ਮੋਦੀ ਸਰਕਾਰ ਵਲੋਂ ‘ਦੁਸ਼ਮਣ’ ਜਾਇਦਾਦਾਂ ਨਿਲਾਮ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ

ਮੋਦੀ ਸਰਕਾਰ ਵਲੋਂ ‘ਦੁਸ਼ਮਣ’ ਜਾਇਦਾਦਾਂ ਨਿਲਾਮ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ

ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਰਤੀ ਗ੍ਰਹਿ ਮੰਤਰਾਲੇ ਵੱਲੋਂ 9400 ‘ਦੁਸ਼ਮਣ’ ਜਾਇਦਾਦਾਂ ਦੀ ਨਿਲਾਮੀ ਕਰਨ ਦਾ ਅਮਲ ਆਰੰਭਿਆ ਜਾ ਰਿਹਾ ਹੈ। ਇਕ ਲੱਖ ਕਰੋੜ ਰੁਪਏ ਮੁੱਲ ਤੋਂ ਵੱਧ ਦੀ ਜਾਇਦਾਦ ਦੀ ਪਛਾਣ ਸਬੰਧੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਇਦਾਦਾਂ ਉਨ੍ਹਾਂ ਲੋਕਾਂ ਦੀਆਂ ਹਨ ਜੋ ਪਾਕਿਸਤਾਨ ਅਤੇ ਚੀਨ ਦੀ ਨਾਗਰਿਕਤਾ ਹਾਸਲ ਕਰਨ ਮਗਰੋਂ ਇਨ੍ਹਾਂ ਨੂੰ ਪਿੱਛੇ ਛੱਡ ਗਏ ਸਨ। ਇਹ ਕਦਮ ਉਸ ਸਮੇਂ ਉਠਾਇਆ ਜਾ ਰਿਹਾ ਹੈ ਜਦੋਂ 49 ਸਾਲ ਪੁਰਾਣੇ ਦੁਸ਼ਮਣ ਜਾਇਦਾਦ (ਸੋਧ ਅਤੇ ਪ੍ਰਮਾਣੀਕਰਨ) ਐਕਟ ‘ਚ ਸੋਧ ਕੀਤੀ ਜਾ ਚੁੱਕੀ ਹੈ।
ਐਕਟ ਤਹਿਤ ਆਜ਼ਾਦੀ ਦੌਰਾਨ ਅਤੇ ਮਗਰੋਂ ਪਾਕਿਸਤਾਨ ਅਤੇ ਚੀਨ ਚਲੇ ਗਏ ਮਾਲਕਾਂ ਦਾ ਭਾਰਤ ‘ਚ ਰਹਿ ਗਈ ਜਾਇਦਾਦ ਦਾ ਹੁਣ ਕੋਈ ਦਾਅਵਾ ਨਹੀਂ ਰਿਹਾ। ਹੁਣੇ ਜਿਹੇ ਹੋਈ ਬੈਠਕ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ 6289 ਦੁਸ਼ਮਣ ਜਾਇਦਾਦਾਂ ਦਾ ਸਰਵੇਖਣ ਮੁਕੰਮਲ ਹੋ ਚੁਕਿਆ ਹੈ ਅਤੇ ਬਾਕੀ ਰਹਿੰਦੀਆਂ 2991 ਜਾਇਦਾਦਾਂ ਸਬੰਧੀ ਪੜਤਾਲ ਚਲ ਰਹੀ ਹੈ। ਗ੍ਰਹਿ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਜਾਇਦਾਦਾਂ ਸਬੰਧੀ ਕੋਈ ਵਿਵਾਦ ਨਹੀਂ ਹੈ, ਉਨ੍ਹਾਂ ਨੂੰ ਤੇਜ਼ੀ ਨਾਲ ਵੇਚਣ ਦਾ ਅਮਲ ਆਰੰਭਿਆ ਜਾਵੇ। ਇਕ ਅਧਿਕਾਰੀ ਨੇ ਕਿਹਾ ਕਿ 9400 ਜਾਇਦਾਦਾਂ ਦੀ ਅੰਦਾਜ਼ਨ ਕੀਮਤ ਕਰੀਬ ਇਕ ਲੱਖ ਕਰੋੜ ਰੁਪਏ ਹੈ ਅਤੇ ਜਦੋਂ ਉਨ੍ਹਾਂ ਨੂੰ ਵੇਚਿਆ ਜਾਵੇਗਾ ਤਾਂ ਸਰਕਾਰ ਦੇ ਖ਼ਜ਼ਾਨੇ ‘ਚ ਭਾਰੀ ਰਕਮ ਜਮਾਂ ਹੋਵੇਗੀ। ਪਾਕਿਸਤਾਨ ‘ਚ ਇਸੇ ਤਰ੍ਹਾਂ ਦੀਆਂ ਭਾਰਤੀਆਂ ਦੀ ਜਾਇਦਾਦ ਨੂੰ ਪਹਿਲਾਂ ਹੀ ਵੇਚਿਆ ਜਾ ਚੁਕਿਆ ਹੈ। ਅਧਿਕਾਰੀ ਨੇ ਕਿਹਾ ਕਿ ਸੂਬਾ   ਸਰਕਾਰਾਂ ਵੱਲੋਂ ਦੁਸ਼ਮਣ ਜਾਇਦਾਦਾਂ ਦੀ ਕੀਮਤ ਅਤੇ ਉਨ੍ਹਾਂ ਦੀ ਪਛਾਣ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾ ਰਹੇ ਹਨ।  ਪਾਕਿਸਤਾਨੀ ਨਾਗਰਿਕਾਂ ਵੱਲੋਂ ਛੱਡੀਆਂ ਗਈਆਂ ਸਭ ਤੋਂ ਜ਼ਿਆਦਾ 4991 ਜਾਇਦਾਦਾਂ ਉੱਤਰ ਪ੍ਰਦੇਸ਼ ‘ਚ ਹਨ ਅਤੇ ਇਸ ਮਗਰੋਂ 2735 ਜਾਇਦਾਦਾਂ ਨਾਲ ਪੱਛਮੀ ਬੰਗਾਲ ਦਾ ਨੰਬਰ ਆਉਂਦਾ ਹੈ।