ਪਾਕਿ ਦੀ ਅਮਰੀਕਾ ਨੂੰ ਸਬੰਧ ਵਿਗੜਣ ਦੀ ਚਿਤਾਵਨੀ

ਪਾਕਿ ਦੀ ਅਮਰੀਕਾ ਨੂੰ ਸਬੰਧ ਵਿਗੜਣ ਦੀ ਚਿਤਾਵਨੀ

ਇਸਲਾਮਾਬਾਦ/ਬਿਊਰੋ ਨਿਊਜ਼:
ਪਾਕਿਸਤਾਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ  ਵਾਸ਼ਿੰਗਟਨ ਵੱਲੋਂ ਜਾਰੀ ਕੀਤੇ ਜਾ ਰਹੇ ਬਿਆਨਾਂ ਕਾਰਨ ਦੋਹਾਂ ਦੇਸ਼ਾਂ ਦੇ ਲੰਮੇ ਸਮੇਂ ਤੋਂ ਸੁਖਾਵੇਂ ਚੱਲੇ ਆ ਰਹੇ ਸਬੰਧ ਖ਼ਰਾਬ ਹੋ ਸਕਦੇ ਹਨ। ਪ੍ਰਧਾਨ ਮੰਤਰੀ ਸ਼ਾਹਿਦ ਖੱਕਾਨ ਅੱਬਾਸੀ ਨੇ ਕੈਬਿਨਟ ਮੀਟਿੰਗ ਵਿੱਚ  ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੇ ਉਸ ਬਿਆਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ‘ਚ ਉਨ੍ਹਾਂ ਕਿਹਾ ਸੀ ਿਕ ਅਮਰੀਕਾ ਵੱਲੋਂ ਦਿੱਤੀ ਗਈ 33 ਅਰਬ ਡਾਲਰ ਦੀ ਮਦਦ ਬਦਲੇ ਪਾਕਿਸਤਾਨ ਨੇ ਝੂਠ ਅਤੇ ਫਰੇਬ ਤੋਂ ਬਿਨਾਂ ਕੁਝ ਨਹੀਂ ਦਿੱਤਾ। ਕੈਬਨਿਟ ਮੀਟਿੰਗ ਤੋਂ ਬਾਅਦ ਜਾਰੀ ਿਬਆਨ ਵਿੱਚ ਕਿਹਾ ਗਿਆ ਕਿ ਅਤਿਵਾਦ ਵਿਰੁੱਧ ਲੜਾਈ ਲੜਦਿਆਂ ਪਾਕਿਸਤਾਨ ਨੇ ਮਨੁੱਖੀ ਜਾਨਾਂ ਸਮੇਤ ਆਰਥਿਕ ਮੁਹਾਜ਼ ‘ਤੇ ਵੀ ਵੱਡਾ ਨੁਕਸਾਨ ਝੱਲਿਆ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਪਾਕਿਸਤਾਨ ਦੀ ਵਿੱਤੀ ਮੱਦਦ ਬੰਦ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ।

ਪਾਕਿ ਨੇ ਮਦਦ ਲੈਣੀ ਹੈ ਤਾਂ ਦਹਿਸ਼ਤੀਆਂ
ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਕਰੇ

