ਬਨਾਰਸ ਹਿੰਦੂ ਯੂਨੀਵਰਸਿਟੀ ‘ਚ ਹਿੰਸਾ

ਬਨਾਰਸ ਹਿੰਦੂ ਯੂਨੀਵਰਸਿਟੀ ‘ਚ ਹਿੰਸਾ

ਪੁਲੀਸ ਵਲੋਂ ਅੰਦੋਲਨਕਾਰੀ ਵਿਦਿਆਰਥਣਾਂ ਉੱਤੇ ਲਾਠੀਚਾਰਜ
ਦੌਰਾਨ ਦੋ ਪੱਤਰਕਾਰਾਂ ਸਮੇਤ ਕਈ ਵਿਦਿਆਰਥਣਾਂ ਜ਼ਖ਼ਮੀ
ਵਾਰਾਣਸੀ (ਯੂ.ਪੀ.)/ਬਿਊਰੋ ਨਿਊਜ਼:
ਬਨਾਰਸ ਹਿੰਦੂ ਯੂਨੀਵਰਸਿਟੀ ਕੈਂਪਸ (ਬੀ.ਐਚ.ਯੂ.) ‘ਚ ਕਥਿਤ ਤੌਰ ‘ਤੇ ਛੇੜਛਾੜ ਦੀ ਘਟਨਾ ਦੇ ਵਿਰੋਧ ‘ਚ ਬੀਤੀ ਰਾਤ ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ‘ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ‘ਚ ਦੋ ਪੱਤਰਕਾਰਾਂ ਸਮੇਤ ਕਈ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ ਹਨ। ਪੁਲਿਸ ਸੂਤਰਾ ਅਨੁਸਾਰ ਇਨ੍ਹਾਂ ਝੜਪਾਂ ਦੌਰਾਨ ਕੁਝ ਪੁਲਿਸ ਕਰਮੀ ਵੀ ਜ਼ਖ਼ਮੀ ਹੋ ਗਏ ਹਨ। ਇਸ ਹਿੰਸਾ ਦੇ ਮੱਦੇਨਜ਼ਰ ਯੂਨੀਵਰਸਿਟੀ ਨੇ 25 ਸਤੰਬਰ ਤੋਂ 28 ਸਤੰਬਰ ਤੱਕ ਕੀਤੀਆਂ ਛੁੱਟੀਆਂ ਨੂੰ 2 ਅਕਤੂਬਰ ਤੱਕ ਵਧਾ ਦਿੱਤਾ ਹੈ। ਦਰਅਸਲ ਸਾਰਾ ਮਾਮਲਾ ਇਹ ਹੈ ਕਿ ਵੀਰਵਾਰ ਦੀ ਸ਼ਾਮ 7 ਵਜੇ ਦੇ ਕਰੀਬ ਜਦੋਂ ਇਕ ਵਿਦਿਆਰਥਣ ਆਪਣੇ ਹੋਸਟਲ ਵੱਲ ਜਾ ਰਹੀ ਸੀ ਤਾਂ ਕੁਝ ਲੜਕਿਆਂ ਨੇ ਉਸ ਨਾਲ ਛੇੜ-ਛਾੜ ਕੀਤੀ। ਵਿਦਿਆਰਥਣ ਨੇ ਮਦਦ ਲਈ ਗੁਹਾਰ ਲਗਾਈ ਪਰ ਕੋਈ ਮਦਦ ਕਰਨ ਲਈ ਨਹੀਂ ਆਇਆ। ਵਿਦਿਆਰਥਣ ਦਾ ਕਹਿਣਾ ਸੀ ਕਿ ਥੋੜ੍ਹੀ ਦੂਰੀ ‘ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਵਿਦਿਆਰਥਣ ਨੂੰ ਇਸ ਛੇੜਛਾੜ ਤੋਂ ਬਚਾਉਣ ਲਈ ਕੁਝ ਨਹੀਂ ਕੀਤਾ। ਇਸ ਘਟਨਾ ਦੇ ਥੋੜ੍ਹੀ ਦੇਰ ਬਾਅਦ ਕੁਝ ਵਿਦਿਆਰਥਣਾਂ ਗਰਲਜ਼ ਹੋਸਟਲ ‘ਚ ਧਰਨੇ ‘ਤੇ ਬੈਠ ਗਈਆਂ। ਪਿਛਲੇ ਤਿੰਨ ਦਿਨਾਂ ਤੋਂ ਵਿਦਿਆਰਣਾਂ ਵਲੋਂ ਵਿਰੋਧ ਪ੍ਰਦਰਸ਼ਨ ਜਾਰੀ ਸੀ। ਸੂਤਰਾਂ ਅਨੁਸਾਰ ਇਹ ਹਿੰਸਾ ਉਸ ਸਮੇਂ ਵਧ ਗਈ ਜਦੋਂ ਕੁਝ ਵਿਦਿਆਰਥਣਾਂ ਵੀਰਵਾਰ ਨੂੰ ਵਾਪਰੀ ਛੇੜਛਾੜ ਦੀ ਘਟਨਾ ਦੇ ਵਿਰੋਧ ‘ਚ ਕੱਲ੍ਹ ਰਾਤ ਉੱਪ ਕੁਲਪਤੀ (ਵੀ.