ਓਕੀਫ ਦੀ ਫਿਰਕੀ ਨੇ ਭਾਰਤੀ ਬੱਲੇਬਾਜਾਂ ਦੇ ਗੋਡੇ ਲਵਾਏ

ਓਕੀਫ ਦੀ ਫਿਰਕੀ ਨੇ ਭਾਰਤੀ ਬੱਲੇਬਾਜਾਂ ਦੇ ਗੋਡੇ ਲਵਾਏ
ਕੈਪਸ਼ਨ :ਵਿਰਾਟ ਕੋਹਲੀ ਨੂੰ ਆਊਟ ਕਰਨ ਦੀ ਖੁਸ਼ੀ ਮਨਾਉਂਦਾ ਹੋਇਆ ਆਸਟਰੇਲਿਆਈ ਗੇਂਦਬਾਜ਼ ਮਿਸ਼ੇਲ ਸਟਾਰਕ।

ਪੁਣੇ/ਬਿਊਰੋ ਨਿਊਜ਼:
ਖੱਬੇ ਹੱਥ ਦੇ ਸਪਿੰਨਰ ਸਟੀਵ ਓਕੀਫ ਨੇ ਸ਼ੁਕਰਵਾਰ ਨੂੰ ਇੱਥੇ ਆਪਣੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਕਰਦਿਆਂ 35 ਦੌੜਾਂ ‘ਤੇ ਛੇ ਵਿਕਟਾਂ ਹਾਸਲ ਕਰਕੇ ਦਿੱਗਜ਼ ਭਾਰਤੀ ਬੱਲੇਬਾਜ਼ਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਅਤੇ ਆਸਟਰੇਲੀਆ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਬੇਹੱਦ ਮਜ਼ਬੂਦ ਸਥਿਤੀ ‘ਚ ਪਹੁੰਚਾ ਦਿੱਤਾ।
ਓਕੀਫ ਦੀ ਗੇਂਦ ਦੇ ਕਹਿਰ ਦੇ ਕੁਝ ਗ਼ੈਰ-ਜ਼ਿੰਮੇਵਾਰੀ ਵਾਲੀ ਬੱਲੇਬਾਜ਼ੀ ਕਾਰਨ ਭਾਰਤੀ ਟੀਮ ਪਹਿਲੀ ਪਾਰੀ ‘ਚ ਤਿੰਨ ਵਿਕਟਾਂ ‘ਤੇ 94 ਦੌੜਾਂ ਮਗਰੋਂ 40.1 ਓਵਰਾਂ ਵਿੱਚ ਸਿਰਫ਼ 105 ਦੌੜਾਂ ਬਣਾ ਕੇ ਢੇਰ ਹੋ ਗਈ। ਓਕੀਫ ਨੇ 13.1 ਓਵਰਾਂ ਦੀ ਘਾਤਕ ਗੇਂਦਬਾਜ਼ੀ ‘ਚ 35 ਦੌੜਾਂ ‘ਤੇ ਛੇ ਵਿਕਟਾਂ ਹਾਸਲ ਕਰਕੇ ਆਸਟਰੇਲੀਆ ਨੂੰ ਪਹਿਲੀ ਪਾਰੀ ‘ਚ 155 ਦੌੜਾਂ ਦੀ ਮਜ਼ਬੂਤ ਲੀਡ ਦਿਵਾਈ। ਮਹਾਂਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਦੀ ਟਰਨ ਤੇ ਉਛਾਲ ਲੈਂਦੀ ਪਿੱਚ ਉੱਤੇ ਓਕੀਫੇ ਨੇ ਗੇਂਦਬਾਜ਼ੀ ਦਾ ਅਜਿਹਾ ਮੁਜ਼ਾਹਰਾ ਕੀਤਾ ਕਿ ਲੰਚ ਤੋਂ ਬਾਅਦ ਭਾਰਤੀ ਟੀਮ ਨੂੰ ਸਿਮਟਣ ‘ਚ ਜ਼ਿਆਦਾ ਸਮਾਂ ਨਾ ਲੱਗਾ। ਆਸਟਰੇਲੀਆ ਨੇ ਭਾਰਤ ਨੂੰ ਸਮੇਟਣ ਤੋਂ ਬਾਅਦ ਦਿਨ ਦੀ ਖੇਡ ਮੁੱਕਣ ਤੱਕ 143 ਦੌੜਾਂ ਬਣਾ ਲਈਆਂ ਹਨ ਜਿਸ ਨਾਲ ਉਸ ਦੀ ਲੀਡ ਕੁੱਲ 298 ਦੌੜਾਂ ਦੀ ਹੋ ਗਈ ਹੈ। ਕਪਤਾਨ ਸਟੀਵਨ ਸਮਿੱਥ 117 ਗੇਂਦਾਂ ‘ਚ ਸੱਤ ਚੌਕਿਆਂ ਦੀ ਮਦਦ ਨਾਲ 59 ਦੌੜਾਂ ਅਤੇ ਮਿਸ਼ੈਲ ਮਾਰਸ਼ 48 ਗੇਂਦਾਂ ‘ਚ ਦੋ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 18 ਦੌੜਾਂ ਬਣਾ ਕੇ ਕਰੀਜ਼ ‘ਤੇ ਸੀ। ਆਸਟਰੇਲੀਆ ਦੀ ਪਹਿਲੀ ਪਾਰੀ ਵਿੱਚ ਤਿੰਨ ਵਿਕਟਾਂ ਹਾਸਲ ਕਰਨ ਵਾਲੇ ਆਫ ਸਪਿੰਨਰ ਰਵਿੰਚਦਰਨ ਅਸ਼ਵਿਨ ਨੇ ਦੂਜੀ ਪਾਰੀ ਵਿੱਚ ਮਹਿਮਾਨ ਟੀਮ ਦੀਆਂ ਡਿੱਗੀਆਂ ਚਾਰ ਵਿਕਟਾਂ ‘ਚੋਂ ਤਿੰਨ ਵਿਕਟਾਂ 68 ਦੌੜਾਂ ਦੇ ਕੇ ਹਾਸਲ ਕੀਤੀਆਂ, ਜਦਕਿ ਇੱਕ ਵਿਕਟ ਜੈਅੰਤ ਯਾਦਵ ਦੇ ਹਿੱਸੇ ਆਈ।
ਇਸ ਤੋਂ ਪਹਿਲਾਂ ਭਾਰਤੀ ਟੀਮ ਸਿਰਫ਼ 105 ਦੌੜਾਂ ਬਣਾ ਕੇ ਢੇਰ ਹੋ ਗਈ। ਭਾਰਤ ਨੇ ਆਪਣੀਆਂ ਆਖਰੀ ਛੇ ਵਿਕਟਾਂ ਸਿਰਫ਼ 11 ਦੌੜਾਂ ਵਿਚਾਲੇ ਗੁਆ ਦਿੱਤੀਆਂ। ਭਾਰਤ ਵੱਲੋਂ ਲੋਕੇਸ਼ ਰਾਹੁਲ ਰਾਹੁਲ ਨੇ ਸਭ ਤੋਂ ਵਧ 64 ਦੌੜਾਂ ਬਣਾਈਆਂ। ਪਿਛਲੀਆਂ ਚਾਰ ਟੈਸਟ ਲੜੀਆਂ ‘ਚ ਚਾਰ ਦੋਹਰੇ ਸੈਂਕੜੇ ਜੜਨ ਵਾਲਾ ਭਾਰਤੀ ਕਪਤਾਨ ਵਿਰਾਟ ਕੋਹਲੀ ਖਾਤਾ ਵੀ ਨਹੀਂ ਖੋਲ੍ਹ ਸਕਿਆ। ਭਾਰਤ ਵੱਲੋਂ ਮੁਰਲੀ ਵਿਜੈ ਨੇ 10 ਤੇ ਚੇਤੇਸ਼ਵਰ ਪੁਜਾਰਾ ਨੇ 6 ਦੌੜਾਂ ਬਣਾਈਆਂ। ਭਾਰਤੀ ਟੀਮ ਲੰਚ ਤੋਂ ਬਾਅਦ ਸਿਰਫ਼ 24 ਦੌੜਾਂ ਹੀ ਜੋੜ ਸਕੀ।     –

