ਨਾਮੀ ਗੈਂਗਸਟਰ ਵਿੱਕੀ ਗੌਂਡਰ ਤੇ ਦੋ ਸਾਥੀ ਪੁਲੀਸ ਨੇ ਮੁਕਾਬਲੇ ‘ਚ ਮਾਰ ਮੁਕਾਏ

ਨਾਮੀ ਗੈਂਗਸਟਰ ਵਿੱਕੀ ਗੌਂਡਰ ਤੇ ਦੋ ਸਾਥੀ ਪੁਲੀਸ ਨੇ ਮੁਕਾਬਲੇ ‘ਚ ਮਾਰ ਮੁਕਾਏ

ਲੰਬੀ/ਬਿਊਰੋ ਨਿਊਜ਼:
ਨਾਭਾ ਦੀ ਸਖ਼ਤ ਸੁਰੱਆਿਂ ਵਾਲੀ ਜੇਲ੍ਹ ‘ਚੋਂ ਫਰਾਰ ਹੋਏ ਤੇ ਪੰਜਾਬ ਪੁਲੀਸ ਦੀ ਹਿੱਟ ਉਤਲੇ ਨਾਮੀ ਗੈਂਗਸਟਰ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਨੂੰ ਪੁਲੀਸ ਨੇ ਉਸਦੇ ਦੋ ਸਾਥੀਆਂ ਪ੍ਰੇਮਾ ਲਾਹੌਰੀਆ ਅਤੇ ਸਵਿੰਦਰ ਸਿੰਘ ਉਰਫ਼ ‘ਬੁੱਢਾ’ ਵਾਸੀ ਘਰਿੰਡਾ, ਥਾਣਾ ਅੰਮ੍ਰਿਤਸਰ ਸਮੇਤ ਬੀਤੇ ਹਫ਼ਤੇ 26 ਜਨਵਰੀ ਵਾਲੇ ਦਿਨ ਪੰਜਾਬ ਤੇ ਰਾਜਸਥਾਨ ਦੀ ਸਰਹੱਦ ਨੇੜ੍ਹਲੇ ਇਲਾਕੇ ਵਿੱਚ ਹਿੰਦੂਮਲ ਕੋਟ ਨੇੜੇ ਇੱਕ ਢਾਣੀ ਵਿੱਚ ਮੁਕਾਬਲੇ ਦੌਰਾਨ ਮਾਰ ਮੁਕਾਇਆ।
ਦੂਜੇ ਪਾਸੇ ਪੁਲੀਸ ਵਲੋਂ ਵਿੱਕੀ ਗੌਂਡਰ ਤੇ ਹੋਰਨਾਂ ਨੂੰ ਅਗਾਉ ਸੂਹ ਮਿਲਣ ਉੱਤੇ ਪਹਿਲਾਂ ਗ੍ਰਿਫਤਾਰ ਕਰਨ ਬਾਅਦ ਝੂਠਾ ਮੁਕਾਬਲਾ ਬਣਾਉਣ ਦੇ ਦੋਸ਼ ਵੀ ਉਭਰ ਕੇ ਸਾਹਮਣੇ ਆ ਰਹੇ ਹਨ।

ਭੈਣਾਂ ਨੇ ਅੰਤਮ ਵਿਦਾਇਗੀ ਮੌਕੇ ਭਰਾ ਦੇ ਸਿਰ ਸਜਾਇਆ ਸਿਹਰਾ
ਕਰੜੇ ਸੁਰੱਖਿਆ ਪ੍ਰਬੰਧਾਂ ਤੇ ਲੋਕਾਂ ਦੇ ਭਾਰੀ ਇਕੱਠ 
ਦੌਰਾਨ ਹੇਠ ਵਿੱਕੀ ਗੌਂਡਰ ਦਾ ਪਿੰਡ ‘ਚ ਸਸਕਾਰ
ਲੰਬੀ/ਬਿਊਰੋ ਨਿਊਜ਼ :
ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਉਸਦੇ ਪਿੰਡ ਸਰਾਵਾਂ ਬੋਦਲਾ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੰਜਾਬ ਪੁਲੀਸ ਦੇ ਸਖ਼ਤ ਪਹਿਰੇ ਹੇਠ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ।
ਸਸਕਾਰ ਮੌਕੇ ਉਸਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪੁੱਜੇ ਹੋਏ ਸਨ। ਵਿੱਕੀ ਗੌਂਡਰ ਦੀ ਮ੍ਰਿਤਕ ਦੇਹ ਕਰੀਬ 12:00 ਵਜੇ ਪੁਲੀਸ ਸੁਰੱਖਿਆ ਹੇਠ ਵੱਡੇ ਕਾਫ਼ਲੇ ਦੇ ਰੂਪ ਵਿੱਚ ਢਾਣੀ ਤੋਂ ਸ਼ਮਸ਼ਾਨਘਾਟ ਲਿਆਂਦੀ ਗਈ। ਇਸ ਕਾਫ਼ਲੇ ਵਿੱਚ ਕਰੀਬ 45 ਕਾਰਾਂ ਅਤੇ ਚਾਰ ਟਰੈਕਟਰ ਅਤੇ ਹੋਰ ਗੱਡੀਆਂ ਸ਼ਾਮਲ ਸਨ। ਉਸ ਦੀਆਂ ਭੈਣਾਂ ਨੇ ਆਪਣੇ ਭਰਾ ਦੇ ਸਿਰ ‘ਤੇ ਸਿਹਰਾ ਬੰਨ੍ਹਿਆ। ਉਸਦੇ ਪਿਤਾ ਮਹਿਲ ਸਿੰਘ ਭੁੱਲਰ ਨੇ ਚਿਖਾ ਨੂੰ ਅਗਨੀ ਦਿੱਤੀ। ਸ਼ਮਸ਼ਾਨਘਾਟ ਵਿੱਚ ਵਿਰਲਾਪ ਕਰਦੀ ਉਸਦੀ ਮਾਂ ਬਲਵੰਤ ਕੌਰ ਕੀਰਨੇ ਪਾ ਰਹੀ ਸੀ। ਜ਼ਿਲ੍ਹਾ ਪੁਲੀਸ ਵੱਲੋਂ ਸ਼ਮਸ਼ਾਨਘਾਟ ਦੇ ਅੰਦਰ ਅਤੇ ਬਾਹਰ ਚੱਪੇ-ਚੱਪੇ ‘ਤੇ ਪੁਲੀਸ ਦਾ ਪਹਿਰਾ ਸੀ ਅਤੇ ਰਾਹਾਂ ‘ਤੇ ਪੁਲੀਸ ਦੀ ਸਖ਼ਤ ਨਾਕਾਬੰਦੀ ਸੀ।

ਗੈਂਗਸਟਰ ਪ੍ਰੇਮਾ ਲਾਹੌਰੀਆ ਦੇ ਸਸਕਾਰ 
ਤੋਂ ਪਹਿਲਾਂ ਮੀਡੀਆ ਨੂੰ ਰੱਖਿਆ ਦੂਰ
ਜਲੰਧਰ/ਬਿਊਰੋ ਨਿਊਜ਼:
ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਜਲੰਧਰ ਦੇ ਗੈਂਗਸਟਰ ਪ੍ਰੇਮਾ ਲਾਹੌਰੀਆ ਦਾ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ। ਪ੍ਰੇਮਾ ਲਾਹੌਰੀਆ ਦੇ ਮਿੱਠੂ ਬਸਤੀ ਸਥਿਤ ਘਰ ਤੋਂ ਸ਼ਾਮ 6:00 ਵਜੇ ਉਸ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਅਤੇ ਬਸਤੀ ਗੁਜਾਂ ਦੇ ਸ਼ਮਸ਼ਾਨ ਘਾਟ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਪ੍ਰੇਮਾ ਲਾਹੌਰੀਆ ਦੇ ਪਰਿਵਾਰ ਵਾਲੇ ਬੀਤੇ ਦਿਨ ਹੀ ਉਸ ਦੀ ਲਾਸ਼ ਲੈਣ ਲਈ ਗੰਗਾਨਗਰ ਰਵਾਨਾ ਹੋ ਗਏ ਸਨ ਅਤੇ ਐਤਵਾਰ ਸਵੇਰੇ ਉਸ ਦੀ ਲਾਸ਼ ਲੈ ਕੇ ਵਾਪਸ ਜਲੰਧਰ ਪਹੁੰਚ ਗਏ। ਪ੍ਰੇਮਾ ਲਾਹੌਰੀਆ ਦੀ ਛੋਟੀ ਭੈਣ ਵਿਦੇਸ਼ ਰਹਿੰਦੀ ਹੈ। ਉਸ ਦੇ ਪਹੁੰਚਣ ਤੋਂ ਬਾਅਦ ਸਸਕਾਰ ਕੀਤਾ ਗਿਆ। ਪ੍ਰੇਮਾ ਲਾਹੌਰੀਆ ਦੇ ਪਰਿਵਾਰ ਵਾਲਿਆਂ ਅਤੇ ਉਸ ਦੇ ਦੋਸਤਾਂ ਨੇ ਮੀਡੀਆ ਨੂੰ ਘਰ ਅੰਦਰ ਨਹੀਂ ਜਾਣ ਦਿੱਤਾ। ਇਸ ਤਰ੍ਹਾਂ ਪੂਰਾ ਦਿਨ ਸੁਰੱਖਿਆ ਦੇ ਲਿਹਾਜ਼ ਪੱਖੋਂ ਕੋਈ ਵੀ ਵਰਦੀਧਾਰੀ ਪੁਲੀਸ ਮੁਲਾਜ਼ਮ ਜਾਂ ਅਫਸਰ ਲਾਹੌਰੀਆ ਦੇ ਘਰ ਕੋਲ ਨਜ਼ਰ ਨਹੀਂ ਆਇਆ। ਸੂਤਰਾਂ ਅਨੁਸਾਰ ਸਿਵਲ ਵਰਦੀ ‘ਚ ਕੁਝ ਪੁਲੀਸ ਮੁਲਾਜ਼ਮ ਨੇੜੇ-ਤੇੜੇ ਮੌਜੂਦ ਰਹੇ, ਜੋ ਹਾਲਾਤ ‘ਤੇ ਨਜ਼ਰ ਰੱਖ ਰਹੇ ਸਨ।
ਜ਼ਿਕਰਯੋਗ ਹੈ ਕਿ 26 ਜਨਵਰੀ ਦੀ ਸ਼ਾਮ ਨੂੰ ਪੰਜਾਬ-ਰਾਜਸਥਾਨ ਸਰਹੱਦ ‘ਤੇ ਨਾਮੀ ਗੈਂਗਸਟਰ ਵਿੱਕੀ ਗੌਂਡਰ ਨਾਲ ਹੀ ਪ੍ਰੇਮਾ ਲਾਹੌਰੀਆ ਪੁਲੀਸ ਮੁਕਾਬਲੇ ‘ਚ ਮਾਰਿਆ ਗਿਆ ਸੀ।

ਦੋ ਛੋਟੀਆਂ ਬੱਚੀਆਂ ਦਾ ਬਾਪ ਸੀ ਵਿੱਕੀ ਗੌਂਡਰ ਨਾਲ 
ਮਾਰਿਆ ਗਿਆ ਉਸਦਾ ਤੀਜਾ ਸਾਥੀ ਸਵਿੰਦਰ ਸਿੰਘ
