ਚਾਰ ਪ੍ਰੇਮੀ ਪਰਿਵਾਰਾਂ ਨੇ ਸਿੱਖ ਪੰਥ ਵਿੱਚ ਕੀਤੀ ਵਾਪਸੀ

ਚਾਰ ਪ੍ਰੇਮੀ ਪਰਿਵਾਰਾਂ ਨੇ ਸਿੱਖ ਪੰਥ ਵਿੱਚ ਕੀਤੀ ਵਾਪਸੀ

ਕੈਪਸ਼ਨ- ਡੇਰਾ ਹਮਾਇਤੀ ਪਿੰਡ ਕਿਆਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਭੁੱਲ ਦੀ ਖਿਮਾ ਯਾਚਨਾ ਕਰਦੇ ਹੋਏ।
ਅਜਨਾਲਾ/ਬਿਊਰੋ ਨਿਊਜ਼ :
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਮੁਖੀ ਨੂੰ ਹੋਈ 20 ਸਾਲਾਂ ਦੀ ਸਜ਼ਾ ਤੋਂ ਬਾਅਦ ਡੇਰਾ ਸ਼ਰਧਾਲੂਆਂ ਨੂੰ ਦੁਬਾਰਾ ਸਿੱਖ ਪੰਥ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਨੇ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਅਜਨਾਲਾ ਦੇ ਪਿੰਡ ਕਿਆਮਪੁਰ ਤੋਂ ਹੋਈ ਹੈ, ਜਿੱਥੋਂ ਦੇ ਕਰੀਬ ਚਾਰ ਪਰਿਵਾਰਾਂ ਦੇ 21 ਮੈਂਬਰਾਂ ਨੇ ਡੇਰਾ ਮੁਖੀ ਵੱਲੋਂ ਦਿੱਤੀ ਗਈ ਅਖੌਤੀ ਮਾਲਾ ਅਤੇ ਫੋਟੋਆਂ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਨ ਉਪਰੰਤ ਸਿੱਖ ਪੰਥ ਵਿੱਚ ਵਾਪਸੀ ਕੀਤੀ ਹੈ। ਇਨ੍ਹਾਂ ਨੂੰ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਆਗੂਆਂ ਵੱਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਸ਼ਰਧਾਲੂਆਂ ਨੇ ਡੇਰਾ ਮੁਖੀ ਵੱਲੋਂ ਦਿੱਤੀ ਮਾਲਾ, ਫੋਟੋਆਂ ਅਤੇ ਹੋਰ ਸਾਮਾਨ ਡੂੰਘੇ ਟੋਏ ਵਿੱਚ ਸੁੱਟ ਕੇ ਅੱਗੋਂ ਕਿਸੇ ਵੀ ਡੇਰੇਦਾਰ ਦੇ ਹਮਾਇਤੀ ਨਾ ਬਣਨ ਦਾ ਪ੍ਰਣ ਲਿਆ। ਇੱਕ ਪਰਿਵਾਰ ਦੇ ਮੁਖੀ ਸਵਿੰਦਰ ਸਿੰਘ ਨੇ ਦੱਸਿਆ ਕਿ ਉਹ 15 ਸਾਲ ਪਹਿਲਾਂ ਡੇਰਾ ਮੁਖੀ ਦਾ ਸ਼ਰਧਾਲੂ ਬਣਿਆ ਸੀ ਅਤੇ ਉਸ ਵੱਲੋਂ ਬਣਾਈ ਗਈ ਸਪੈਸ਼ਲ ਗਰੀਨ ਟਾਸਕ ਫੋਰਸ ਦੀ ਹਫ਼ਤਾ ਟ੍ਰੇਨਿੰਗ ਕਰ ਕੇ ਉਸ ਦਾ ਮੈਂਬਰ ਬਣਿਆ ਸੀ। ਹੁਣ ਸੱਚ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਭੁੱਲ ਦਾ ਅਹਿਸਾਸ ਹੋਇਆ। ਉਸ ਨੇ ਦੱਸਿਆ ਕਿ ਉਹ ਆਉਣ ਵਾਲੇ ਕੁਝ ਦਿਨਾਂ ਵਿੱਚ ਅਕਾਲ ਤਖ਼ਤ ਵਿਖੇ ਜਾ ਕੇ ਆਪਣੀ ਭੁੱਲ ਬਖ਼ਸ਼ਾ ਕੇ ਅੰਮ੍ਰਿਤ ਛਕਣਗੇ।