‘ਆਪ’ ਦਾ ਅਪਣੇ ਕੁਮਾਰ ਤੋਂ ਉਠਿਆ ‘ਵਿਸ਼ਵਾਸ’

‘ਆਪ’ ਦਾ ਅਪਣੇ ਕੁਮਾਰ ਤੋਂ ਉਠਿਆ ‘ਵਿਸ਼ਵਾਸ’

ਨਵੀਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਗੋਪਾਲ ਰਾਏ ਰਾਜ ਸਭਾ ਲਈ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦੇ ਹੋਏ।
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਤੋਂ ਰਾਜ ਸਭਾ ਲਈ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਪਾਰਲੀਮਾਨੀ ਮਾਮਲਿਆਂ ਬਾਰੇ ਕਮੇਟੀ ਦੀ ਬੈਠਕ ਦੌਰਾਨ ਸੀਨੀਅਰ ਆਗੂ ਸੰਜੇ ਸਿੰਘ, ਨਰਾਇਣ ਦਾਸ ਗੁਪਤਾ ਅਤੇ ਸੁਸ਼ੀਲ ਗੁਪਤਾ ਦੇ ਨਾਵਾਂ ‘ਤੇ ਮੋਹਰ ਲਾ ਦਿੱਤੀ ਗਈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ‘ਚ ਤਿੰਨਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਦੇਸ਼ ਭਰ ਤੋਂ 18 ਲੋਕਾਂ ਦੇ ਨਾਂ ਮਿਲੇ ਸਨ ਜਿਨ੍ਹਾਂ ਵਿੱਚੋਂ 11 ਉਪਰ ਕਮੇਟੀ ਅੰਦਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰੰਜੇ ਸਿੰਘ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਦਾ ਸਾਰਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। ਨਰਾਇਣ ਦਾਸ ਗੁਪਤਾ ਸੀਏ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਆਰਥਿਕਤਾ ਸਬੰਧੀ ਸੰਸਥਾਵਾਂ ਨਾਲ ਜੁੜੇ ਰਹੇ ਹਨ ਜਿਨ੍ਹਾਂ ਭਾਰਤ ਸਰਕਾਰ ਨਾਲ ਮਿਲ ਕੇ ਵੱਡੇ ਪੱਧਰ ‘ਤੇ ਆਰਥਿਕ ਨੀਤੀਆਂ ਬਣਾਉਣ ਵਿੱਚ ਸਹਿਯੋਗ ਦਿੱਤਾ ਸੀ। ਤੀਜੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਸਿੱਖਿਆ ਤੇ ਡਾਕਟਰੀ ਖੇਤਰ ਨਾਲ ਜੁੜੇ ਹੋਏ ਹਨ ਜਿਨ੍ਹਾਂ ਦਾ ਦਿੱਲੀ ਤੇ ਹਰਿਆਣਾ ਵਿੱਚ ਕਾਫੀ ਯੋਗਦਾਨ ਹੈ ਜੋ 15 ਹਜ਼ਾਰ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਹੇ ਹਨ ਅਤੇ ਚਾਰ ਚੈਰੀਟੇਬਲ ਹਸਪਤਾਲ ਚਲਾ ਰਹੇ ਹਨ। ਸ੍ਰੀ ਸਿਸੋਦੀਆ ਨੇ ਦੱਸਿਆ ਕਿ ਬੈਠਕ ਵਿੱਚ ਸੰਜੇ ਸਿੰਘ ਤੇ ਡਾ. ਕੁਮਾਰ ਵਿਸ਼ਵਾਸ ਨੂੰ ਨਹੀਂ ਸੱਦਿਆ ਗਿਆ ਸੀ ਕਿਉਂਕਿ ਡਾ. ਕੁਮਾਰ ਨੇ ਰਾਜ ਸਭਾ ਲਈ ਦਾਅਵਾ ਕੀਤਾ ਸੀ ਅਤੇ ਸੰਜੇ ਸਿੰਘ ਦੇ ਨਾਂ ਬਾਰੇ ਚਰਚਾ ਕੀਤੀ ਜਾਣੀ ਸੀ। ਕਈ ਹੋਰ ਨਾਵਾਂ ਉਪਰ ਵੀ ਚਰਚਾ ਹੋਈ ਪਰ ਪਾਰਟੀ ਅੰਦਰੋਂ ਸੰਜੇ ਸਿੰਘ ਦੇ ਨਾਂ ‘ਤੇ ਸਹਿਮਤੀ ਬਣੀ। ਸੂਤਰਾਂ ਮੁਤਾਬਕ ਪਾਰਟੀ ਦੇ ਲੋਕਾਂ ਨੂੰ ਹੀ ਰਾਜ ਸਭਾ ‘ਚ ਭੇਜਣ ਬਾਰੇ ਚਰਚਾ ਹੋਈ ਪਰ ਅਰਵਿੰਦ ਕੇਜਰੀਵਾਲ ਚਾਹੁੰਦੇ ਸਨ ਕਿ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟ ਚੁੱਕੇ ਵਿਅਕਤੀਆਂ ਨੂੰ ਹੀ ਉਪਰਲੇ ਸਦਨ ‘ਚ ਭੇਜਿਆ ਜਾਵੇ।