ਅੰਮ੍ਰਿਤਸਰ,ਅਟਾਰੀ/ਬਿਊਰੋ ਨਿਊਜ਼:
ਗੈਂਗਸਟਰ ਵਿੱਕੀ ਗੌਂਡਰ ਨਾਲ ਬੀਤੇ ਦਿਨੀਂ ਮਾਰੇ ਗਏ ਇੱਕ ਨੌਜਵਾਨ ਦੀ ਸ਼ਨਾਖ਼ਤ ਸਵਿੰਦਰ ਸਿੰਘ ਉਰਫ਼ ‘ਬੁੱਢਾ’(30 ਸਾਲ) ਵਾਸੀ ਘਰਿੰਡਾ, ਥਾਣਾ ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਇੱਥੇ ਸਰਹੱਦੀ ਪਿੰਡ ਧਨੋਏ ਖੁਰਦ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ ਉਹ ਪਿਛਲੇ 15 ਦਿਨਾਂ ਤੋਂ ਘਰ ਨਹੀਂ ਪਰਤਿਆ ਸੀ। ਉਹ ਵਿਆਹਿਆ ਹੋਇਆ ਹੈ। ਉਸ ਦੀ ਪਤਨੀ ਪਰਮਜੀਤ ਕੌਰ ਅਤੇ ਦੋ ਛੋਟੀਆਂ ਧੀਆਂ ਨਵਦੀਪ ਕੌਰ (6 ਸਾਲ) ਅਤੇ ਅਮਨਦੀਪ ਕੌਰ (3 ਮਹੀਨੇ) ਹਨ। ਦਿਹਾਤੀ ਪੁਲੀਸ ਦੇ ਐੱਸਐੱਸਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਉਸ ਦੀ ਲਾਸ਼ ਐਤਵਾਰ ਦੇਰ ਸ਼ਾਮੀਂ ਇੱਥੇ ਪੁੱਜੀ ਜਿਸਦਾ ਸਸਕਾਰ ਕਰ ਦਿੱਤਾ ਗਿਆ ਹੈ।
ਸਵਿੰਦਰ ਸਿੰਘ ਦੀ ਮੌਤ ਦੀ ਸੂਚਨਾ ਮਿਲਣ ਮਗਰੋਂ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਲੋਕਾਂ ਅਨੁਸਾਰ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਦੇ ਪਿਤਾ ਬਗੀਚਾ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸ ਦਾ ਇੱਕ ਭਰਾ ਅਤੇ ਇੱਕ ਭੈਣ ਹੈ, ਜੋ ਵਿਆਹੀ ਹੋਈ ਹੈ। ਪਰਿਵਾਰ ਵੱਲੋਂ ਮੁੱਖ ਤੌਰ ‘ਤੇ ਖੇਤੀਬਾੜੀ ਕੀਤੀ ਜਾਂਦੀ ਹੈ। ਪੁਲੀਸ ਰਿਕਾਰਡ ਮੁਤਾਬਕ ਉਸ ਖ਼ਿਲਾਫ਼ ਹੁਣ ਤੱਕ ਕੋਈ ਵੀ ਕੇਸ ਦਰਜ ਨਹੀਂ ਹੈ।

ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਲੱਗਿਆ ਪਤਾ
ਲੰਬੀ: ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਪੁਲੀਸ ਮੁਕਾਬਲੇ ਵਿੱਚ ਹਿੰਦੂਮਲ ਕੋਟ ਨੇੜੇ ਇੱਕ ਢਾਣੀ ਵਿੱਚ ਪੁਲੀਸ ਮੁਕਾਬਲੇ ਮਗਰੋਂ ਤੀਜੇ ਮ੍ਰਿਤਕ ਨੂੰ ‘ਬੁੱਢਾ’ ਦੱਸਿਆ ਜਾ ਰਿਹਾ ਸੀ। ਸਵਿੰਦਰ ਸਿੰਘ ਦੀ ਪੁਲੀਸ ਮੁਕਾਬਲੇ ਵਿੱਚ ਮੌਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋਆਂ ਤੋਂ ਸੂਚਨਾ ਮਿਲੀ। ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ 10 ਦਿਨ ਪਹਿਲਾਂ ਘਰੋਂ ਗਿਆ ਸੀ।
ਸਵਿੰਦਰ ਸਿੰਘ ਦੇ ਪਰਿਵਾਰ ਨੂੰ ਉਸ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਚਿੱਤ-ਚੇਤਾ ਵੀ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪੈਸੇ ਕਮਾਉਣ ਦੀ ਚਾਹਤ ਵਿੱਚ ਗੈਂਗਸਟਰਾਂ ਦੇ ਚੱਕਰ ‘ਚ ਫਸ ਕੇ ਪੁਲੀਸ ਮੁਕਾਬਲੇ ਵਿੱਚ ਜਾਨ ਗੁਆ ਬੈਠਾ।

ਵਿੱਕੀ ਗੌਂਡਰ ਨਾਲ ਖੇਡਦੇ ਰਹੇ ਪੁਲੀਸ ਇੰਸਪੈਕਟਰ
ਨੇ ਧੋਖੇ ਨਾਲ ਕਰਾਇਆ ਮੁਕਾਬਲਾ-ਮਾਮੇ ਦਾ ਦੋਸ਼
ਮਲੋਟ,ਲੰਬੀ/ਬਿਊਰੋ ਨਿਊਜ਼:
ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ‘ਤੇ ਸਥਿਤ ਹਿੰਦੂਮਲ ਕੋਟ ਦੀਆਂ ਢਾਣੀਆਂ ਵਿੱਚ ਪੰਜਾਬ ਦੇ 10 ਲੱਖ ਦੇ ਇਨਾਮੀ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਅਤੇ ਦੋ ਹੋਰ ਸਾਥੀਆਂ ਦੇ ਪੁਲੀਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦਿਆਂ ਵਿੱਕੀ ਦਾ ਮਾਮਾ ਗੁਰਭੇਜ ਸਿੰਘ ‘ਬਿੱਟੂ ਬੀਕਾਨੇਰੀਆ’ ਖੁੱਲ੍ਹ ਕੇ ਸਾਹਮਣੇ ਆਇਆ ਹੈ। ਉਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਦੇ ਸਨਮੁੱਖ ਹੁੰਦਿਆਂ ਪੁਲੀਸ ਮੁਕਾਬਲੇ ਨੂੰ ਅੰਜਾਮ ਤੱਕ ਲੈ ਕੇ ਜਾਣ ਵਾਲੇ ਸੀਆਈਏ ਰਾਜਪੁਰਾ ਦੇ ਇੰਚਾਰਜ ਵਿਕਰਮ ਸਿੰਘ ਬਰਾੜ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਵਿਕਰਮ) ਅਤੇ ਵਿੱਕੀ ਦੋਵੇਂ ਸਪੋਰਟਸ ਕੋਟੇ ਵਿੱਚ ਹੋਣ ਕਰਕੇ ਇਕੱਠੇ ਖੇਡਦੇ ਤੇ ਪੜ੍ਹਦੇ ਰਹੇ ਹਨ। ਉਸ ਨੇ ਹੀ ਵਿੱਕੀ ਤੇ ਉਸ ਦੇ ਸਾਥੀਆਂ ਨੂੰ ਭਰੋਸੇ ਵਿੱਚ ਲੈ ਕੇ ਆਤਮ-ਸਮਰਪਣ ਕਰਨ ਲਈ ਮਨਾਇਆ ਸੀ, ਪਰ ਮੌਕੇ ‘ਤੇ ਉਨ੍ਹਾਂ ਦਾ ਝੂਠਾ ਪੁਲੀਸ ਮੁਕਾਬਲਾ ਬਣਾ ਦਿੱਤਾ ਗਿਆ। ਵਿੱਕੀ ਦੇ ਚਾਚੇ ਜਗਦੀਸ਼ ਸਿੰਘ ਪੱਪੂ ਨੇ ਵੀ ਗੁਰਭੇਜ ਸਿੰਘ ਵੱਲੋਂ ਲਾਏ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ।
ਗੁਰਭੇਜ ਸਿੰਘ ਨੇ ਦੱਸਿਆ ਕਿ ਵਿੱਕੀ ਦੀ ਉਸ ਨਾਲ ਵਟਸਐਪ ‘ਤੇ ਗੱਲ ਹੋਈ ਸੀ, ਜਿਸ ਵਿੱਚ ਉਸ ਨੇ ਕਿਹਾ ਸੀ, ‘ਮਾਮਾ ਜੀ ਮੈਂ ਇੰਸਪੈਕਟਰ ਵਿਕਰਮ ਸਿੰਘ ਬਰਾੜ ਜ਼ਰੀਏ ਆਤਮ ਸਮਰਪਣ ਕਰਨ ਲੱਗਿਆ ਹਾਂ ਅਤੇ ਅਸੀਂ ਉਨ੍ਹਾਂ ਨੂੰ ਮਿਲਣ ਚੱਲੇ ਹਾਂ ਅਤੇ ਉਨ੍ਹਾਂ ਦੀ ਸਾਰੀ ਗੱਲਬਾਤ ਹੋ ਚੁੱਕੀ ਹੈ।’
