ਰੋਹਿੰਗੀਆ ਖ਼ਿਲਾਫ਼ ਮੁਹਿੰਮ ਕਾਰਨ ਔਕਸਫੋਰਡ ਨੇ ਸੂ ਕੀ ਦੀ ਤਸਵੀਰ ਹਟਾਈ

ਰੋਹਿੰਗੀਆ ਖ਼ਿਲਾਫ਼ ਮੁਹਿੰਮ ਕਾਰਨ ਔਕਸਫੋਰਡ ਨੇ ਸੂ ਕੀ ਦੀ ਤਸਵੀਰ ਹਟਾਈ

ਲੰਡਨ/ਬਿਊਰੋ ਨਿਊਜ਼ :
ਔਕਸਫੋਰਡ ਯੂਨੀਵਰਸਿਟੀ ਕਾਲਜ ਨੇ ਆਂਗ ਸਾਂ ਸੂ ਕੀ ਦੀ ਪੇਂਟਿੰਗ ਆਪਣੇ ਮੁੱਖ ਦੁਆਰ ਤੋਂ ਹਟਾ ਦਿੱਤੀ ਹੈ। ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਕਾਰਨ ਮਿਆਂਮਾਰ ਆਗੂ ਦੀ ਹੋ ਰਹੀ ਆਲੋਚਨਾ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਜਾਪਦੀ ਹੈ। ਸੂ ਕੀ ਨੇ ਸੇਂਟ ਹਿਊ’ਜ਼ ਕਾਲਜ ਤੋਂ 1967 ਵਿਚ ਗਰੈਜੁਏਸ਼ਨ ਕੀਤੀ ਸੀ ਅਤੇ 1999 ਵਿਚ ਉਸ ਦੀ ਤਸਵੀਰ ਕਾਲਜ ਦੇ ਮੁੱਖ ਦੁਆਰ ‘ਤੇ ਲਾਈ ਗਈ ਸੀ। ਕਲਾਕਾਰ ਚੇਨ ਯਾਨਿੰਗ ਨੇ 1997 ਵਿਚ ਇਹ ਪੇਂਟਿੰਗ ਬਣਾਈ ਸੀ ਅਤੇ ਇਹ ਸੂ ਕੀ ਦੇ ਪਤੀ ਔਕਸਫੋਰਡ ਪ੍ਰੋਫ਼ੈਸਰ ਮਾਈਕਲ ਏਰਿਸ ਕੋਲ ਸੀ ਅਤੇ ਉਨ੍ਹਾਂ ਦੀ ਮੌਤ ਮਗਰੋਂ ਇਹ ਤਸਵੀਰ ਕਾਲਜ ਨੂੰ ਦੇ ਦਿੱਤੀ ਗਈ ਸੀ। ਕਾਲਜ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਸੇ ਮਹੀਨੇ ਨਵੀਂ ਪੇਂਟਿੰਗ ਮਿਲੀ ਹੈ ਜਿਸ ਨੂੰ ਹੁਣ ਦਰਸਾਇਆ ਜਾਵੇਗਾ ਅਤੇ ਆਂਗ ਸਾਂ ਸੂ ਕੀ ਦੀ ਪੇਂਟਿੰਗ ਨੂੰ ਹਟਾ ਕੇ ਸਟੋਰ ਵਿਚ ਰੱਖ ਦਿੱਤਾ ਗਿਆ ਹੈ। ਪੇਂਟਿੰਗ ਨੂੰ ਹਟਾਉਣ ਬਾਰੇ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ ਪਰ ਨਵਾਂ ਅਕੈਡਮਿਕ ਵਰ੍ਹਾ ਸ਼ੁਰੂ ਹੋਣ ਤੋਂ ਪਹਿਲਾਂ ਇਸ ਨੂੰ ਖੁੱਡੇ ਲਾਇਆ ਗਿਆ ਹੈ। ਬਰਮਾ ਮੁਹਿੰਮ ਯੂਕੇ ਗਰੁੱਪ ਦੇ ਡਾਇਰੈਕਟਰ ਮਾਰਕ ਫਾਰਮੈਨਰ ਨੇ ਅਖ਼ਬਾਰ ਗਾਰਜੀਅਨ ਨੂੰ ਦੱਸਿਆ ਕਿ ਜੇਕਰ ਆਂਗ ਸਾਂ ਸੂ ਕੀ ਦੀ ਤਸਵੀਰ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਕਾਰਵਾਈ ਤਹਿਤ ਹਟਾਈ ਗਈ ਹੈ ਤਾਂ ਉਨ੍ਹਾਂ ਨੂੰ ਖੁਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪੱਤਰ ਲਿਖ ਕੇ ਸੂ ਕੀ ਨੂੰ ਮਨੁੱਖੀ ਹੱਕਾਂ ਦਾ ਸਨਮਾਨ ਕਰਨ ਲਈ ਆਖਣਾ ਚਾਹੀਦਾ ਹੈ।