‘ਆਪ’ ਤੇ ਅਕਾਲੀਆਂ ਦੇ ਰੌਲੇ-ਰੱਪੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਠੱਪ, ਸਿਮਰਜੀਤ ਸਿੰਘ ਬੈਂਸ ਮੁਅੱਤਲ

‘ਆਪ’ ਤੇ ਅਕਾਲੀਆਂ ਦੇ ਰੌਲੇ-ਰੱਪੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਠੱਪ, ਸਿਮਰਜੀਤ ਸਿੰਘ ਬੈਂਸ ਮੁਅੱਤਲ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ (ਆਪ) ਵਲੋਂ ਕੀਤੇ ਹੰਗਾਮਿਆਂ ਕਾਰਨ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ‘ਆਪ’ ਦੇ ਸਾਰੇ ਵਿਧਾਇਕਾਂ ਨੂੰ ਸੈਸ਼ਨ ‘ਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਬਾਕੀ ਰਹਿੰਦੇ ਬਜਟ ਸੈਸ਼ਨ ਲਈ ਮੁਅੱਤਲ ਕਰ ਦਿੱਤਾ। ਸੈਸ਼ਨ ਦੇ ਦੂਜੇ ਦਿਨ ਵੀਰਵਾਰ ਨੂੰ  ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵਿਧਾਇਕਾਂ ਵਲੋਂ ਲਗਾਤਾਰ ਹੰਗਾਮਿਆਂ ਕਾਰਨ ਸਦਨ ਦੀ ਕਾਰਵਾਈ ‘ਚ ਵਾਰ-ਵਾਰ ਵਿਘਨ ਪਿਆ। ਇਸ ਕਾਰਨ ਸਪੀਕਰ ਨੂੰ ਦੋ ਵਾਰ ਅੱਧੇ-ਅੱਧੇ ਘੰਟੇ ਲਈ ਸਦਨ ਉਠਾਉਣਾ ਪਿਆ ਤੇ ਅਖੀਰ ਜ਼ਿਆਦਾ ਸ਼ੋਰ-ਸ਼ਰਾਬੇ ਕਾਰਨ ਸਦਨ ਉਠਾ ਦਿੱਤਾ ਗਿਆ।
ਅਕਾਲੀ ਮੈਂਬਰਾਂ ਨੇ ਕਿਸਾਨੀ ਮੁੱਦਿਆਂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਤਿੱਖੀਆਂ ਟਿੱਪਣੀਆਂ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਜਦੋਂ ਕਿ ‘ਆਪ’ ਵਿਧਾਇਕਾਂ ਨੇ ਸਿਫਰ ਕਾਲ ਦੌਰਾਨ ਰੇਤ ਦੇ ਮੁੱਦੇ ‘ਤੇ ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਾਰਨ ਸਰਕਾਰ ਅਤੇ ਸਪੀਕਰ ਵਿਰੁਧ ਨਾਅਰੇ ਮਾਰੇ। ਅਹਿਮ ਤੱਥ ਇਹ ਹੈ ਕਿ ਅਕਾਲੀ ਦਲ ਦੇ ਵਿਧਾਇਕਾਂ ਨੇ ਕੈਪਟਨ ਸਰਕਾਰ ਜਾਂ ਰਾਣਾ ਗੁਰਜੀਤ ਸਿੰਘ ਵਿਰੁਧ ਰੇਤ ਦੇ ਮਾਮਲੇ ‘ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ, ਬਲਕਿ ਸਿਫਰ ਕਾਲ ਦੌਰਾਨ ਜਦੋਂ‘ਆਪ’ ਦੇ ਸੁਖਪਾਲ ਸਿੰਘ ਖਹਿਰਾ ਨੇ ਰੇਤ ਦੀਆਂ ਖੱਡਾਂ ਦੇ ਮੁੱਦੇ ‘ਤੇ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਵਿਰੁਧ ਬੋਲਣਾ ਚਾਹਿਆ ਤਾਂ ਅਕਾਲੀ ਮੈਂਬਰਾਂ ਨੇ ਸਦਨ ਦੇ ਵਿਚਕਾਰ ਨਾਅਰੇਬਾਜ਼ੀ ਕਰਦਿਆਂ ਸ੍ਰੀ ਖਹਿਰਾ ਦੇ ਯਤਨ ਠੁੱਸ ਕਰ ਦਿੱਤੇ। ਅਕਾਲੀਆਂ ਦੇ ਹੰਗਾਮੇ ਕਾਰਨ ਸਪੀਕਰ ਨੇ ਅੱਧੇ ਘੰਟੇ ਲਈ ਸਦਨ ਉਠਾ ਦਿੱਤਾ।
