਸਵੇਰ ਜਿਮ ਵਿਚ ਕਸਰਤ ਨਾਲ ਸ਼ੁਰੂ ਹੁੰਦੀ ਹੈ ਜੋ ਮੈਂ ਪਿਛਲੇ 24 ਸਾਲ ਤੋਂ ਲਗਾਤਾਰ ਕਰਦਾ ਆ ਰਿਹਾ ਹਾਂ, ਪਰ ਉਸ ਦਿਨ ਕੁਝ ਬਦਲ ਗਿਆ ਸੀ। ਉਸ ਨੇ ਕਿਹਾ ਕਿ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ ਸਰੀਰ ਨੂੰ ਉਠਾਉਣ ਲਈ ਜ਼ੋਰ ਲਗਾਉਣਾ ਪਿਆ। ਉਸ ਨੇ ਲਿਖਿਆ ਕਿ ਇਹ ਅਜਿਹੇ ਸੰਕੇਤ ਸਨ ਕਿ ਮੈਨੂੰ ਹੁਣ ਇਥੇ ਰੁੱਕ ਜਾਣਾ ਚਾਹੀਦਾ ਹੈ ਤੇ ਇਹ ਖੇਡ ਹੁਣ ਮੇਰੀ ਰੋਜ਼ਮਰ੍ਹਾ ਜ਼ਿੰਦਗੀ ਦਾ ਹਿੱਸਾ ਨਹੀਂ ਰਹੇਗੀ, ਜਿਸ ਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦਾ ਹਾਂ। ਇਹ ਸਾਰੀਆਂ ਗੱਲਾਂ ਸਨ ਜਿਹੜੀਆਂ ਸੰਨਿਆਸ ਨੂੰ ਲੈ ਕੇ ਸਚਿਨ ਤੇਂਦੁਲਕਰ ਦੇ ਮਨ ਵਿਚ ਸਭ ਤੋਂ ਪਹਿਲਾਂ ਆਈਆਂ ਸਨ। ਇਸ ਦੇ ਇਕ ਮਹੀਨੇ ਬਾਅਦ ਨਵੰਬਰ 2013 ਵਿਚ ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।