ਇਸੇ ਤਰ੍ਹਾਂ ਹੀ ਪ੍ਰੇਮਾ ਲਾਹੌਰੀਆ ਦੀ ਵੀ ਆਪਣੀ ਪਤਨੀ ਨਾਲ ਗੱਲ ਹੋਈ ਸੀ ਕਿ ਉਹ ਇੰਸਪੈਕਟਰ ਵਿਕਰਮ ਰਾਹੀਂ ਆਤਮ ਸਮਰਪਣ ਕਰਕੇ ਚੰਗੇ ਨਾਗਰਿਕ ਵਾਂਗ ਜ਼ਿੰਦਗੀ ਬਸਰ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰੇਮਾ ਲਾਹੌਰੀਆ ਨੇ ਤਾਂ ਵਿਕਰਮ ਸਿੰਘ ‘ਤੇ ਬੇਵਿਸ਼ਵਾਸੀ ਜਤਾ ਕੇ ਮਿਲਣ ਤੋਂ ਨਾਂਹ ਕਰ ਦਿੱਤੀ ਸੀ, ਪਰ ਵਿੱਕੀ ਨੇ ਵਿਕਰਮ ਨਾਲ ਆਪਣੀ ਗੂੜ੍ਹੀ ਯਾਰੀ ਦਾ ਭਰੋਸਾ ਦੇ ਕੇ ਉਸ ਨੂੰ ਰਾਜ਼ੀ ਕਰ ਲਿਆ ਸੀ।
ਗੁਰਭੇਜ ਸਿੰਘ ਨੇ ਕਿਹਾ ਕਿ ਵਿੱਕੀ ਅਤੇ ਇੰਸਪੈਕਟਰ ਵਿਕਰਮ ਵਿਚਾਲੇ ਲਗਾਤਾਰ ਰਾਬਤਾ ਰਹਿੰਦਾ ਸੀ ਤੇ ਲਗਭਗ 7-8 ਦਿਨਾਂ ਮਗਰੋਂ ਉਨ੍ਹਾਂ ਵਿਚਾਲੇ ਗੱਲਬਾਤ ਵੀ ਹੁੰਦੀ ਰਹਿੰਦੀ ਸੀ। ਉਨ੍ਹਾਂ ਪੁਲੀਸ ਮੁਕਾਬਲੇ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੁਕਾਬਲੇ ਦੌਰਾਨ ਏਨੇ ਵੱਡੇ ਗੈਂਗਸਟਰ ਦੇ ਪੈਰਾਂ ਵਿੱਚ ਬੂਟ ਵੀ ਨਾ ਹੋਣਾ ਤੇ ਕੜਾਕੇ ਦੀ ਠੰਢ ਵਿੱਚ ਸਰੀਰ ‘ਤੇ ਪਤਲੀ ਟੀ-ਸ਼ਰਟ ਹੋਣਾ ਪੁਲੀਸ ਕਾਰਵਾਈ ‘ਤੇ ਸਵਾਲ ਖੜ੍ਹਾ ਕਰਦੀ ਹੈ। ਉਨ੍ਹਾਂ ਆਖਿਆ ਕਿ ਫੋਟੋਆਂ ਵਿੱਚ ਵਿੱਕੀ ਦੀ ਲਾਸ਼ ਕੋਲ ਦਿਖਾਈ ਗਈ ਪਿਸਤੌਲ ਤੇ ਗੋਲੀਆਂ ਵੱਖ-ਵੱਖ ਬੋਰ ਦੀਆਂ ਹਨ। ਉਨ੍ਹਾਂ ਆਖਿਆ ਕਿ ਰਾਜਸਥਾਨ ਪੁਲੀਸ ਨੇ ਵੀ ਇਸ ਮੁਕਾਬਲੇ ਦੀ ਸੂਚਨਾ ਕਾਫ਼ੀ ਸਮੇਂ ਬਾਅਦ ਮਿਲਣ ਦੀ ਗੱਲ ਆਖੀ ਹੈ। ਹਾਲਾਂਕਿ ਰਾਜਸਥਾਨ ਪੁਲੀਸ ਨੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਵਿੱਢ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫੋਨ ਆਉਣ ਤੋਂ ਕੁਝ ਸਮਾਂ ਬਾਅਦ ਹੀ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਉਸ ਦੇ ਮੁਕਾਬਲੇ ਦੀਆਂ ਖਬਰਾਂ ਆਉਣ ਲੱਗੀਆਂ।
ਗੁਰਭੇਜ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਪਰਿਵਾਰ ਨੇ ਮੁਕਾਬਲੇ ਦੀ ਸੱਚਾਈ ਕੱਢਣ ਲਈ ਸੀਬੀਆਈ ਪੜਤਾਲ ਦੀ ਮੰਗ ਕੀਤੀ ਹੈ।

ਟੈਲੀਫੋਨ ਕਾਲਾਂ ਦੀ ਜਾਂਚ ਕੀਤੀ ਜਾਵੇ
ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਮਗਰੋਂ ਉਸ ਦੇ ਮਾਮੇ ਗੁਰਭੇਜ ਸਿੰਘ ‘ਬਿੱਟੂ ਬੀਕਾਨੇਰੀਆ’ ਨੇ ਸੋਮਵਾਰ ਨੂੰ ਮੁੜ ਮੀਡੀਆ ਸਾਹਮਣੇ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਲਾਏ ਦੋਸ਼ ਬੇਬੁਨਿਆਦ ਹਨ ਤਾਂ ਇੰਸਪੈਕਟਰ ਵਿਕਰਮ ਸਿੰਘ ਬਰਾੜ ਦੀ ਕਾਲ ਡਿਟੇਲ ਦੀ ਪੜਤਾਲ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਆਪ ਹੀ ਸੱਚ ਬਾਹਰ ਆ ਜਾਵੇਗਾ ਕਿ ਵਿੱਕੀ ਗੌਂਡਰ ਇੰਸਪੈਕਟਰ ਵਿਕਰਮ ਦੇ ਸੰਪਰਕ ਵਿੱਚ ਸੀ ਤੇ ਅਕਸਰ ਹੀ ਉਨ੍ਹਾਂ ਦੀ ਗੱਲਬਾਤ ਵੀ ਹੁੰਦੀ ਰਹਿੰਦੀ ਸੀ।
ਗੁਰਭੇਜ ਸਿੰਘ ਨੇ ਦਾਅਵਾ ਕੀਤਾ ਕਿ ਨਾਭਾ ਜੇਲ੍ਹ ਬਰੇਕ ਕਾਂਡ ਵੇਲੇ ਵੀ ਵਿੱਕੀ ਗੌਂਡਰ ਤੇ ਇੰਸਪੈਕਟਰ ਦੀ ਆਪਸ ਵਿੱਚ ਗੱਲਬਾਤ ਹੁੰਦੀ ਸੀ। ਉਨ੍ਹਾਂ ਕਿਹਾ ਕਿ ਜੇ ਇੰਸਪੈਕਟਰ ਦੀਆਂ ਫੋਨ ਕਾਲਾਂ ਦੀ ਜਾਂਚ ਕਰਵਾਈ ਜਾਵੇ ਤਾਂ ਪੂਰਾ ਮਾਮਲਾ ਸਾਹਮਣੇ ਆ ਜਾਵੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਹ ਇਸ ਐਨਕਾਊਂਟਰ ਸਬੰਧੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।

ਵਿੱਕੀ ਬੌਂਡਰ ਨਾਲ ਮੈਂ ਨਾ ਪੜ੍ਹਿਆ ਨਾ ਕਦੇ ਖੇਡਿਆਂ-ਇੰਸਪੈਕਟਰ ਬਰਾੜ
ਲੰਬੀ/ਬਿਊਰੋ ਨਿਊਜ਼:
ਪੰਜਾਬ ਪੁਲੀਸ ਦੇ ਸੰਗਠਿਤ ਜੁਰਮ ਰੋਕੂ ਯੂਨਿਟ ਦੇ ਇੰਸਪੈਕਟਰ ਵਿਕਰਮ ਸਿੰਘ ਬਰਾੜ ਨੇ ਵਿੱਕੀ ਗੌਂਡਰ ਦੇ ਮਾਮੇ ਗੁਰਭੇਜ ਸਿੰਘ ਦੇ ਸੁਮੱਚੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਇੰਸਪੈਕਟਰ ਬਰਾੜ ਨੇ ਆਖਿਆ ਕਿ ਉਹ ਉਮਰ ਵਿੱਚ ਵਿੱਕੀ ਗੌਂਡਰ ਨਾਲੋਂ ਕਰੀਬ 11 ਸਾਲ ਵੱਡਾ ਹੈ ਤੇ ਉਹ ਜ਼ਿੰਦਗੀ ਵਿੱਚ ਨਾ ਕਦੇ ਵਿੱਕੀ ਗੌਂਡਰ ਨਾਲ ਪੜ੍ਹਿਆ ਹੈ ਅਤੇ ਨਾ ਹੀ ਉਹ ਕਦੇ ਇਕੱਠੇ ਖੇਡੇ ਹਨ। ਹਾਲਾਂਕਿ ਦੂਜੇ ਪਾਸੇ ਵਿੱਕੀ ਗੌਂਡਰ ਦੇ ਮਾਮੇ ਅਤੇ ਚਾਚੇ ਨੇ ਵਿੱਕੀ ਦੀ ਇੰਸਪੈਕਟਰ ਨਾਲ ਮਿੱਤਰਤਾ ਬਾਰੇ ਆਪਣੇ ਕਥਨਾਂ ਦੀ ਦੁਬਾਰਾ ਪ੍ਰੋੜਤਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵਿੱਕੀ ਗੌਂਡਰ ਦੇ ਅੰਤਮ ਸੰਸਕਾਰ ਮੌਕੇ ਉਸ ਦੇ ਮਾਮੇ ਗੁਰਭੇਜ ਸਿੰਘ ਉਰਫ਼ ‘ਬਿੱਟੂ ਬੀਕਾਨੇਰੀਆ’ ਨੇ ਇੰਸਪੈਕਟਰ ਬਰਾੜ ‘ਤੇ ਧੋਖੇ ਨਾਲ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਨੂੰ ਬੁਲਾ ਕੇ ਝੂਠਾ ਮੁਕਾਬਲਾ ਬਣਾਉਣ ਦੇ ਦੋਸ਼ ਲਾਏ ਸਨ। ਗੁਰਭੇਜ ਸਿੰਘ ਨੇ ਅੱਜ ਵਿੱਕੀ ਗੌਂਡਰ ਤੇ ਵਿਕਰਮਜੀਤ ਸਿੰਘ ਦੇ ਮੋਬਾਈਲਾਂ ਦੇ ਵੱਟਸਐਪ ਮੈਸੇਜਾਂ ਦੀ ਡੀਟੇਲ ਕਢਵਾਉਣ ਦੀ ਮੰਗ ਕੀਤੀ ਹੈ।
ਬਾਕਸਿੰਗ ਦੇ ਬਿਹਤਰੀਨ ਖਿਡਾਰੀ ਰਹੇ ਵਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਾਰੀ ਪੜ੍ਹਾਈ ਅਤੇ ਖੇਡ ਸਿਖਲਾਈ ਪਟਿਆਲੇ ਵਿੱਚ ਹੋਈ ਤੇ ਪੁਲੀਸ ਦੀ ਨੌਕਰੀ ਦੌਰਾਨ ਵੀ ਉਨ੍ਹਾਂ ਦੀ ਪੋਸਟਿੰਗ ਕਦੇ ਵੀ ਜਲੰਧਰ ਨਹੀਂ ਰਹੀ।
ਇੰਸਪੈਕਟਰ ਨੇ ਕਿਹਾ ਕਿ ਉਸ ਦੀ ਵਿੱਕੀ ਗੌਂਡਰ ਨਾਲ ਗੱਲਬਾਤ ਤਾਂ ਦੂਰ ਜਾਣ-ਪਛਾਣ ਵੀ ਨਹੀਂ ਸੀ।
ਅਬੋਹਰ ਵਿੱਚ ਆਪਣਾ ਸਹੁਰਾ ਘਰ ਹੋਣ ਦੀ ਗੱਲ ਨੂੰ ਕਬੂਲਦਿਆਂ ਵਿਕਰਮਜੀਤ ਸਿੰਘ ਨੇ ਕਿਹਾ ਕਿ ਸਹੁਰਾ ਪਰਿਵਾਰ ਇਥੇ ਨਹੀਂ ਸਗੋਂ ਦਿੱਲੀ ਤੇ ਜ਼ੀਰਕਪੁਰ ਵਿੱਚ ਰਹਿੰਦਾ ਹੈ। ਆਤਮ ਸਮਰਪਣ ਦੇ ਬਹਿਕਾਵੇ ਹੇਠ ਬੁਲਾ ਕੇ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦਾ ਮੁਕਾਬਲਾ ਬਣਾਉਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ  ਕਿਹਾ ਕਿ ਇਸ ਵਿਸ਼ੇਸ਼ ਅਪਰੇਸ਼ਨ ‘ਤੇ ਪੰਜਾਬ ਪੁਲੀਸ ਦੇ 23 ਅਧਿਕਾਰੀਆਂ ‘ਤੇ ਆਧਾਰਿਤ ਟੀਮ ਕੰਮ ਕਰ ਰਹੀ ਸੀ, ਜਿਸ ਦੀ ਅਗਵਾਈ ਦੋ ਸੀਨੀਅਰ ਅਧਿਕਾਰੀ ਏਆਈਜੀ ਗੁਰਮੀਤ ਸਿੰਘਚੌਹਾਨ ਤੇ ਸੰਦੀਪ ਗੋਇਲ ਕਰ ਰਹੇ ਸਨ। ਇੰਸਪੈਕਟਰ ਬਰਾੜ ਨੇ ਕਿਹਾ ਕਿ ਜੇ ਗੌਂਡਰ ਦੇ ਪਰਿਵਾਰ ਕੋਲ ਲਾਏ ਗਏ ਦੋਸ਼ਾਂ ਦੇ ਹੱਕ ਵਿੱਚ ਕੋਈ ਸਬੂਤ ਹਨ ਤਾਂ ਉਹ ਸਮਾਜ ਤੇ ਪੁਲੀਸ ਸਾਹਮਣੇ ਪੇਸ਼ ਕਰਨ। ਦੂਜੇ ਪਾਸੇ ਵਿੱਕੀ ਗੌਂਡਰ ਨੇ ਮਾਮਾ ਗੁਰਭੇਜ ਸਿੰਘ ਅਤੇ ਚਾਚਾ ਜਗਦੀਸ਼ ਸਿੰਘ ਪੱਪੂ ਨੇ ਇੰਸਪੈਕਟਰ ਵੱਲੋਂ ਗੌਂਡਰ ਨਾਲ ਪੜ੍ਹਨ, ਖੇਡਣ ਅਤੇ ਮਿੱਤਰਤਾ ਸਬੰਧੀ ਖੰਡਨ ਬਾਰੇ ਆਖਿਆ ਕਿ ਇਕੱਠੇ ਪੜ੍ਹਨ ਦੀ ਗੱਲ ਵਿੱਚ ਫ਼ਰਕ ਹੋ ਸਕਦਾ ਹੈ, ਪਰ ਇਹ ਗੱਲ  ਸੌ ਫ਼ੀਸਦ ਸੱਚ ਹੈ ਕਿ ਉਹ ਜਲੰਧਰ ਵਿੱਚ ਖੇਡਾਂ ਦੌਰਾਨ ਮਿਲਦੇ ਰਹੇ ਸਨ, ਜਿਥੇ ਉਨ੍ਹਾਂ ਦੀ ਦੋਸਤੀ ਪਈ ਤੇ    ਇਸ ਬਾਰੇ ਵਿੱਕੀ ਅਕਸਰ ਜ਼ਿਕਰ ਕਰਦਾ ਸੀ।

