ਆਖ਼ਰਕਾਰ ਪੰਜਾਬ ਦਾ ‘ਬੁੱਚੜ’ ਤੋਂ ਹੋਇਆ ਛੁਟਕਾਰਾ

ਆਖ਼ਰਕਾਰ ਪੰਜਾਬ ਦਾ ‘ਬੁੱਚੜ’ ਤੋਂ ਹੋਇਆ ਛੁਟਕਾਰਾ

ਸਿੱਖਾਂ ਦੀਆਂ ‘ਲਾਵਾਰਸ ਲਾਸ਼ਾਂ’ ਬਣਾਉਣ ਵਾਲਾ 
ਕੇ.ਪੀ.ਐਸ. ਗਿੱਲ 82 ਸਾਲ ਦੀ ਉਮਰ ‘ਚ ਮਰਿਆ
ਨਵੀਂ ਦਿੱਲੀ/ਬਿਊਰੋ ਨਿਊਜ਼:
ਪੰਜਾਬ ਵਿਚ ਸਿੱਖ ਸੰਘਰਸ਼ ਦੌਰਾਨ ਬੇਕਸੂਰ ਲੋਕਾਂ ਉੱਤੇ ਜੁਲਮ ਢਾਹੁਣ ਅਤੇ ਖਾੜਕੂਆਂ ਨੂੰ ਝੂਠੇ ਪੁਲੀਸ ਮੁਕਾਬਲਿਆਂ ‘ਚ ਕਤਲ ਕਰਨ ਬਾਅਦ ‘ਅਣਪਛਾਤੀਆਂ ਲਾਸ਼ਾਂ’ ਕਹਿ ਕੇ ਸਸਕਾਰ ਕਰਨ ਜਿਹੇ ਕੁਕਰਮ ਕਰਨ ਵਾਲਾ ਅਤੇ ‘ਬੁੱਚੜ’ ਵਜੋਂ ਜਾਣਿਆ ਜਾਂਦਾ ਸਾਬਕਾ ਪੰਜਾਬ ਪੁਲਿਸ ਦਾ ਮੁਖੀ ਕੇ.ਪੀ.ਐਸ. ਗਿੱਲ 82 ਸਾਲ ਦੀ ਉਮਰ ‘ਚ ਦਿੱਲੀ ਵਿਖੇ ਮਰ ਗਿਆ।
ਕਿਡਨੀ ਫੇਲ੍ਹ ਹੋਣ ਦੀ ਬਿਮਾਰੀ ਦੀ ਆਖ਼ਰੀ ਸਾਹਾਂ ਉੱਤੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਚ ਦਾਖ਼ਲ ਕੇ. ਪੀ.ਐਸ. ਗਿੱਲ  ਦੀ ਮੌਤ  ਸ਼ੁੱਕਰਵਾਰ 26 ਮਈ, 2017 ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ। । ਦੱਸਣਯੋਗ ਹੈ ਕਿ ਗਿੱਲ ਦੇ ਦੋਵੇਂ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਹ ਕੁਝ ਸਮੇਂ ਤੋਂ ਡਾਇਲਸਿਸ ‘ਤੇ ਸਾਹ ਫਰੋਲ ਰਿਹਾ ਸੀ।
ਜ਼ਿਕਰਯੋਗ ਹੈ ਕਿ ਕੇ.ਪੀ.ਐਸ. ਗਿੱਲ ਨੇ ਪੰਜਾਬ ਪੁਲਿਸ ਦਾ ਮੁਖੀ ਬਣਨ ਤੋਂ ਬਾਅਦ ਸਿੱਖਾਂ ਨੂੰ ਸਰਕਾਰੀ ਅੱਤਵਾਦ ਦਾ ਸ਼ਿਕਾਰ ਬਣਾਇਆ ਸੀ। ਪੰਜਾਬ ਪੁਲਿਸ ਦੇ ਮੁਖੀ ਦੇ ਰੂਪ ‘ਚ ਕੇ.ਪੀ.ਐਸ. ਗਿੱਲ ਦਾ ਕਾਰਜਕਾਲ ਹਜ਼ਾਰਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰਨ, ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਰਾਰ ਦੇਣ ਲਈ ਯਾਦ ਕੀਤਾ ਜਾਂਦਾ ਹੈ।
ਭਾਰਤ ਸਰਕਾਰ ਨੇ ਸਿੱਖਾਂ ਉੱਤੇ ਅਣਮਨੁੱਖੀ ਤਸ਼ੱਦਦ ਬਦਲੇ ਜਾਲਮ ਪੁਲਸੀਏ ਨੂੰ ਅਪਣੇ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਸੀ। ਇੱਥੋਂ ਤੱਕ ਕਿ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਨ 2002 ਵਿਚ ਉਸ ਵੇਲੇ ਗੁਜਰਾਤ ਹੁੰਦਿਆਂ ਗੋਧਰਾ ਕਾਂਡ ਤੋਂ ਬਾਅਦ ਰਾਜ ਦੇ ਲੋਕਾਂ ਦੇ ਪ੍ਰਸ਼ਾਸਨ ਵਿਚ ਉਠ ਚੁੱਕੇ ਭਰੋਸੇ ਨੂੰ ਮੁੜ ਬਹਾਲ ਕਰਨ ਲਈ ਗਿੱਲ ਨੂੰ ਆਪਣਾ ਸੁਰੱਖਿਆ ਸਲਾਹਕਾਰ ਵੀ ਬਣਾਇਆ ਸੀ।
