ਕੋਚ ਪਰਮਜੀਤ ਪੰਮੀ ਦੀ ਮੌਤ ਉੱਤੇ ਵੱਖ ਵੱਖ ਸਖਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

ਕੋਚ ਪਰਮਜੀਤ ਪੰਮੀ ਦੀ ਮੌਤ ਉੱਤੇ ਵੱਖ ਵੱਖ ਸਖਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

ਫਰੀਮਾਂਟ/ਬਿਊਰੋ ਨਿਊਜ਼:
ਵੱਖ ਵੱਖ ਸਖਸ਼ੀਅਤਾਂ ਵਲੋਂ ਕਬੱਡੀ ਦੇ ਨਾਮੀ ਸਾਬਕਾ ਖਿਡਾਰੀ ਅਤੇ ਕਬੱਡੀ ਕੋਚ ਪਰਮਜੀਤ ਸਿੰਘ ਪੰਮੀ ਦੀ ਅਚਾਨਕ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦਾ ਹਾਲ ਵਿੱਚ ਹੀ ਰਾਜਪੁਰਾ ਨੇੜ੍ਹਲੇ ਕਸਬਾ ਬਨੂੜ (ਪਟਿਆਲਾ) ‘ਚ ਅਚਾਨਕ ਦਿਹਾਤ ਹੋ ਗਿਆ। ਉਹ ਸੱਤਰਵੇਂ ਦਹਾਕੇ ਦੀ ਉਮਰ ਵਿੱਚੋਂ ਗੁਜ਼ਰ ਰਹੇ ਸਨ। ਉਨ੍ਹਾਂ ਦੀ ਅੰਤਿਮ ਵਿਦਾਈ ਤੇ ਉਨ੍ਹਾਂ ਦੇ ਪਿੰਡ ਬਨੂੜ ਵਿਚ ਹੋਏ ਭਾਰੀ ਇਕੱਠ ਤੋਂ ਪਰਮਜੀਤ ਸਿੰਘ ਸੰਧੂ ਦੀ ਲੋਕ ਪਿਆਰ ਦਾ ਅੰਦਾਜ਼ਾ ਲੱਗਦਾ।
ਮੌਤ ਤੋਂ ਇਕ ਦਿਨ ਪਹਿਲਾਂ ਪਰਮਜੀਤ ਸਿੰਘ ਪੰਮੀ  ਨੇ ਮਡੈਸਟੋ ਵਸਦੇ ਆਪਣੇ ਪਰਮ ਮਿੱਤਰ ਬਲਜਿੰਦਰ ਸਿੰਘ ਭੱਟੀ ਨਾਲ ਫੋਨ ਤੇ ਗੱਲਬਾਤ ਕੀਤੀ ਕਿ ਮੈਨੂੰ ਕੁਝ ਚੰਗਾ ਮਹਿਸੂਸ ਨਹੀਂ ਹੋ ਰਿਹਾ। ਹੁਣ ਮੈਂ ਚਾਹੁੰਦਾ ਹਾਂ ਕਿ ਅਮਰੀਕਾ ਹੀ ਆ ਜਾਵਾ ਹਮੇਸ਼ਾਂ ਚੜ੍ਹਦੀ ਕਲਾਵਿਚ ਰਹਿਣ ਵਾਲਾ ਵਿਅਕਤੀ ਉਸ ਦਿਨ ਉਦਾਸ ਸੀ, ਤੇ ਸਵੇਰ ਵੇਲੇ ਦਿਲ ਫੇਲ ਹੋਣ ਕਰਕੇ ਆਪਣੇ ਜੱਦੀ ਪਿੰਡ ਬਨੂੜ ਵਿਚ ਆਪਣੇ ਸਭ ਸਨੇਹੀਆਂ ਅਤੇ ਲੋਕ ਹਿਤੈਸ਼ੀ ਜਥੇਬੰਦੀਆਂ ਨੂੰ ਅਲਵਿਦਾ ਆਖ ਤੁਰਦਾ ਬਣਿਆ। ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਫਰਕ ਨਹੀਂ ਸੀ।
ਪਰਮਜੀਤ ਸਿੰਘ ਪੰਮੀ ਆਪਣੀ ਸਕੂਲ ਦੀ ਪੜ੍ਹਾਈ ਸਮੇਂ ਹੀ ਖੇਡਾਂ ਨਾਲ ਜੁੜ ਗਏ। ਉਸੇ ਸਮੇਂ ਹੀ ਉਨ੍ਹਾਂ ਦਾ ਸਬੰਧ ਲੋਕ ਹਿਤੈਸ਼ੀ ਜਥੇਬੰਦੀਆਂ ਨਾਲ ਹੋਇਆ। ਪਰਮਜੀਤ ਸਿੰਘ ਸੰਧੂ ਅਨੁਸਾਰ ਉਨ੍ਹਾਂ ਉਤੇ ਵਧ ਪ੍ਰਭਾਵ ਪ੍ਰਸਿੱਧ ਅਜ਼ਾਦੀ ਸੰਗਰਾਮੀਏ ਤੇ ਕਲਸੀਆ ਲਹਿਰ ਦੇ ਮੋਢੀ ਆਗੂ ਬਾਬਤ ਸੁੰਦਰ ਸਿੰਘ ਕਲਸੀਆ ਦਾ ਸੀ ਜਿਹੜੇ ਆਪਣੀ ਜਵਾਨੀ ਵੇਲੇ ਆਪ ਵੀ ਪਹਿਲਵਾਨੀ ਕਰਦੇ ਸਨ ਤੇ ਫਿਰ ਫੌਜ ਵਿਚ ਵੀ ਭਰਤੀ ਹੋ ਗਏ।
