ਪੰਜਾਬ ਦੇ ਕਾਮਰੇਡਾਂ ਦੀ ਪਾਰਟੀ ਵਿਚ ਕਰੋੜਾਂ ਦਾ ਘਪਲਾ?

ਪੰਜਾਬ ਦੇ ਕਾਮਰੇਡਾਂ ਦੀ ਪਾਰਟੀ ਵਿਚ ਕਰੋੜਾਂ ਦਾ ਘਪਲਾ?

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਵਿਚ ਕਾਮਰੇਡਾਂ ਦੀ ਪ੍ਰਮੁੱਖ ਸਿਆਸੀ ਪਾਰਟੀ ਸੀਪੀਆਈ(ਮਾਰਕਸਵਾਦੀ) ਵਿਚ ਕਰੋੜਾਂ ਰੁਪਏ ਦੇ ਘਪਲੇ ਦੀਆਂ ਕਨਸੋਆਂ ਹਨ। ਪਾਰਟੀ ਦੀ ਕੇਂਦਰੀ ਕਮੇਟੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸੀਪੀਐੱਮ ਵਿਚ ਸਾਹਮਣੇ ਆਈਆਂ ਵਿੱਤੀ ਗੜਬੜੀਆਂ ਦੀ ਜਾਂਚ ਕਰਨ ਲਈ ਦੋ ਮੈਂਬਰੀ ਜਾਂਚ ਕਮਿਸ਼ਨ ਕਾਇਮ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮੁਹੰਮਦ ਸਲੀਮ ਅਤੇ ਯੋਗਿੰਦਰ ਸ਼ਰਮਾ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ। ਕਮਿਸ਼ਨ ਪਿਛਲੇ ਇੱਕ ਦਹਾਕੇ ਦੌਰਾਨ ਪਾਰਟੀ ਦੇ ਸਟੇਟ ਯੂਨਿਟ ਦੇ ਵਿਤੀ ਮਾਮਲਿਆਂ ਦੀ ਪੜਤਾਲ ਕਰੇਗਾ।
ਇਹ ਮੁੱਦਾ ਉਦੋਂ ਉਭਰ ਕੇ ਸਾਹਮਣੇ ਆਇਆ ਜਦੋਂ ਚਾਰ ਕੁ ਮਹੀਨੇ ਪਹਿਲਾਂ ਚਰਨ ਸਿੰਘ ਵਿਰਦੀ ਤੋਂ ਬਾਅਦ ਸੀਪੀਐੱਮ ਦੀ ਪੰਜਾਬ ਇਕਾਈ ਦੀ ਅਗਵਾਈ ਸੁਖਵਿੰਦਰ ਸਿੰਘ ਸੇਖੋਂ ਨੇ ਸੰਭਾਲੀ। ਇਹ ਕਥਿਤ ਦੋਸ਼ ਲੱਗਾ ਹੈ ਕਿ ਜਦੋਂ ਚਰਨ ਸਿੰਘ ਵਿਰਦੀ ਨੇ ਪਾਰਟੀ ਦੀ ਕਮਾਂਡ ਸੰਭਾਲੀ ਸੀ ਤਾਂ ਉਸ ਨੂੰ ਤਿੰਨ ਕਰੋੜ ਰੁਪਏ ਸੰਭਾਲੇ ਗਏ ਸਨ। ਇਨ੍ਹਾਂ ਵਿੱਚੋਂ ਡੇਢ ਕਰੋੜ ਦੇ ਕਰੀਬ ਰਾਸ਼ੀ ਪਾਰਟੀ ਦੀ ਸੀ ਅਤੇ ਏਨੀ ਹੀ ਰਕਮ ਪਾਰਟੀ ਵੱਲੋਂ ਚਲਾਏ ਜਾਂਦੇ ਅਖ਼ਬਾਰ ਦੇਸ਼ ਸੇਵਕ ਦੇ ਟਰੱਸਟ ਕੋਲ ਸੀ। ਅਖ਼ਬਾਰ ਦੇ ਮਾਮਲੇ ਵਿਰਦੀ ਅਤੇ ਕੇਂਦਰੀ ਕਮੇਟੀ ਦੇ ਸਾਬਕਾ ਮੈਂਬਰ ਵਿਜੈ ਮਿਸ਼ਰਾ ਦੇਖਦੇ ਸਨ। ਜਦੋਂ ਕਾਮਰੇਡ ਵਿਰਦੀ ਨੇ ਅਹੁਦਾ ਛੱਡਿਆ ਤਾਂ ਪਾਰਟੀ ਅਤੇ ਟਰੱਸਟ ਕੋਲ ਸਿਰਫ਼ 10,000 ਰੁਪਏ ਸਨ। ਇਸ ਮਾਮਲੇ ਵਿੱਚ ਕਾਮਰੇਡ ਸੁਖਵਿੰਦਰ ਸੇਖੋਂ ਅਤੇ ਵਿਰਦੀ ਨੇ ਇਹ ਕਹਿ ਕੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਖ਼ਬਾਰ ਦੇਸ਼ ਸੇਵਕ ਦੇ 20 ਸਾਲ ਪੂਰੇ ਹੋਣ ਉੱਤੇ ਬੁਲਾਏ ਸਮਾਗਮ ਵਿੱਚ ਬੁਲਾਇਆ ਗਿਆ ਸੀ ਜਿਸ ਦਾ ਪਾਰਟੀ ਕੇਡਰ ਅਤੇ ਕੇਂਦਰੀ ਕਮੇਟੀ ਨੇ ਬੁਰਾ ਮਨਾਇਆ ਸੀ।