ਔਰਤਾਂ ਨਾਲ ਛੇੜਖਾਨੀ ਕਰਨ ਤੇ ਹੋਰ ਵਿਵਾਦਾਂ ‘ਚ ਘਿਰਿਆ ਬਦਨਾਮ ਪੁਲਸੀਆ
ਗਿੱਲ ਦਾ ਵਿਵਾਦਾਂ ਨਾਲ ਵੀ ਡੂੰਘਾ ਨਾਤਾ ਰਿਹਾ ਹੈ। ਮਨੁੱਖੀ ਹੱਕਾਂ ਬਾਰੇ ਸੰਸਥਾਵਾਂ ਵੱਲੋਂ ਲਗਾਤਾਰ ਉਸਦੇ ਕੰਮ ਕਰਨ ਦੇ ਤਰੀਕਿਆਂ ‘ਤੇ ਸਵਾਲ ਉਠਾਏ ਜਾਂਦੇ ਰਹੇ ਹਨ। ਸਰਕਾਰ ਵਲੋਂ ਗਿੱਲ ਨੂੰ ਫਰਜ਼ੀ ਮੁਕਾਬਲਿਆਂ ਦਾ ਮਾਹਰ ਵੀ ਕਰਾਰ ਦਿੱਤਾ ਜਾਂਦਾ ਰਿਹਾ ਹੈ। ਗਿੱਲ ‘ਤੇ 1988 ਵਿਚ ਇਕ ਪਾਰਟੀ ਦੌਰਾਨ ਇਕ ਮਹਿਲਾ ਅਧਿਕਾਰੀ ਰੂਪਨ ਦਿਓਲ ਬਜਾਜ ਨੂੰ ਜਿਣਸੀ ਤੌਰ  ‘ਤੇ ਪ੍ਰੇਸ਼ਾਨ ਕਾਰਨ ਦੇ ਦੋਸ਼ ਲੱਗੇ ਸਨ ਜਿਸ ਲਈ 1996 ਵਿਚ ਉਸਨੂੰ ਸਜ਼ਾ ਵੀ ਹੋਈ ਸੀ।
ਆਪ੍ਰੇਸ਼ਨ ਬਲੈਕ ਥੰਡਰ ਨਾਲ ਸੁਰਖੀਆਂ ‘ਚ ਆਇਆ
1934 ਵਿਚ ਲੁਧਿਆਣਾ ਵਿਚ ਪੈਦਾ ਹੋਏ ਗਿੱਲ 1958 ਵਿਚ ਭਾਰਤੀ ਪੁਲੀਸ ਸੇਵਾਵਾਂ (ਆਈ.ਪੀ.ਐੱਸ.) ਵਿਚ ਸ਼ਾਮਲ ਹੋਇਆ। ਆਸਾਮ ਅਤੇ ਮੇਘਾਲਿਆ ਵਿਚ ਪੁਲੀਸ ਮੁਖੀ ਰਹਿ ਚੁੱਕੇ ਗਿੱਲ ਨੂੰ ਦੋ ਵਾਰ ਪੰਜਾਬ ਪੁਲੀਸ ਦਾ ਮੁਖੀ ਬਣਾਇਆ ਗਿਆ। 1988 ਤੋਂ 1990 ਤੱਕ ਪੰਜਾਬ ਵਿਚ ਪੁਲੀਸ ਮੁਖੀ ਵਜੋਂ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਉਸਨੂੰ 1991 ਤੋਂ 1995 ਵਿਚ ਵੀ ਮੁੜ ਰਾਜ ਸੁਰੱਖਿਆ ਦਾ ਜ਼ਿੰਮਾ ਦਿੱਤਾ ਗਿਆ। ਕੇ.ਪੀ.ਐੱਸ. ਗਿੱਲ ਮਈ 1988 ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤੀਆਂ ਕਾਰਵਾਈਆਂ, ਜਿਸ ਨੂੰ ‘ਆਪ੍ਰੇਸ਼ਨ ਬਲੈਕ ਥੰਡਰ’ ਦਾ ਨਾਂਅ ਦਿੱਤਾ ਗਿਆ ਸੀ, ਕਾਰਨਸਰਕਾਰ ਪੱਖੀ ਟੀਵੀ ਚੈਨਲਾਂ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆਇਆ । ਨਕਸਲੀ ਸਮੱਸਿਆ ਨਾਲ ਜੂਝ ਰਹੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਵੀ ਰਾਜ ਵਿਚ ਨਕਸਲੀ ਹਿੰਸਾ ‘ਤੇ ਕਾਬੂ ਪਾਉਣ ਲਈ ਗਿੱਲ ਤੋਂ ਮਦਦ ਮੰਗੀ ਸੀ। ਸਾਲ 2000 ਦੌਰਾਨ ਸੀ੍ਰਲੰਕਾ ਨੇ ਵੀ ਤਾਮਿਲ ਬਾਗੀਆਂ (ਲਿਟੇ) ਖਿਲਾਫ ਰਣਨੀਤੀ ਬਣਾਉਣ ਲਈ ਗਿੱਲ ਦੀ ਮਦਦ ਲਈ ਸੀ।