‘ਆਪ’ ਦੀ ਭੰਡੀ ਕਰਨ ਬਦਲੇ
ਸੁਸ਼ੀਲ ਗੁਪਤਾ ਨੂੰ ‘ਇਨਾਮ’
ਨਵੀਂ ਦਿੱਲੀ: ਸੁਸ਼ੀਲ ਗੁਪਤਾ ਨੇ ‘ਆਪ’ ਖ਼ਿਲਾਫ਼ ਦਸਤਖ਼ਤ ਮੁਹਿੰਮ ਚਲਾਈ ਸੀ। ਮੁਹਿੰਮ ਦੌਰਾਨ ਦੋਸ਼ ਲਾਇਆ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਨੇ 854 ਕਰੋੜ ਰੁਪਏ ਦੀ ਜਨਤਾ ਦੀ ਕਮਾਈ ਆਪਣੇ ਪ੍ਰਚਾਰ ਵਿੱਚ ਲੁਟਾ ਦਿੱਤੀ। ਉਸ ਨੇ ਇਹ ਪੈਸਾ ਹਾਸਲ ਕਰਨ ਲਈ ‘ਵਸੂਲੀ ਦਿਵਸ’ ਵੀ ਮਨਾਇਆ ਸੀ। ਉਦੋਂ ਲਾਏ ਬੋਰਡਾਂ ਉਪਰ ਜ਼ਿਲ੍ਹਾ ਕਰੋਲ ਬਾਗ਼ ਕਾਂਗਰਸ ਕਮੇਟੀ ਤੇ ਦਿੱਲੀ ਸਟੇਟ ਟ੍ਰੇਡਰਸ ਕਾਂਗਰਸ ਦੇ ਆਗੂਆਂ ‘ਚ ਸੁਸ਼ੀਲ ਗੁਪਤਾ, ਮੁਰਲੀ ਮਣੀ, ਅਨਿਲ ਕੁਕਰੇਜਾ ਅਤੇ ਅਜੇ ਅਰੋੜਾ ਦੇ ਨਾਂ ਵੀ ਲਿਖੇ ਹੋਏ ਸਨ।

ਸੱਚ ਬੋਲਣ ਸਜ਼ਾ: ਵਿਸ਼ਵਾਸ
ਕੁਮਾਰ ਵਿਸ਼ਵਾਸ ਨੇ ਕਿਹਾ ਕਿ ਉਨ੍ਹਾਂ ਨੂੰ ਸਰਜੀਕਲ ਸਟ੍ਰਾਈਕ, ਟਿਕਟ ਵੰਡ ਵਿੱਚ ਗੜਬੜੀ ਅਤੇ ਜੇਐਨਯੂ ਵਰਗੇ ਮੁੱਦਿਆਂ ‘ਤੇ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ।  ਕੇਜਰੀਵਾਲ ‘ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਸੁਸ਼ੀਲ ਗੁਪਤਾ ਤੇ ਐਨ ਡੀ ਗੁਪਤਾ ਨੂੰ ‘ਅੰਦੋਲਨਕਾਰੀਆਂ ਦੀ ਆਵਾਜ਼ ਤੇ ਮਹਾਨ ਕ੍ਰਾਂਤੀਕਾਰੀ’ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨਾਲ ਸਹਿਮਤ ਹੋ ਕੇ ਪਾਰਟੀ ਵਿੱਚ ਜ਼ਿੰਦਾ ਰਹਿਣਾ ਸੰਭਵ ਨਹੀਂ ਹੈ।