ਪ੍ਰਸ਼ਨ ਕਾਲ ਖ਼ਤਮ ਹੋਣ ਤੋਂ ਬਾਅਦ ‘ਆਪ’ ਦੇ ਸ੍ਰੀ ਖਹਿਰਾ ਨੇ ਕਈ ਵਾਰ ਰੇਤ ਦੇ ਮੁੱਦੇ ‘ਤੇ ਬੋਲਣ ਦਾ ਯਤਨ ਕੀਤਾ ਪਰ ਉਨ੍ਹਾਂ ਨੂੰ ਸਫਲਤਾ ਨਾ ਮਿਲੀ। ਪਹਿਲੀ ਵਾਰੀ ਅਕਾਲੀ ਰੌਲੇ-ਰੱਪੇ ਕਾਰਨ ਮਾਮਲਾ ਰੁਲ਼ ਗਿਆ ਤੇ ਬਾਅਦ ਵਿੱਚ ਸਪੀਕਰ ਨੇ ਸਮਾਂ ਨਾ ਦਿੱਤਾ। ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਕਿਹਾ ਕਿ ‘ਆਪ’ ਨੇ ਰੇਤ ਮਾਫੀਆ ਤੇ ਮੁੱਦੇ ‘ਤੇ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ ਸੀ। ਸਪੀਕਰ ਨੇ ਕਿਹਾ ਕਿ ਇਹ ਮਤਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਸਪੀਕਰ ਨੇ ‘ਆਪ’ ਮੈਂਬਰਾਂ ਦੀਆਂ ਸਾਰੀਆਂ ਦਲੀਲਾਂ ਰੱਦ ਕਰਦਿਆਂ ਜਦੋਂ ਸਮਾਂ ਨਾ ਦਿੱਤਾ ਤਾਂ ਸਾਰੇ ਮੈਂਬਰ ਸਦਨ ਦੇ ਵਿਚਕਾਰ ਆ ਕੇ ਸਰਕਾਰ ਅਤੇ ਸਪੀਕਰ ਵਿਰੁਧ ਨਾਅਰੇਬਾਜ਼ੀ ਕਰਨ ਲੱਗੇ। ‘ਆਪ’ ਵਿਧਾਇਕਾਂ ਨੇ ਸਪੀਕਰ ਦੇ ਆਸਣ ਅੱਗੇ ਲੱਗੇ ਮਾਰਸ਼ਲਾਂ ਦਾ ਘੇਰਾ ਵੀ ਤੋੜਨ ਦਾ ਯਤਨ ਕੀਤਾ।
ਲੁਧਿਆਣਾ ਦੇ ਬੈਂਸ ਭਰਾਵਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਤੇ ਸਿਮਰਜੀਤ ਸਿੰਘ ਬੈਂਸ ਨੇ ਸਪੀਕਰ ਵੱਲ ਕਾਗਜ਼ਾਂ ਦੇ ਬੰਡਲ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਸਥਿਤੀ ਗੰਭੀਰ ਹੋ ਗਈ। ਸਪੀਕਰ ਨੇ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਮਾਰਸ਼ਲ ਨੂੰ ਆਦੇਸ਼ ਦਿੱਤਾ ਕਿ ‘ਆਪ’ ਦੇ ਸਾਰੇ ਮੈਂਬਰਾਂ ਨੂੰ ਸਦਨ ‘ਚੋਂ ਬਾਹਰ ਕੱਢਿਆ ਜਾਵੇ। ਸ਼ੋਰ-ਸ਼ਰਾਬੇ ਕਾਰਨ ਮਾਰਸ਼ਲਾਂ ਨੂੰ ਇਸ ਕੰਮ ਵਿੱਚ ਕਾਮਯਾਬੀ ਨਾ ਮਿਲੀ। ਇਸ ਤੋਂ ਬਾਅਦ ਸਪੀਕਰ ਨੇ ਰੁਖ਼ ਜ਼ਿਆਦਾ ਸਖ਼ਤ ਕਰਦਿਆਂ ਸ੍ਰੀ ਬੈਂਸ ਨੂੰ ਪਹਿਲਾਂ ਸਦਨ ਵਿਚੋਂ ਕੱਢਣ ਦੇ ਹੁਕਮ ਦਿੱਤੇ ਤੇ ਫਿਰ ਉਨ੍ਹਾਂ ਨੂੰ ਰਹਿੰਦੇ ਬਜਟ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਤੇ ਸਦਨ ਦਿਨ ਭਰ ਲਈ ਉਠਾ ਦਿੱਤਾ।
ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਅਕਾਲੀ ਮੈਂਬਰਾਂ ਨੇ ਕਿਸਾਨੀ ਮੁੱਦਿਆਂ ‘ਤੇ ਚਰਚਾ ਦੀ ਮੰਗ ਕੀਤੀ ਅਤੇ ਸਪੀਕਰ ਦੇ ਆਸਣ ਅੱਗੇ ਰੌਲਾ-ਰੱਪਾ ਸ਼ੁਰੂ ਕਰ ਦਿੱਤਾ। ਇਸ ‘ਤੇ ਸਪੀਕਰ ਨੇ ਅੱਧੇ ਘੰਟੇ ਲਈ ਉਠਾ ਦਿੱਤਾ। ਸਦਨ ਮੁੜ ਜੁੜਿਆ ਤਾਂ ਅਕਾਲੀ ਵਿਧਾਇਕਾਂ ਨੇ ਨਾਅਰੇਬਾਜ਼ੀ ਪਿਛੋਂ ਵਾਕਆਊਟ ਕਰ ਦਿੱਤਾ। ਪ੍ਰਸ਼ਨ ਕਾਲ ਖ਼ਤਮ ਹੋਣ ਪਿਛੋਂ ਅਕਾਲੀ-ਭਾਜਪਾ ਮੈਂਬਰਾਂ ਨੇ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਬਦਕਲਾਮੀ ਦੇ ਦੋਸ਼ ਲਾਉਂਦਿਆਂ ਧਰਨਾ ਦੇ ਦਿੱਤਾ ਤੇ ਸਪੀਕਰ ਨੂੰ ਸਦਨ ਮੁੜ ਅੱਧੇ ਘੰਟੇ ਲਈ ਉਠਾਉਣਾ ਪਿਆ। ਮੰਤਰੀ ਨੇ ਕਿਹਾ ਕਿ ਉਨ੍ਹਾਂ ਅਕਾਲੀ ਮੈਂਬਰਾਂ ਖ਼ਿਲਾਫ਼ ਕੋਈ ਬਦਕਲਾਮੀ ਨਹੀਂ ਕੀਤੀ। ਸਪੀਕਰ ਨੇ ਵੀ ਸਾਫ਼ ਕੀਤਾ ਕਿ ਰਿਕਾਰਡ ਨੂੰ ਘੋਖ ਲਿਆ ਹੈ ਤੇ ਮੰਤਰੀ ਨੇ ਕੋਈ ਗ਼ਲਤ ਸ਼ਬਦ ਨਹੀਂ ਵਰਤੇ। ਅਕਾਲੀ-ਭਾਜਪਾ ਵਿਧਾਇਕ ਸ੍ਰੀ ਸਿੱਧੂ ਵਲੋਂ ਮੁਆਫ਼ੀ ਮੰਗੇ ਜਾਣ ‘ਤੇ ਅੜੇ ਰਹੇ।
ਅਮਰਿੰਦਰ ਸਿੰਘ ਨੇ ਬੈਂਸ ਤੇ ‘ਆਪ’ ਦੀ ਕੀਤੀ ਆਲੋਚਨਾ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਅੰਦਰ ‘ਆਪ’ ਦੇ ਵਿਧਾਇਕਾਂ ਵਲੋਂ ਕੀਤੇ ਪ੍ਰਦਰਸ਼ਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸਵਲੋਂ ਸਪੀਕਰ ਵੱਲ ਕਾਗਜ਼ ਸੁੱਟਣ ਦੀ ਨਿੰਦਾ ਕੀਤੀ। ਵਿਧਾਨ ਸਭਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਨੇ ਸਪੀਕਰ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਈ ਹੈ ਤੇ ਇਹ ਕਦਮ ਪੂਰੀ ਤਰ੍ਹਾਂ ਗੈਰਜਮਹੂਰੀ ਹੈ।
ਸਰਕਾਰੀ ਜ਼ਮੀਨ ‘ਤੇ ਕਬਜ਼ੇ ਦੀ ਜਾਂਚ ਵਿਜੀਲੈਂਸ ਹਵਾਲੇ :