ਵਾਸ਼ਿੰਗਟਨ/ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼:
ਪਾਕਿਸਤਾਨ ‘ਤੇ ਅਤਿਵਾਦ ਖ਼ਿਲਾਫ਼ ਸਾਲਾਂ ਤੋਂ ਦੋਹਰੀ ਖੇਡ ਖੇਡਣ ਦਾ ਦੋਸ਼ ਲਾਉਂਦਿਆਂ ਅਮਰੀਕਾ ਨੇ ਸਪੱਸ਼ਟ ਕੀਤਾ ਕਿ ਇਸਲਾਮਾਬਾਦ ਨੂੰ ਆਪਣੀ ਧਰਤੀ ਤੋਂ ਦਹਿਸ਼ਤਗਰਦਾਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਕਰਨੀ ਪਏਗੀ ਤਾਂ ਹੀ ਉਹ ਕਰੋੜਾਂ ਡਾਲਰ ਦੀ ਅਮਰੀਕੀ ਸਹਾਇਤਾ ਦਾ ਹੱਕਦਾਰ ਬਣ ਸਕੇਗਾ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਵੇਂ ਵਰ੍ਹੇ ਦੇ ਪਹਿਲੇ ਦਿਨ ਕੀਤੇ ਗਏ ਟਵੀਟ ਮਗਰੋਂ ਅਮਰੀਕਾ ਦਾ ਇਹ ਸਖ਼ਤ ਸੁਨੇਹਾ ਆਇਆ ਹੈ। ਰਾਸ਼ਟਰਪਤੀ ਦੇ ਟਵੀਟ ਮਗਰੋਂ ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ ਸੀ ਕਿ ਅਮਰੀਕਾ ਨੇ ਪਾਕਿਸਤਾਨ ਨੂੰ 25.5 ਕਰੋੜ ਡਾਲਰ ਦੀ ਫ਼ੌਜੀ ਸਹਾਇਤਾ ਰੋਕ ਦਿੱਤੀ ਹੈ। ਸੰਯੁਕਤ ਰਾਸ਼ਟਰ ‘ਚ ਅਮਰੀਕੀ ਸਫ਼ੀਰ ਨਿੱਕੀ ਹੇਲੀ ਨੇ ਟਰੰਪ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਕਈ ਸਾਲਾਂ ਤੋਂ ਅਮਰੀਕਾ ਨਾਲ ਦੋਹਰੀ ਖੇਡ ਖੇਡੀ ਹੈ। ‘ਉਹ ਸਾਡੇ (ਅਮਰੀਕਾ) ਨਾਲ ਕੰਮ ਕਰਦਾ ਰਿਹਾ ਅਤੇ ਦਹਿਸ਼ਤਗਰਦਾਂ ਨੂੰ ਪਨਾਹ ਦਿੰਦਾ ਰਿਹਾ ਜੋ ਅਫ਼ਗਾਨਿਸਤਾਨ ‘ਚ ਸਾਡੀ ਫ਼ੌਜ ਨੂੰ ਨਿਸ਼ਾਨਾ ਬਣਾਉਂਦੇ ਸਨ।’ ਨਿਊ ਯਾਰਕ ‘ਚ ਸੰਯੁਕਤ ਰਾਸ਼ਟਰ ਦੇ ਸਦਰਮੁਕਾਮ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੇਲੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਪਾਕਿਸਤਾਨ ਤੋਂ ਅਤਿਵਾਦ ਖ਼ਿਲਾਫ਼ ਲੜਨ ਲਈ ਵੱਧ ਸਹਿਯੋਗ ਚਾਹੁੰਦਾ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਹੀਥਰ ਨੌਰਟ ਨੇ ਰੋਜ਼ਾਨਾ ਦੀ ਪ੍ਰੈੱਸ ਕਾਨਫਰੰਸ ਦੌਰਾਨ ਪਾਕਿਸਤਾਨ ਨੂੰ ਅਹਿਮ ਭਾਈਵਾਲ ਦੱਸਦਿਆਂ ਕਿਹਾ ਕਿ ਅਤਿਵਾਦ ਦੇ ਟਾਕਰੇ ਲਈ ਇਸਲਾਮਾਬਾਦ ਨੂੰ ਹੋਰ ਕਾਰਵਾਈ ਕਰਨੀ ਪਏਗੀ।

ਅਮਰੀਕਾ ਦਾ ਦਬਾਅ ਮੰਨਣ ਦਾ ਖੰਡਨ
ਲਾਹੌਰ: ਪਾਕਿਸਤਾਨ ਦੇ ਰੱਖਿਆ ਮੰਤਰੀ ਖੁੱਰਮ ਦਸਤਗੀਰ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਹਾਫ਼ਿਜ਼ ਸਈਦ ਦੀ ਅਗਵਾਈ ਹੇਠਲੀ ਜਮਾਤ-ਉਦ-ਦਾਵਾ ਅਤੇ ਫਲਾਹ-ਇ-ਇਨਸਾਨੀਅਤ ਫਾਊਂਡੇਸ਼ਨ ਖ਼ਿਲਾਫ਼ ਅਮਰੀਕਾ ਦੇ ਦਬਾਅ ਹੇਠ ਕਾਰਵਾਈ ਨਹੀਂ ਕੀਤੀ ਹੈ। ਦੋਵੇਂ ਜਥੇਬੰਦੀਆਂ ‘ਤੇ ਖ਼ੈਰਾਤ ਇਕੱਠੀ ਕਰਨ ਖ਼ਿਲਾਫ਼ ਪਾਕਿਸਤਾਨ ਨੇ ਸੋਮਵਾਰ ਨੂੰ ਪਾਬੰਦੀ ਲਗਾ ਦਿੱਤੀ ਸੀ। ਬੀਬੀਸੀ ਉਰਦੂ ਨੂੰ ਉਨ੍ਹਾਂ ਦੱਸਿਆ ਕਿ ਇਹ ਜਲਦਬਾਜ਼ੀ ‘ਚ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਇਹ ਕਾਰਵਾਈ ਪਿਛਲੇ ਸਾਲ ਸ਼ੁਰੂ ਕੀਤੇ ਗਏ ‘ਆਪਰੇਸ਼ਨ ਰਾਦੁਲ ਫ਼ਸਾਦ’ ਤਹਿਤ ਹੋਈ ਹੈ।