ਯੁਨਾਈਟਡ ਸਪੋਰਟਸ ਕਲੱਬ ਦੇ ਸਰਪ੍ਰਸਤ ਅਮੋਲਕ ਸਿੰਘ ਗਾਖਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਮਜੀਤ ਪੰਮੀ ਕੋਚ ਦੀ ਉੱਤਰੀ ਅਮਰੀਕਾ ‘ਚ ਵੀ ਕਬੱਡੀ ਨੂੰ ਵੱਡੀ ਦੇਣ ਸੀ ‘ਤੇ ਉਹ ਯੁਨਾਇਟਡ ਸਪੋਰਟਸ ਕਲੱਬ ਕੈਲੀਫੋਰਨੀਆ ਦੇ ਫਾਂਊਡਰ ਵੀ ਸਨ। ਅੰਡਰ-21 ਵੀ ਪੰਮੀ ਦੀ ਹੀ ਦੇਣ ਹੈ। ਪਰਮਜੀਤ ਸਿੰਘ ਪੰਮੀ ਦੀ ਮੌਤ ਨਾਲ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪੰਮੀ ਕੋਚ ਦੀ ਮੌਤ ‘ਤੇ ਅਮੋਲਕ ਸਿੰਘ ਗਾਖਲ ਤੋਂ ਇਲਾਵਾ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ, ਮੱਖਣ ਸਿੰਘ ਬੈਂਸ, ਯੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਸਾਧੂ ਸਿੰਘ ਖਨੌਰ, ਗੁਰਦਾਵਰ ਸਿੰਘ ਮਹੇੜੂ, ਕੁਲਵੰਤ ਸਿੰਘ ਨਿੱਝਰ, ਬਲਜੀਤ ਸਿੰਘ ਸੰਧੂ ਅਤੇ ਨੱਥ ਸਿੰਘ ਗਾਖਲ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਇੰਡੋ ਅਮਰੀਕਨ ਕਲਚਰਲ ਅਰਗੇਨਾਈਜੇਸ਼ਨ ਨੂੰ ਭਾਰੀ ਘਾਟਾ
ਸੈਕਰਾਮੈਂਟੋ:
ਕਬੱਡੀ ਦੇ ਪ੍ਰਸਿੱਧ ਕੋਚ ਤੇ ਇੰਡੋ ਅਮਰੀਕਨ ਕਲਚਰਲ ਅਰਗੇਨਾਈਜੇਸ਼ਨ ਦੇ ਵਧੀਆ ਵਰਕਰ ਪਰਮਜੀਤ ਸਿੰਘ ਸੰਧੂ  ਦੇ ਹਮੇਸ਼ਾਂ ਲਈ ਵਿਛੜ ਜਾਣ ਉੱਤੇ ਇੰਡੋ ਅਮਰੀਕਨ ਕਲਚਰਲ ਅਰਗੇਨਾਈਜੇਸ਼ਨ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। ਪਰਮਜੀਤ ਸਿੰਘ ਪੰਮੀ ਇੰਡੋ ਅਮਰੀਕਨ ਆਰਗੇਨਾਈਜੇਸ਼ਨ ਦੇ ਸੰਪਰਕ ਵਿਚ ਸੰਨ 2003 ਵਿਚ ਗ਼ਦਰੀ ਬਾਬਿਆਂ ਦੇ ਯੂਨੀਅਨ ਸਿਟੀ ਵਿਚ ਹੋਏ ਮੇਲੇ ਸਮੇਂ ਸੰਪਰਕ ਵਿਚ ਆਏ। ਉਨ੍ਹਾਂ ਮੇਲੇ ਦੀ ਕਾਮਯਾਬੀ ਲਈ ਜੀਅ ਜਾਨ ਨਾਲ ਕੰਮ ਕੀਤਾ ਤੇ ਹਮੇਸ਼ਾ ਲਈ ਜੱਥੇਬੰਦੀ ਨਾਲ ਜੁੜ ਗਏ।
ਜਥੇਬੰਦੀ ਵਲੋਂ ਗਿਆਨ ਸਿੰਘ ਬਿਲਗਾ ਅਤੇ ਸੁਰਿੰਦਰ ਸਿੰਘ ਬਿੰਦਰਾ ਨੇ ਇੱਥੇ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਉਨ੍ਹਾਂ ਦੇ ਕੀਤੇ ਕੰਮਾਂ ਅਤੇ ਸਿਰੜੀ ਵਫਾਦਾਰੀ ਨੂੰ ਹਮੇਸ਼ਾ ਯਾਦ ਰੱਖੇਗੀ।
ਇੰਡੋ ਅਮਰੀਕਨ ਕਲਚਰਲ ਜੱਥੇਬੰਦੀ ਆਪਣੇ ਵਿਛੜ ਗਏ ਸਾਥੀ ਨੂੰ ਭਾਵ ਭਿਨੀ ਸ਼ਰਧਾਂਜਲੀ ਭੇਂਟ ਕਰਦੀ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਪਰਿਵਾਰ ਅਤੇ ਸਭ ਸਨੇਹੀਆਂ ਨਾਲ ਦੁਖ ਸਾਂਝਾ ਕਰਦੀ ਹੈ।