ਚੰਡੀਗੜ੍ਹ: ਅਬੋਹਰ ਸ਼ਹਿਰ ਵਿੱਚ ਸਰਕਾਰੀ ਜ਼ਮੀਨ ਹਥਿਆਉਣ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਪਰਮਜੀਤ ਸਿੰਘ ਲਾਲੀ ਬਾਦਲ ਅਤੇ ਹੋਰਨਾਂ ਦਾ ਨਾਮ ਸਾਹਮਣੇ ਆਉਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਾਰੇ ਮਾਮਲੇ ਦੀ ਜਾਂਚ ਵਿਜੀਲੈਂਸ ਹਵਾਲੇ ਕਰਨ ਦਾ ਐਲਾਨ ਕੀਤਾ ਹੈ। ਅਬੋਹਰ ਸ਼ਹਿਰ ਵਿੱਚ ਵਾਟਰ ਵਰਕਸ ਦੀ ਜਗ੍ਹਾ ‘ਤੇ ਨਾਜਾਇਜ਼ ਕਬਜ਼ੇ ਸਬੰਧੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਅਬੋਹਰ ਵਿਖੇ 1931 ਵਿੱਚ ਬਣੇ ਵਾਟਰ ਵਰਕਸ ਦੀ ਸਮਰੱਥਾ ਨੂੰ ਵਧਾਉਣ ਲਈ 1961 ਵਿੱਚ 9.25 ਏਕੜ ਜਗ੍ਹਾ ਐਕਵਾਇਰ ਕੀਤੀ ਗਈ ਸੀ। ਸਾਲ 2007 ਵਿੱਚ ਅਕਾਲੀ-ਭਾਜਪਾ ਸਰਕਾਰ ਬਣਨ ਤੋਂ ਬਾਅਦ ਅਕਾਲੀ ਦਲ ਦੇ ਕੁਝ ਨੇਤਾਵਾਂ ਨੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰ ਕੇ ਜ਼ਮੀਨ ਦੇ ਕੁੱਝ ਹਿੱਸੇ ਦੀਆਂ ਰਜਿਸਟਰੀਆਂ ਆਪਣੇ ਨਾਂ ਕਰਵਾ ਲਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਵਿੱਚ ਪਰਮਜੀਤ ਸਿੰਘ ਉਰਫ ਲਾਲੀ ਬਾਦਲ (ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਚਾਚਾ), ਗੁਰਦਿੱਤ ਸਿੰਘ, ਮਹਿੰਦਰ ਪ੍ਰਤਾਪ, ਰਾਮ ਦਿਆਲ, ਵਰਿੰਦਰ ਪਾਲ ਸਿੰਘ ਅਤੇ ਅਸ਼ੋਕ ਕੁਮਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਤਤਕਾਲੀ ਡਿਪਟੀ ਕਮਿਸ਼ਨਰ ਨੇ ਬਿਨਾਂ ਰਿਕਾਰਡ ਦੇਖੇ ਇਨ੍ਹਾਂ ਨੂੰ ਕਰੋੜਾਂ ਰੁਪਏ ਦੀ ਜਗ੍ਹਾ ‘ਤੇ ਕਾਬਜ਼ ਕਰਨ ਲਈ ਨਿਸ਼ਾਨਦੇਹੀ ਦੇ ਹੁਕਮ ਕਰ ਦਿੱਤੇ। ਮੰਤਰੀ ਨੇ ਦੱਸਿਆ ਕਿ ਕਾਬਜ਼ ਲੋਕਾਂ ਨੇ ਰਜਿਸਟਰੀ ਤੋਂ ਵੱਧ ਖਸਰਾ ਨੰਬਰਾਂ ‘ਤੇ ਕਬਜ਼ਾ ਕਰ ਲਿਆ।
ਸ੍ਰੀ ਰੰਧਾਵਾ ਨੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਤੋਂ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਡੇਢ ਸਾਲ ਪਹਿਲਾਂ ਵੀ ਇਹ ਮਾਮਲਾ ਸਦਨ ਵਿੱਚ ਉਠਾਇਆ ਗਿਆ ਸੀ ਪਰ ਸਾਬਕਾ ਬਾਦਲ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸ੍ਰੀ ਸਿੱਧੂ ਨੇ ਵਿਧਾਇਕ ਦੀ ਮੰਗ ਨਾਲ ਸਹਿਮਤ ਹੁੰਦਿਆਂ ਮੁੱਖ ਮੰਤਰੀ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਉਪਰੰਤ ਮੁੱਖ ਮੰਤਰੀ ਨੇ ਵਿਜੀਲੈਂਸ ਜਾਂਚ ਕਰਵਾਉਣ ਦਾ ਐਲਾਨ ਕੀਤਾ।
ਵਜ਼ੀਫ਼ਾ ਰਕਮਾਂ ਬਾਰੇ ਵੀ ਹੋਵੇਗੀ ਜਾਂਚ :
ਪੰਜਾਬ ਦੀ ਪਿਛਲੀ ਬਾਦਲ ਸਰਕਾਰ ਵਲੋਂ ਘੱਟਗਿਣਤੀ ਪਰਿਵਾਰਾਂ ਅਤੇ ਦਲਿਤਾਂ ਦੇ ਬੱਚਿਆਂ ਨੂੰ ਕੇਂਦਰਵਲੋਂ ਦਿੱਤੀ ਜਾਂਦੀ ਵਜ਼ੀਫ਼ਾ ਰਾਸ਼ੀ ਦੇ ਪੈਸੇ ਦੀ ਦੁਰਵਰਤੋਂ ਦੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਜਾਂਚ ਦੇ ਹੁਕਮ ਦਿੱਤੇ ਹਨ। ‘ਆਪ’ ਅਤੇ ਕਾਂਗਰਸ ਦੇ ਵਿਧਾਇਕਾਂ ਵਲੋਂ ਜ਼ੋਰ ਪਾਉਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦਾ ਭਰੋਸਾ ਦਿੰਦਿਆਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਹੋਈਆਂ ਅਣਗਹਿਲੀਆਂ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ। ਉਂਜ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੇ ਸਵਾਲ ਦਾ ਜਵਾਬ ਦਿੰਦਿਆਂ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਦਨ ਵਿੱਚ ਲਿਖਤੀ ਤੌਰ ‘ਤੇ ਤਾਂ ਇਹੀ ਜਵਾਬ ਦਿੱਤਾ ਹੈ ਕਿ ਪੋਸਟ ਮੈਟ੍ਰਿਕ ਵਜ਼ੀਫ਼ਾ ਰਾਸ਼ੀ ਦੇ ਫੰਡ ਡਾਇਵਰਟ ਨਹੀਂ (ਕਿਸੇ ਹੋਰ ਮੰਤਵ ਲਈ ਨਹੀਂ ਵਰਤੇ) ਕੀਤੇ ਗਏ। ਮੰਤਰੀ ਦੇ ਇਸ ਜਵਾਬ ਤੋਂ ਬਾਅਦ ‘ਆਪ’ ਦੇ ਵਿਧਾਇਕਾਂ ਨੇ ਕਿਹਾ ਕਿ ਬਾਦਲ ਸਰਕਾਰ ਦੇ ਸਮੇਂ ਵਜ਼ੀਫ਼ਾ ਰਾਸ਼ੀ ਨੂੰ ਡਾਈਵਰਟ ਕਰਨ ਦਾ ਮਾਮਲਾ ਅਕਸਰ ਸੁਰਖ਼ੀਆਂ ਵਿੱਚ ਹੀ ਰਿਹਾ ਹੈ ਤੇ ਵਿਰੋਧੀ ਧਿਰ ‘ਚ ਹੁੰਦਿਆਂ ਕਾਂਗਰਸ ਨੇ ਵੀ ਇਹ ਮੁੱਦਾ ਕਈ ਵਾਰੀ ਚੁੱਕਿਆ।
ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਰੱਖੀ। ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਦਖ਼ਲ ਦਿੰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਇਸ ਯੋਜਨਾ ਦੇ ਫੰਡਾਂ ਦੀ ਦੁਰਵਰਤੋਂ ਹੋਈ ਹੈ। ਸ੍ਰੀ ਨਾਗਰਾ ਨੇ ਤਾਂ ਵਜ਼ੀਫ਼ਾ ਰਾਸ਼ੀ ਵਿੱਚ ਸਕੈਂਡਲ ਹੋਣ ਦੇ ਵੀ ਦੋਸ਼ ਲਾਏ। ਸਦਨ ਵਿੱਚ ਜ਼ਿਆਦਾ ਰੌਲਾ ਪੈਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮੁੱਦਾ ਗੰਭੀਰ ਹੈ। ਇਸ ਲਈ ਜਾਂਚ ਕਰਾਈ ਜਾਵੇਗੀ।