ਕਪਿਲ ਦਾ ਰਿਕਾਰਡ ਤੋੜਿਆ
ਭਾਰਤੀ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਅੱਜ ਇੱਥੇ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਘਰੇਲੂ ਸੈਸ਼ਨ ‘ਚ ਸਭ ਤੋਂ ਵਧ ਵਿਕਟਾਂ ਹਾਸਲ ਕਰਨ ਦਾ ਕਪਿਲ ਦੇਵ ਦਾ 37 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਹਾਲ ਹੀ ਵਿੱਚ ਦੁਨੀਆਂ ‘ਚ ਸਭ ਤੋਂ ਤੇਜ਼ 250 ਵਿਕਟਾਂ ਹਾਸਲ ਕਰਨ ਵਾਲਾ ਗੇਂਦਬਾਜ਼ ਬਣੇ ਅਸ਼ਵਿਨ ਨੇ ਕੱਲ ਦੇ ਨਾਬਾਦ ਬੱਲੇਬਾਜ਼ ਮਿਸ਼ੇਲ ਸਟਾਰਕ ਨੂੰ ਦਿਨ ਦੇ ਪਹਿਲੇ ਓਵਰ ਦੀ ਪੰਜਵੀਂ ਗੇਂਦ ‘ਤੇ ਆਊਟ ਕਰਕੇ ਆਸਟਰੇਲਿਆਈ ਪਾਰੀ ਨੂੰ 260 ਦੌੜਾਂ ‘ਤੇ ਸਮੇਟਿਆ ਅਤੇ ਮੌਜੂਦਾ ਘਰੇਲੂ ਸੈਸ਼ਨ ਦੇ 10 ਮੈਚਾਂ ‘ਚ ਆਪਣੀਆਂ ਵਿਕਟਾਂ ਦੀ ਗਿਣਤੀ 64 ਤੱਕ ਪਹੁੰਚਾਈ। ਕਪਿਲ ਦੇਵ ਨੇ 1979-80 ਵਿੱਚ 13 ਟੈਸਟ ਮੈਚਾਂ ‘ਚ 63 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਅਸ਼ਵਿਨ ਨੇ ਇਸ ਤੋਂ ਪਹਿਲਾਂ 2012-13 ਦੇ ਘਰੇਲੂ ਸੈਸ਼ਨ ‘ਚ ਵੀ 10 ਟੈਸਟ ਮੈਚਾਂ ‘ਚ 61 ਵਿਕਟਾਂ ਹਾਸਲ ਕੀਤੀਆਂ ਸਨ। ਇਸ ਆਫ ਸਪਿੰਨਰ ਨੇ ਮੌਜੂਦਾ ਸੈਸ਼ਨ ‘ਚ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ‘ਚ 27, ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ‘ਚ 28 ਅਤੇ ਬੰਗਲਾਦੇਸ਼ ਖ਼ਿਲਾਫ਼ ਇੱਕ ਟੈਸਟ ਮੈਚ ਵਿੱਚ ਛੇ ਵਿਕਟਾਂ ਹਾਸਲ ਕੀਤੀਆਂ ਸਨ।