ਕਰਨਾਟਕ ਸਰਕਾਰ ਵਲੋਂ ਕਿਰਪਾਨ ‘ਤੇ ਰੋਕ ਲਾਈ ਰੋਕ ਹਟਾਉਣ ਦੀ ਮੰਗ

ਕਰਨਾਟਕ ਸਰਕਾਰ ਵਲੋਂ ਕਿਰਪਾਨ ‘ਤੇ ਰੋਕ ਲਾਈ ਰੋਕ ਹਟਾਉਣ ਦੀ ਮੰਗ

ਕੈਪਸ਼ਨ-ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਲਾਹਕਾਰ ਕਮੇਟੀ ਦੇ ਮੈਂਬਰਾਂ ਨਾਲ ਬੈਠਕ ਕਰਦੇ ਹੋਏ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕਰਨਾਟਕ ਸਰਕਾਰ ਵੱਲੋਂ ਕਿਰਪਾਨ ‘ਤੇ ਲਾਈ ਗਈ ਰੋਕ ਨੂੰ ਹਟਾਉਣ ਲਈ ਤੁਰੰਤ ਯੋਗ ਕਾਰਵਾਈ ਕਰਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਨਾਟਕ ਸਰਕਾਰ ਵੱਲੋਂ ਸਿੱਖਾਂ ਦੇ ਕਿਰਪਾਨ ਪਹਿਨਣ ‘ਤੇ ਲਗਾਈ ਗਈ ਪਾਬੰਦੀ ਦੀ ਨਿੰਦਾ ਕਰਦਿਆਂ ਕਿਹਾ ਕਿ ਸੰਵਿਧਾਨ ਦੀ ਧਾਰਾ 25 ਤਹਿਤ ਧਰਮ ਦੀ ਆਜ਼ਾਦੀ ਦੇ ਨਿਯਮਾਂ ਅਨੁਸਾਰ ਸਿੱਖਾਂ ਨੂੰ ਸਮੁੱਚੇ ਭਾਰਤ ਵਿੱਚ ਕਿਰਪਾਨ ਪਹਿਨਣ ਦੀ ਖੁੱਲ੍ਹ ਮਿਲੀ ਹੋਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸੰਜੀਦਗੀ ਨਾਲ ਕਾਰਵਾਈ ਕਰੇ ਤਾਂ ਜੋ ਕਰਨਾਟਕ ਸਰਕਾਰ ਦੇ ਰਵੱਈਏ ਕਾਰਨ ਸਿੱਖਾਂ ਵਿੱਚ ਫੈਲ ਰਹੀ ਪੱਖਪਾਤ ਦੀ ਭਾਵਨਾ ਖ਼ਤਮ ਹੋ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਸ਼੍ਰੋਮਣੀ ਕਮੇਟੀ ਇਸ ਮਸਲੇ ਸਬੰਧੀ ਕਰਨਾਟਕ ਸਰਕਾਰ ਨਾਲ ਗੱਲਬਾਤ ਕਰੇਗੀ।
ਪ੍ਰੋ. ਬਡੂੰਗਰ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦੇ ਮਾਮਲਿਆਂ ਵਿੱਚ ਉਹ ਕੇਂਦਰ ਸਰਕਾਰ ਨੂੰ ਕਈ ਪੱਤਰ ਲਿਖ ਚੁੱਕੇ ਹਨ ਪ੍ਰੰਤੂ ਸਰਕਾਰ ਨੇ ਅਜੇ ਤੱਕ ਗੰਭੀਰਤਾ ਨਹੀਂ ਦਿਖਾਈ।
ਅਕਾਲ ਤਖ਼ਤ ਪੁੱਜਦੇ ਮਸਲਿਆਂ ਸਬੰਧੀ ਕਮੇਟੀ ਦੀ  ਪਲੇਠੀ ਮੀਟਿੰਗ
ਪਟਿਆਲਾ :  ਸ੍ਰੀ ਅਕਾਲ ਤਖ਼ਤ ਵਿਖੇ ਪੁੱਜਦੇ ਪੰਥਕ ਮਸਲਿਆਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ 11 ਮੈਂਬਰੀ ਸਲਾਹਕਾਰ ਕਮੇਟੀ ਦੀ ਇੱਥੇ ਪਲੇਠੀ ਮੀਟਿੰਗ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੌਰਾਨ ਨਿਰਣਾ ਲਿਆ ਗਿਆ ਕਿ ਧਰਮ ਪ੍ਰਚਾਰ ਕਮੇਟੀ ਰਾਹੀਂ ਸਮੁੱਚੇ ਮਾਮਲਿਆਂ ਨੂੰ ਕਮੇਟੀ ਮੈਂਬਰਾਂ ਤੱਕ ਏਜੰਡੇ ਦੇ ਰੂਪ ਵਿੱਚ ਪਹੁੰਚਾਇਆ ਜਾਵੇਗਾ। ਇਸ ਤੋਂ ਬਾਅਦ ਇਹ ਮਾਮਲੇ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰੇ ਜਾਣ ਤੋਂ ਬਾਅਦ ਸਿੰਘ ਸਾਹਿਬਾਨ ਤੱਕ ਅੰਤਿਮ ਨਿਰਣੇ ਲਈ ਪਹੁੰਚਾਏ ਜਾਣਗੇ। ਮੀਟਿੰਗ ਦੌਰਾਨ ਮੈਂਬਰਾਂ ਅਤੇ ਬੁੱਧੀਜੀਵੀਆਂ ਨੇ ਕਮੇਟੀ ਦੇ ਕਾਰਜ ਖੇਤਰ ਅਤੇ ਅਧਿਕਾਰਾਂ ਬਾਰੇ ਸੁਝਾਅ ਦਿੱਤੇ।  ਪ੍ਰੋ. ਬਡੂੰਗਰ ਨੇ ਕਿਹਾ ਕਿ ਕੌਮਾਂਤਰੀ ਪੱਧਰ ਉੱਤੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਸੰਦਰਭ ਵਿੱਚ ਕਮੇਟੀ ਨੂੰ ਕੰਮ ਕਰਨ ਦੀ ਲੋੜ ਹੈ ਅਤੇ ਅਹਿਮ ਮਸਲੇ ਵੀ ਪੰਜ ਸਿੰਘ ਸਾਹਿਬਾਨ ਤੱਕ ਪਹੁੰਚਾਏ ਜਾਣੇ ਚਾਹੀਦੇ ਹਨ।