ਮੈਂ ਪਹਿਲਾਂ ਹੀ ਮੁੜ ਡਿਊਟੀ ਸੰਭਾਲ ਕੇ ਗ਼ਲਤੀ ਕੀਤੀ: ਸੁਰੇਸ਼ ਕੁਮਾਰ ਸਾਬਕਾ ਮੁੱਖ ਪ੍ਰਮੁੱਖ ਸਕੱਤਰ ਦੀ ਨਵਾਂ ਅਫ਼ਸਰਾਂ ਲਾਉਣ ਲਈ ਜੋੜ-ਤੋੜ

ਮੈਂ ਪਹਿਲਾਂ ਹੀ ਮੁੜ ਡਿਊਟੀ ਸੰਭਾਲ ਕੇ ਗ਼ਲਤੀ ਕੀਤੀ: ਸੁਰੇਸ਼ ਕੁਮਾਰ ਸਾਬਕਾ ਮੁੱਖ ਪ੍ਰਮੁੱਖ ਸਕੱਤਰ ਦੀ ਨਵਾਂ ਅਫ਼ਸਰਾਂ ਲਾਉਣ ਲਈ ਜੋੜ-ਤੋੜ

ਚੰਡੀਗੜ੍ਹ/ਬਿਊਰੋ ਨਿਊਜ਼:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਜਿੰਨੇ ਮਰਜ਼ੀ ਯਤਨ ਕਰੇ ਪਰ ਉਨ੍ਹਾਂ ਦੀ ਵਾਪਸੀ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਦੀ ਜਗ੍ਹਾ ਮੁੱਖ ਮੰਤਰੀ ਦਫ਼ਤਰ ਵਿੱਚ ਲਾਉਣ ਲਈ ਚਾਰ ਸੀਨੀਅਰ ਅਧਿਕਾਰੀਆਂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ।
ਜਾਣਕਾਰੀ ਅਨੁਸਾਰ ਉਨ੍ਹਾਂ ਨੇ ਆਪਣੇ ਨੌਕਰਸ਼ਾਹ ਭਾਈਚਾਰੇ ਨੂੰ ਕਿਹਾ ਕਿ ਅਸਤੀਫ਼ਾ ਦੇਣ ਬਾਅਦ ਉਨ੍ਹਾਂ ਦਾ ਡਿਊਟੀ ‘ਤੇ ਆਉਣਾ ਗਲਤੀ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਅਸਤੀਫ਼ਾ ਦੇ ਦਿੱਤਾ ਸੀ। ਇਸ ਬਾਅਦ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਵਜ਼ਾਰਤੀ ਸਾਥੀਆਂ ਨੇ ਉਨ੍ਹਾਂ ਨੂੰ ਡਿਊਟੀ ‘ਤੇ ਆਉਣ ਲਈ ਰਾਜ਼ੀ ਕਰ ਲਿਆ ਸੀ ਪਰ ਉਸ ਸਮੇਂ ਉਨ੍ਹਾਂ ਨੇ ਸੁਆਲ ਕੀਤਾ ਸੀ ਕਿ ਉਨ੍ਹਾਂ ਦੀ ਨਿਯੁਕਤੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ, ਜਿਸ ‘ਚ ਐਡਵੋਕੇਟ ਜਨਰਲ ਦਫ਼ਤਰ ਅਤੇ ਦੋ ਅਧਿਕਾਰੀਆਂ ਦੀ ਭੁਮਿਕਾ ਹੈ। ਅਜਿਹੇ ਹਾਲਾਤ ਵਿੱਚ ਅਦਾਲਤ ਵਿੱਚ ਉਨ੍ਹਾਂ ਦੇ ਕੇਸ ਦੀ ਪੈਰਵੀ ਕੌਣ ਕਰੇਗਾ? ਉਸ ਸਮੇਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ ਹਰ ਸੰਭਵ ਕਦਮ ਚੁੱਕੇਗੀ। ਪਰ ਹੋਇਆ ਉਹੀ ਜਿਸ ਦਾ ਖ਼ਦਸ਼ਾ ਸੀ। ਹਾਈ ਕੋਰਟ ਨੇ ਉਨ੍ਹਾਂ ਦੀ ਨਿਯੁਕਤੀ ਰੱਦ ਕਰ ਦਿੱਤੀ। ਸ਼ਾਇਦ ਇਸ ਫੈ?ਸਲੇ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੜ ਡਿਊਟੀ ‘ਤੇ ਹਾਜ਼ਰ ਹੋਣਾ ਗ਼ਲਤੀ ਸੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਹਤਰੀਨ ਪ੍ਰਸ਼ਾਸਨ ਦੇਣ ਲਈ ਯਤਨ ਕਰਨ। ਮੁੱਖ ਮੰਤਰੀ ਦਫ਼ਤਰ ਅਤੇ ਕੁਝ ਮੰਤਰੀਆਂ ਨੂੰ ਆਸ ਹੈ ਕਿ ਉਹ ਸਾਬਕਾ ਮੁੱਖ ਪ੍ਰਮੁੱਖ ਸਕੱਤਰ ਨੂੰ ਮੁੜ ਆਉਣ ਲਈ ਰਾਜ਼ੀ ਕਰ ਲੈਣਗੇ। ਮੁੱਖ ਮੰਤਰੀ ਨੇ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਹੋਣ ਬਾਅਦ ਦੇ ਹਾਲਾਤ ‘ਤੇ ਵੀ ਗੌਰ ਕੀਤਾ। ਉਨ੍ਹਾਂ ਨੇ ਇਸ ਸਿਲਸਿਲੇ ‘ਚ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ। ਸਰਕਾਰ ਵੱਲੋਂ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।