ਚੀਨ ਦਾ ਮੌਜੂਦਾ ਰਾਸ਼ਟਰਪਤੀ ਤਾਉਮਰ ਰਹੇਗਾ ਕੁਰਸੀ ‘ਤੇ ਬਿਰਾਜਮਾਨ

ਚੀਨ ਦਾ ਮੌਜੂਦਾ ਰਾਸ਼ਟਰਪਤੀ ਤਾਉਮਰ ਰਹੇਗਾ ਕੁਰਸੀ ‘ਤੇ ਬਿਰਾਜਮਾਨ

ਪੇਈਚਿੰਗ/ਬਿਊਰੋ ਨਿਊਜ਼:
ਚੀਨ ਦੀ ਰਬੜ ਸਟੈਂਪ ਵਜੋਂ ਜਾਣੀ ਜਾਂਦੀ ਸੰਸਦ ਨੇ ਸੰਵਿਧਾਨ ‘ਚ ਇਤਿਹਾਸਕ ਸੋਧ ਕਰਦਿਆਂ ਸ਼ੀ ਜਿਨਪਿੰਗ (64) ਦੇ ਤਾ-ਉਮਰ ਮੁਲਕ ਦਾ ਰਾਸ਼ਟਰਪਤੀ ਬਣੇ ਰਹਿਣ ‘ਤੇ ਮੋਹਰ ਲਗਾ ਦਿੱਤੀ ਹੈ। ਸੰਸਦ ਨੇ ਰਾਸ਼ਟਰਪਤੀ ਅਹੁਦੇ ਦੀ ਮਿਆਦ ਦੀ ਹੱਦ ਨੂੰ ਖ਼ਤਮ ਕਰ ਦਿੱਤਾ ਹੈ। ਚੀਨ ਦੇ ਪਿਛਲੇ ਕਈ ਦਹਾਕਿਆਂ ਤੋਂ ਸਭ ਤੋਂ ਵਧ ਤਾਕਤਵਰ ਆਗੂ ਮੰਨੇ ਜਾ ਰਹੇ ਸ਼ੀ ਦੇ ਹੱਥ ਕਮਿਊਨਿਸਟ ਪਾਰਟੀ ਆਫ਼ ਚੀਨ (ਸੀਪੀਸੀ) ਅਤੇ ਫ਼ੌਜ ਦੀ ਵਾਗਡੋਰ ਹੈ। ਪਾਰਟੀ ਦੇ ਬਾਨੀ ਚੇਅਰਮੈਨ ਮਾਓ ਜ਼ੇ ਤੁੰਗ ਤੋਂ ਬਾਅਦ ਸ਼ੀ ਉਮਰ ਭਰ ਸੱਤਾ ‘ਚ ਰਹਿਣ ਵਾਲੇ ਪਹਿਲੇ  ਆਗੂ ਬਣ ਗਏ ਹਨ। ਸ਼ੀ ਇਸ ਮਹੀਨੇ ਰਾਸ਼ਟਰਪਤੀ ਦੇ ਦੂਜੇ ਪੰਜ ਸਾਲ ਦੇ ਕਾਰਜਕਾਲ ਨੂੰ ਸੰਭਾਲਣ ਦੀ ਤਿਆਰੀ ਕਰ ਰਹੇ ਹਨ। ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਨੇ ਆਪਣੀ ਸਾਖ਼ ਰਬੜ ਸਟੈਂਪ ਵਜੋਂ ਰੱਖੀ ਹੋਈ ਹੈ ਅਤੇ ਉਸ ਵੱਲੋਂ ਸੀਪੀਸੀ ਦੀਆਂ ਤਜਵੀਜ਼ਾਂ ਨੂੰ ਹੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸਰਕਾਰੀ ਮੀਡੀਆ ਨੇ ਦੱਸਿਆ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਹੁਦੇ ਦੀ ਮਿਆਦ ਦੀ ਹੱਦ ਖ਼ਤਮ ਕਰਨ ਦੀ ਪ੍ਰਵਾਨਗੀ ਐਨਪੀਸੀ ਨੇ ਦਿੱਤੀ। ਸੋਧ ਬਿਲ ਦੇ ਹੱਕ ‘ਚ 2958 ਵੋਟ ਪਏ ਜਦੋਂ ਕਿ ਦੋ ਖਿਲਾਫ਼ ਵੋਟ ਪਾਏ ਅਤੇ ਤਿੰਨ ਵੋਟਿੰਗ ‘ਚੋਂ ਗ਼ੈਰਹਾਜ਼ਰ ਰਹੇ। ਵਿਰੋਧ ਵਾਲੇ ਦੋ ਵੋਟਾਂ ਨੂੰ ਵੀ ਸਰਕਾਰੀ ਮਨਜ਼ੂਰੀ ਸੀ ਪਰ ਇਹ ਇਸ ਲਈ ਦਰਜ ਕੀਤੇ ਗਏ ਤਾਂ ਜੋ ਭਿੰਨਤਾ ਦਿਖਾਈ ਜਾ ਸਕੇ। ਸ਼ੀ ਨੇ ਸਭ ਤੋਂ ਪਹਿਲਾਂ ਲਾਲ ਬਕਸੇ ‘ਚ ਆਪਣੀ ਵੋਟ ਪਾਈ। ਐਨਪੀਸੀ ਅਗਲੇ ਕੁਝ ਦਿਨਾਂ ‘ਚ ਚੋਟੀ ਦੇ ਸਰਕਾਰੀ ਅਹੁਦਿਆਂ ਦੇ ਨਵੇਂ ਨਾਮ ਰੱਖੇਗੀ। ਇਸ ਦੇ ਨਾਲ ਪੂਰੀ ਕੈਬਨਿਟ ਸਮੇਤ ਚੀਨੀ ਸਰਕਾਰ ‘ਚ ਬਦਲਾਅ ਵੀ ਨਜ਼ਰ ਆਏਗਾ। ਮਾਹਿਰਾਂ ਦਾ ਮੰਨਣਾ ਹੈ ਕਿ ਸੰਵਿਧਾਨਕ ਸੋਧ ਨਾਲ ਮੁਲਕ ਇਕ ਪਾਰਟੀ ਤੋਂ ਹੁਣ ਇਕ ਆਗੂ ਵਾਲੇ ਮੁਲਕ ‘ਚ ਤਬਦੀਲ ਹੋ ਗਿਆ ਹੈ। ਸ਼ੀ ਦੇ ਲੰਬੇ ਸਮੇਂ ਤਕ ਚੀਨ ਦੇ ਮੁਖੀ ਬਣੇ ਰਹਿਣ ਨਾਲ ਗੁਆਂਢੀਆਂ ਖਾਸ ਕਰਕੇ ਭਾਰਤ ਦੇ ਮਾਹਿਰਾਂ ਨੇ ਚਿੰਤਾ ਜਤਾਈ ਹੈ।
ਭ੍ਰਿਸ਼ਟਾਚਾਰ ਤੋਂ ਆਪਣੇ ਪਰਿਵਾਰਾਂ ਨੂੰ ਲਾਂਭੇ ਰੱਖੋ: ਜਿਨਪਿੰਗ: ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੀਨੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਪਰਿਵਾਰਾਂ ਨੂੰ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਤੋਂ ਰੋਕਣ ਦਾ ਪ੍ਰਬੰਧ ਕਰਨ। ਨੈਸ਼ਨਲ ਪੀਪਲਜ਼ ਕਾਂਗਰਸ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜ਼ਾਬਤਾ ਰੱਖਣ ਅਤੇ ਲਾਲਚ ‘ਚ ਨਾ ਆਉਣ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਾਪਿਆਂ ਦੇ ਨਾਮ ਅਤੇ ਅਹੁਦੇ ਦੀ ਦੁਰਵਰਤੋਂ ਨਾ ਕਰਨ ਦਿਉ। ਸ਼ੀ ਨੇ ਕਿਹਾ ਕਿ ਅਧਿਕਾਰੀ ਕਦੇ ਵੀ ਰੇਖਾ ਨੂੰ ਪਾਰ ਨਾ ਕਰਨ ਅਤੇ ਭ੍ਰਿਸ਼ਟਾਚਾਰ ਤੋਂ ਬਚੇ ਰਹਿਣ। ਉਨ੍ਹਾਂ ਅਧਿਕਾਰੀਆਂ ਨੂੰ ਮਿਸਾਲ ਪੇਸ਼ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਕਾਨੂੰਨ ਦੇ ਰਾਜ ਦਾ ਪਾਲਣ ਕਰਨ।