ਜੇਐੱਨਯੂ ਵਿਦਿਆਰਥੀ ਚੋਣਾਂ ‘ਚ ਖੱਬੀਆਂ ਧਿਰਾਂ ਨੇ ਲਹਿਰਾਇਆ ਪਰਚਮ

ਜੇਐੱਨਯੂ ਵਿਦਿਆਰਥੀ ਚੋਣਾਂ ‘ਚ ਖੱਬੀਆਂ ਧਿਰਾਂ ਨੇ ਲਹਿਰਾਇਆ ਪਰਚਮ

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ‘ਚ ਜਿੱਤ ਤੋਂ ਬਾਅਦ ਐਤਵਾਰ ਤੜਕੇ ਜਸ਼ਨ ਮਨਾਉਂਦੇ ਹੋਏ ਖੱਬੇ-ਪੱਖੀਆਂ ਦੇ ਹਮਾਇਤੀ। 

ਨਵੀਂ ਦਿੱਲੀ/ਬਿਊਰੋ ਨਿਊਜ਼ :
ਖੱਬੀਆਂ ਧਿਰਾਂ ਦੇ ਸਾਂਝੇ ਮੁਹਾਜ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐੱਨਯੂਐੱਸਯੂ) ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰੇ ਸੀਟਾਂ ਜਿੱਤ ਲਈਆਂ ਪਰ ਇਸ ਵਾਰ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਨੇ ਚਾਰੋ ਸੀਟਾਂ ਲਈ ਦੂਜਾ ਥਾਂ ਹਾਸਲ ਕਰਕੇ ਆਪਣੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਕੀਤੀ ਹੈ। ਕਾਂਗਰਸ ਦੀ ਐੱਨਐੱਸਯੂਆਈ ਦੀ ਹਾਲਤ ਇਸ ਵਾਰ ਪਤਲੀ ਹੋ ਗਈ ਤੇ ਉਸ ਦੇ ਉਮੀਦਵਾਰ ਤੋਂ ਜ਼ਿਆਦਾ ਵੋਟ ‘ਨੋਟਾ’ ਨੂੰ ਮਿਲ ਗਏ। ਬਿਰਸਾ ਅੰਬੇਦਕਰ ਫੂਲੇ ਸਟੂਡੈਂਟਸ ਐਸੋਸੀਏਸ਼ਨ (ਬਾਪਸਾ) ਦੇ ਉਮੀਦਵਾਰਾਂ ਨੂੰ ਤੀਜੀ ਥਾਂ ਮਿਲੀ।
ਨਤੀਜਿਆਂ ਮੁਤਾਬਕ ਜੇਐੱਨਯੂਐੱਸਯੂ ਲਈ ਖੱਬੇ ਸਾਂਝੇ ਮੁਹਾਜ ਦੀ ਉਮੀਦਵਾਰ ਗੀਤਾ ਕੁਮਾਰੀ ਨੂੰ 1506 ਵੋਟਾਂ ਮਿਲੀਆਂ ਤੇ ਏਬੀਵੀਪੀ ਨੂੰ 1042 ਵੋਟਾਂ ਮਿਲ ਸਕੀਆਂ। ਬਾਪਸਾ ਉਮੀਦਵਾਰ ਨੂੰ 935 ਵੋਟ ਹਾਸਲ ਹੋਏ। ਮੀਤ ਪ੍ਰਧਾਨਗੀ ਲਈ ਖੱਬੀ ਧਿਰ ਤੋਂ ਸਿਮੋਨ ਜ਼ੋਇਆ ਖ਼ਾਂ ਨੂੰ 1876 ਤੇ ਏਬੀਵੀਪੀ  ਤੋਂ ਦੁਰਗੇਸ਼ ਕੁਮਾਰ ਨੂੰ 1028 ਵੋਟਾਂ ਪ੍ਰਾਪਤ ਹੋਈਆਂ। ਜਨਰਲ ਸਕੱਤਰ ਲਈ ਉਮੀਦਵਾਰ ਦੁੱਗੀਰਾਜਾ ਸ੍ਰੀ ਕ੍ਰਿਸ਼ਨਾ ਨੂੰ 2082 ਵੋਟਾਂ ਤੇ ਏਬੀਵੀਪੀ ਉਮੀਦਵਾਰ ਨਿਕੁੰਜ ਮਾਕਵਾਨਾ ਨੂੰ 975 ਵੋਟਾਂ ਨਾਲ ਸਬਰ ਕਰਨਾ ਪਿਆ। ਬਾਪਸਾ ਨੂੰ 854 ਵੋਟ ਮਿਲੇ। ਸੰਯੁਕਤ ਸਕੱਤਰ ਵਜੋਂ ਸ਼ੁਭਸੂੰ ਸਿੰਘ ਨੂੰ 1755 ਤੇ ਭਾਜਪਾ ਪੱਖੀ ਪੰਕਜ ਕੇਸਰੀ ਨੂੰ 920 ਵੋਟ ਮਿਲੇ ਤੇ ਬਾਪਸਾ ਉਮੀਦਵਾਰ ਵਿਨੋਦ ਕੁਮਾਰ 862 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਿਹਾ। ਏਬੀਵੀਪੀ ਪਿਛਲੀ ਵਾਰ ਦੋ ਅਹੁਦਿਆਂ ਲਈ ਦੂਜੇ ਥਾਂ ‘ਤੇ ਰਹੀ ਸੀ ਤੇ ਇਹ ਵਿਦਿਆਰਥੀ ਵਿੰਗ ਸਕੂਲ ਆਫ਼ ਸਾਇੰਸ ਵਿਚੋਂ ਚੰਗੀਆਂ ਵੋਟਾਂ ਹਾਸਲ ਕਰ ਗਿਆ ਜਿੱਥੋਂ ਨਿਖੁੰਜ ਮਕਵਾਨਾ ਨੇ ਬਾਕੀ ਉਮੀਦਵਾਰਾਂ ਤੋਂ ਵੱਧ ਵੋਟ ਹਾਸਲ ਕੀਤੇ। ਏਬੀਵੀਪੀ ਦੇ 10 ਕੌਂਸਲਰ ਮੈਂਬਰ ਵੀ ਜਿੱਤੇ ਹਨ ਤੇ ਇਸ ਧੜੇ ਦੇ ਆਗੂਆਂ ਦਾ ਮੰਨਣਾ ਹੈ ਕਿ ਉਹ ਜੇਐੱਨਯੂ ਵਿੱਚ ਸਭ ਤੋਂ ਵੱਡੀ ਇੱਕਲੌਤੀ ਪਾਰਟੀ ਵਜੋਂ ਉੱਭਰੀ ਹੈ।
ਖੱਬੀਆਂ ਧਿਰਾਂ ਵਿੱਚ ਆਈਸਾ, ਐੱਸਐੱਫਆਈ ਤੇ ਡੀਐੱਸਐੱਫ ਨੇ ਸਾਂਝੇ ਉਮੀਦਵਾਰ ਖੜ੍ਹੇ ਕਰਕੇ ਆਪਣਾ ਵੋਟ ਬੈਂਕ ਸਾਂਭੀ ਰੱਖਿਆ। ਮੰਨਿਆ ਜਾਂਦਾ ਹੈ ਕਿ ਇਸ ‘ਵਰਸਿਟੀ ਵਿੱਚ ਖੱਬੀਆਂ ਧਿਰਾਂ ਦਾ ਜ਼ਿਆਦਾਤਰ ਬੋਲ-ਬਾਲਾ ਰਿਹਾ ਹੈ। ਜੇਐੱਨਯੂ ਦੀ ਆਮ ਬਹਿਸ ਵਿੱਚ ਜ਼ੋਰਦਾਰ ਪ੍ਰਚਾਰ ਕਰਕੇ ਚਰਚਾ ਵਿੱਚ ਆਏ ਆਜ਼ਾਦ ਉਮੀਦਵਾਰ ਫਾਰੂਕ ਐਮਡੀ ਆਲਮ ਨੇ 419 ਵੋਟਾਂ ਲੈ ਕੇ ਹਾਜ਼ਰੀ ਲਾਈ।
ਐਨਐਸਯੂਆਈ ਦੇ ਪ੍ਰਧਾਨਗੀ ਲਈ ਉਮੀਦਵਾਰ ਵ੍ਰਿਸ਼ਨਿਕਾ ਸਿੰਘ ਨੂੰ ਸਿਰਫ਼ 82 ਵੋਟਾਂ ਮਿਲੀਆਂ ਜੋ ਨੋਟਾ (127 ਵੋਟਾਂ) ਤੋਂ ਵੀ ਘੱਟ ਰਹੀਆਂ। ਜੇਐਨਯੂ ਦੇ ਲਾਪਤਾ ਵਿਦਿਆਰਥੀ ਨਜੀਬ ਨਾਲ ਉਲਝਣ ਦੇ ਕਥਿਤ ਦੋਸ਼ਾਂ ਵਿੱਚ ਸ਼ਾਮਲ ਮੰਨੇ ਜਾਂਦੇ ਏਬੀਵੀਪੀ ਉਮੀਦਵਾਰ ਅੰਕਿਤ ਰਾਏ ਨੂੰ ਕੌਂਸਲਰ ਦੇ ਮੁਕਾਬਲੇ ਵਿੱਚ ਤੀਜੀ ਥਾਂ ਹੀ ਮਿਲੀ।