ਗੌਂਡਰ ਦੇ ਮੁਕਾਬਲੇ ਦੀ ਨਿਰਪੱਖ ਪੜਤਾਲ ਹੋਵੇ- ਖਾਲੜਾ ਮਿਸ਼ਨ
ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਵਿੱਕੀ ਗੌਂਡਰ ਦੇ ਮੁਕਾਬਲੇ ਨੂੰ ਪਰਿਵਾਰ ਵੱਲੋਂ ਝੂਠਾ ਮੁਕਾਬਲਾ ਦੱਸਿਆ ਜਾ ਰਿਹਾ ਹੈ ਅਤੇ ਸਾਹਮਣੇ ਆਏ ਤੱਥ ਵੀ ਮੁਕਾਬਲੇ ਨੂੰ ਝੂਠਾ ਸਾਬਤ ਕਰਨ ਲਈ ਕਾਫੀ ਹਨ। ਇਸ ਲਈ ਵਿੱਕੀ ਗੌਂਡਰ ਦੇ ਮੁਕਾਬਲੇ ਦੀ ਨਿਰਪੱਖ ਪੜਤਾਲ ਕਰਵਾਈ ਜਾਵੇ। ਇਕ ਲਿਖਤੀ ਬਿਆਨ ਵਿੱਚ ਦੋਵਾਂ ਜਥੇਬੰਦੀਆਂ ਨੇ ਕਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਗੈਂਗਸਟਰ ਬਣਾ ਕੇ ਖ਼ਤਮ ਕਰਨ ਦਾ ਸਿਲਸਿਲਾ ਚਿੰਤਾਜਨਕ ਹੈ ਅਤੇ ਇਹ ਉਸੇ ਲੜੀ ਵਿੱਚ ਸ਼ਾਮਲ ਹੈ, ਜਿਸ ਵਿੱਚ ਪਹਿਲਾਂ ਵੀ ਪੰਜਾਬ ਦੇ ਨੌਜਵਾਨਾਂ ਸਤੇਮ 80 ਸਾਲ ਦੇ ਬਾਬਾ ਬੂਝਾ ਸਿੰਘ ਵਰਗਿਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਵਿੱਚ ਜਵਾਨੀ ਨੂੰ ਨਸ਼ਿਆਂ ਰਾਹੀਂ ਬਰਬਾਦ ਕਰਨ ਅਤੇ ਗਰੀਬ ਕਿਸਾਨਾਂ ਨੂੰ ਖੁ?ਦਕੁਸ਼ੀਆਂ ਰਾਹੀਂ ਖ਼ਤਮ ਕੀਤਾ ਜਾ ਰਿਹਾ ਹੈ।

ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਦੋ ਕਾਬੂ
ਤਰਨਤਾਰਨ/ਬਿਊਰੋ ਨਿਊਜ਼:
ਥਾਣਾ ਝਬਾਲ ਦੀ ਪੁਲੀਸ ਨੇ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਨਾਗੋਕੇ ਅਤੇ ਅੰਮ੍ਰਿਤਪਾਲ ਸਿੰਘ ਬਾਠ ਵਾਸੀ ਮੀਆਂਪੁਰ ਨੂੰ  ਅੱਜ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਇਕ ਸਿਟੀ ਹਾਂਡਾ ਕਾਰ ਨੰਬਰ ਪੀ ਬੀ 02 ਏ ਐਨ 6262 ਸਮੇਤ ਕਾਬੂ  ਕੀਤਾ। ਲਵਪ੍ਰੀਤ ਸਿੰਘ ਨਾਭਾ ਜੇਲ੍ਹ ਬਰੇਕ  ਦੇ ਸਰਗਨਾ ਹਰਜਿੰਦਰ ਸਿੰਘ ਉਰਫ ਵਿੱਕੀ ਗੌਡਰ ਨਾਲ ਸ਼ਾਮਲ ਗੋਪੀ ਕੌੜਾ ਦਾ ਸਕਾ ਭਰਾ ਹੈ। ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦਸਿਆ ਕਿ ਮੁਲਜ਼ਮਾਂ ਖਿਲਾਫ ਦਫਾ 212 , 216, 120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਅਤੇ ਲਵਪ੍ਰੀਤ ਸਿੰਘ ਖਿਲਾਫ ਗੋਪੀ ਕੌੜਾਂ ਨੂੰ ਨਾਭਾ ਜੇਲ੍ਹ ਬਰੇਕ ਤੋਂ ਬਾਅਦ ਸ਼ਰਨ ਦੇਣ ਅਤੇ ਉਸਦੀ ਆਰਥਿਕ  ਮਦਦ ਕਰਨ ਦੇ ਦੋਸ਼ ਹਨ।