ਸੀ.) ਨੂੰ ਉਸ ਦੀ ਰਿਹਾਇਸ਼ ‘ਤੇ ਮਿਲਣ ਲਈ ਗਈਆਂ ਸਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਬੀ.ਐਚ.ਯੂ. ਦੇ ਇਕ ਬੁਲਾਰੇ ਨੇ ਕਿਹਾ ਕਿ ਕੁਝ ਵਿਦਿਆਰਥਣਾਂ ਜ਼ਬਰਦਸਤੀ ਉੱਪ ਕੁਲਪਤੀ ਦੀ ਰਿਹਾਇਸ਼ ‘ਚ ਦਾਖ਼ਲ ਹੋਣਾ ਚਾਹੁੰਦੀਆਂ ਸਨ ਪਰ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਬਾਅਦ ‘ਚ ਵਿਦਿਆਰਥਣਾਂ ਨਾਲ ਸਬੰਧਤ ਕੁਝ ਬਾਹਰੀ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਕਾਰਨ ਪੁਲਿਸ ਨੂੰ ਸਥਿਤੀ ‘ਤੇ ਕਾਬੂ ਪਾਉਣ ਲਈ ਲਾਠੀਚਾਰਜ ਕਰਨਾ ਪਿਆ। ਪੱਤਰਕਾਰਾਂ ‘ਤੇ ਹੋਏ ਲਾਠੀਚਾਰਜ ਦਾ ਕੁਝ ਲੋਕਾਂ ਨੇ ਲਖਨਊ ‘ਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕੁਝ ਲੋਕਾਂ ਨੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਬੈਠ ਕੇ ਵਿਰੋਧ ਜਤਾਇਆ। ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ ‘ਚ ਵਾਪਰੀ ਲਾਠੀਚਾਰਜ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸੱਤਾਧਾਰੀ ਪਾਰਟੀ ਵਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਵਾਂ ਰੂਪ ਪੇਸ਼ ਕੀਤਾ ਗਿਆ ਹੈ।
ਰਾਜ ਬੱਬਰ ਤੇ ਪੂਨੀਆਂ ਸਮੇਤ ਕਾਂਗਰਸੀ ਆਗੂ ਹਿਰਾਸਤ ‘ਚ
ਇਸੇ ਦੌਰਾਨ ਬਨਾਰਸ ਹਿੰਦੂ ਯੂਨੀ: ਦਾ ਦੌਰਾ ਕਰਨ ਦੀ ਕੋਸ਼ਿਸ਼ ਕਰ ਰਹੇ ਕਾਂਗਰਸੀ ਆਗੂ ਰਾਜ ਬੱਬਰ ਤੇ ਪੀ.ਐਸ. ਪੂਨੀਆ ਨੂੰ ਸੈਂਕੜੇ ਸਮਰੱਥਕਾਂ ਸਮੇਤ ਪੁਲੀਸ ਨੇ ਹਿਰਾਸਤ ‘ਚ ਲੈ ਲਿਆ.