ਪਾਕਿਸਤਾਨ ਵਿਚ ਹੀ ਹੈ ਦਾਊਦ : ਇਕਬਾਲ ਕਾਸਕਰ

ਪਾਕਿਸਤਾਨ ਵਿਚ ਹੀ ਹੈ ਦਾਊਦ : ਇਕਬਾਲ ਕਾਸਕਰ

‘ਅਮਰੀਕਾ ਤੇ ਅਫ਼ਰੀਕਾ ‘ਚ ਫੈਲਾ ਰਿਹੈ ਡਰੱਗ ਦਾ ਧੰਦਾ’
ਮੁੰਬਈ/ਬਿਊਰੋ ਨਿਊਜ਼ :
ਭਾਰਤ ਵਿਚੋਂ ਭਗੌੜੇ 2003 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਪਾਕਿਸਤਾਨ ਵਿਚਲੇ ਟਿਕਾਣੇ ਦਾ ਪਤਾ ਲੱਗ ਗਿਆ ਹੈ। ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੇ ਭਰਾ ਇਕਬਾਲ ਕਾਸਕਰ ਨੇ ਕੀਤਾ ਹੈ। ਪੁਲੀਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਇਕਬਾਲ ਕਾਸਕਰ ਨੇ ਦੱਸਿਆ ਕਿ ਦਾਊਦ ਇਬਰਾਹੀਮ ਪਾਕਿਸਤਾਨ ਵਿਚ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨ ਵਿਚ ਦਾਊਦ ਇਬਰਾਹੀਮ ਦੀ ਸੁਰੱਖਿਆ ਵਿਚ 50 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇਕਬਾਲ ਕਾਸਕਰ ਨੇ ਦੱਸਿਆ ਕਿ 2014 ਦੇ ਬਾਅਦ ਤੋਂ ਹੀ ਪਾਕਿਸਤਾਨ ਦੇ ਅੰਦਰ ਹੀ ਦਾਊਦ ਨੇ ਚਾਰ ਟਿਕਾਣੇ ਬਦਲੇ ਹਨ।
ਇਕਬਾਲ ਕਾਸਕਰ ਨੇ ਦੱਸਿਆ ਕਿ ਦਾਊਦ ਇਨ੍ਹੀਂ ਦਿਨੀਂ ਡਰੱਗ ਦੇ ਧੰਦੇ ਵਿਚ ਪੈਸੇ ਲਗਾ ਰਿਹਾ ਹੈ। ਉਸ ਨੇ ਦੱਸਿਆ ਕਿ ਦਾਊਦ ਲਾਤੀਨੀ ਅਮਰੀਕਾ ਅਤੇ ਅਫ਼ਰੀਕੀ ਦੇਸ਼ਾਂ ਵਿਚ ਆਪਣੇ ਕਾਰੋਬਾਰ ਨੂੰ ਫੈਲਾਅ ਰਿਹਾ ਹੈ। ਉਸ ਨੇ ਸਥਾਨਕ ਡਰੱਗ ਸਪਲਾਈ ਕਰਨ ਵਾਲਿਆਂ ਨਾਲ ਗਠਜੋੜ ਕਰ ਲਿਆ ਹੈ। ਅਫ਼ਗਾਨਿਸਤਾਨ ਦੇ ਨਾਲ ਪਾਕਿਸਤਾਨ ਦੇ ਸਬੰਧ ਵਿਗੜਨ ਦੇ ਬਾਅਦ ਦਾਊਦ ਨੇ ਅਫ਼ਰੀਕੀ ਦੇਸ਼ਾਂ ਨੂੰ ਆਪਣੇ ਕਾਲੇ ਧੰਦੇ ਦਾ ਨਵਾਂ ਟਿਕਾਣਾ ਬਣਾਇਆ ਹੈ। ਦਾਊਦ ਦੀ ਡੀ ਕੰਪਨੀ ਨੇ ਪੂਰੀ ਦੁਨੀਆ ਵਿਚ ਕਰੀਬ 20 ਹਜ਼ਾਰ ਕਰੋੜ ਦਾ ਕਾਰੋਬਾਰ ਖੜ੍ਹਾ ਕਰ ਲਿਆ ਹੈ।