ਇਸ ਤੋਂ ਇਲਾਵਾ ਉਸਦੀ ਜੁੰਡਲੀ ਨੇ ਭਾਰਤੀ ਹਾਕੀ ਫੈਡਰੇਸ਼ਨ ਉੱਤੇ ਕਬਜ਼ਾ ਕੀਤਾ ਹੋਇਆ ਸੀ । ਇਸ ਦੌਰਾਨ ਵੀ ਉਹ ਆਪਣੀਆਂ ‘ਬੇਹੂਦਗੀਆਂ’ ਅਤੇ ‘ਆਪਹੁਦਰੀਆਂ’ ਕਾਰਨ ਚਰਚਾ ਵਿਚ ਰਿਹਾ। ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਰਹਿਣ ਤੋਂ ਇਲਾਵਾ, ਉਹ ਨਵੀਂ ਦਿੱਲੀ ਸਥਿਤ ਇੰਸਚੀਟਿਊਟ ਆਫ ਕਾਨਫਲਿਕਟ ਮੈਨੇਜਮੈਂਟ ਦੇ ਮੋਢੀਆਂ ਵਿਚੋਂ ਵੀ ਇਕ ਸੀ।
ਨਰਿੰਦਰ ਮੋਦੀ ਨੂੰ ਹੋਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਿੱਲ ਦੀ ਮੌਤ ‘ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗਿੱਲ ਨੂੰ ਪੁਲੀਸ ਅਤੇ ਸੁਰੱਖਿਆ ਦੇ ਖੇਤਰ ਵਿਚ ਰਾਸ਼ਟਰ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਟਵਿੱਟਰ ‘ਤੇ ਪਾਏ ਇਸ ਸੰਦੇਸ਼ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਕਿਹਾ ਕਿ ਉਹ ਗਿੱਲ ਦੀ ਮੌਤ ਕਾਰਨ ਸਦਮੇ ਵਿਚ ਹਨ।
ਕੈਪਟਨ ਨੇ ਅਫ਼ਸੋਸ ਪ੍ਰਗਟਾਇਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਿੱਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਸਨੂੰ ਸੂਬੇ ਨੂੰ ਅੱਤਵਾਦ ਦੀ ਜਕੜ ਵਿਚੋਂ ਬਾਹਰ ਕੱਢ ਕੇ ਸ਼ਾਂਤੀ ਬਹਾਲ ਕਰਨ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ। ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਉਨ੍ਹਾਂ ਦੇ ਨਾਲ ਹਨ। ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੀ ਸ. ਗਿੱਲ ਦੀ ਮੌਤ ‘ਤੇ ਡੂੰਘੇ ਅਫਸੋਸ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੀ ਪੰਜਾਬ ਦੀ ਸ਼ਾਂਤੀ ਦੀ ਸਥਾਪਤੀ ਲਈ ਭੂਮਿਕਾ ਨੂੰ ਯਾਦ ਕੀਤਾ। ਪੰਜਾਬ ਭਾਜਪਾ ਦੇ ਮੁਖੀ ਸ੍ਰੀ ਵਿਜੇ ਸਾਂਪਲਾ ਵੱਲੋਂ ਵੀ ਇਕ ਬਿਆਨ ਰਾਹੀਂ ਗਿੱਲ ਦੀ ਮੌਤ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।