ਅਫ਼ਗਾਨਿਸਤਾਨ, ਰੂਸ ਅਤੇ ਇੰਗਲੈਂਡ ਵਿਚ ਵੀ ਦਾਊਦ ਦਾ ਕਾਰੋਬਾਰ ਹੈ। ਚੀਨ ਵਿਚ ਕੱਪੜਿਆਂ ਦੇ ਕਾਰੋਬਾਰ ‘ਚ ਵੀ ਦਾਊਦ ਨੇ ਨਿਵੇਸ਼ ਕੀਤਾ ਹੈ। ਨਿਪਾਲ ਦੀਆਂ ਬੈਂਕਾਂ ਅਤੇ ਸ਼ੇਅਰ ਬਾਜ਼ਾਰ ਵਿਚ ਵੀ ਉਹ ਨਿਵੇਸ਼ ਕਰਦਾ ਹੈ। ਡੀ ਕੰਪਨੀ ਨੇ ਨਾਈਜੀਰੀਆ ਵਿਚ ਬੋਕੋ ਹਰਮ ਨਾਲ ਹੱਥ ਮਿਲਾਇਆ ਹੈ। ਪੱਛਮੀ ਏਸ਼ੀਆ ਦੇ ਸ਼ਾਪਿੰਗ ਮਾਲਜ਼, ਸੀਮੈਂਟ ਕੰਪਨੀਆਂ ਅਤੇ ਤੇਲ ਕੰਪਨੀਆਂ ਵਿਚ ਪੈਸੇ ਲਗਾਏ ਹਨ। ਕਰਾਚੀ ਸਟਾਕ ਐਕਸਚੇਂਜ ਅਤੇ ਪਾਕਿਸਤਾਨੀ ਕੰਸਟ੍ਰਕਸ਼ਨ ਕੰਪਨੀਆਂ ਵਿਚ ਵੀ ਨਿਵੇਸ਼ ਕੀਤਾ ਹੈ।
ਭਾਰਤ ਆਉਣਾ ਚਾਹੁੰਦਾ ਹੈ ਦਾਊਦ, ਕੇਂਦਰ ਲਾਹਾ ਖੱਟਣ ਦੇ ਰੌਂਅ ‘ਚ : ਰਾਜ ਠਾਕਰੇ
ਮੁੰਬਈ : ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐਮ ਐਨ ਐਸ) ਦੇ ਪ੍ਰਧਾਨ ਰਾਜ ਠਾਕਰੇ ਨੇ ਦਾਅਵਾ ਕੀਤਾ ਕਿ ਦਾਊਦ ਇਬਰਾਹੀਮ ਭਾਰਤ ਵਾਪਸ ਆਉਣਾ ਚਾਹੁੰਦਾ ਹੈ ਅਤੇ ਇਸ ਸਬੰਧੀ ਉਹ ਕੇਂਦਰ ਦੇ ਸੰਪਰਕ ਵਿਚ ਹੈ ਅਤੇ ਕੇਂਦਰ ਉਸ ਦੇ ਵਾਪਸ ਆਉਣ ਦਾ ਸਿਹਰਾ ਆਪਣੇ ਸਿਰ ਲੈਣਾ ਚਾਹੁੰਦਾ ਹੈ। ਰਾਜ ਠਾਕਰੇ ਨੇ ਕਿਹਾ ਕਿ ਦਾਊਦ ਹੁਣ ਸਰੀਰਕ ਤੌਰ ‘ਤੇ ਅਪਾਹਜ ਹੋ ਚੁੱਕਾ ਹੈ। ਉਹ ਭਾਰਤ ਵਾਪਸ ਆਉਣ ਲਈ ਕੇਂਦਰ ਸਰਕਾਰ ਦੇ ਸੰਪਰਕ ਵਿਚ ਹੈ ਅਤੇ ਸਰਕਾਰ ਚੋਣਾਂ ਤੋਂ ਪਹਿਲਾਂ ਉਸ ਨੂੰ ਵਾਪਸ ਲਿਆ ਕੇ ਇਸ ਦਾ ਵੋਟਾਂ ਵਿਚ ਲਾਭ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਮਜ਼ਾਕ ਨਹੀਂ ਕਰ ਰਿਹਾ, ਤੁਹਾਨੂੰ ਇਸ ਸਚਾਈ ਦਾ ਬਾਅਦ ਵਿਚ ਅਹਿਸਾਸ ਹੋਵੇਗਾ।