ਸਿੱਖ ਜਥੇਬੰਦੀਆਂ ਵੱਲੋਂ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਂਪਣ ਵਿਰੁੱਧ ਰੋਸ-ਮੁਜ਼ਾਹਰਾ

ਸਿੱਖ ਜਥੇਬੰਦੀਆਂ ਵੱਲੋਂ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਂਪਣ ਵਿਰੁੱਧ ਰੋਸ-ਮੁਜ਼ਾਹਰਾ
ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ ਕਰਦੀਆਂ ਹੋਈਆਂ ਸਿੱਖ ਜਥੇਬੰਦੀਆਂ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਥਕ ਤਾਲਮੇਲ ਸੰਗਠਨ ਦੇ ਝੰਡੇ ਹੇਠ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਬਰਗਾੜੀ ਕਾਂਡ ਦੀ ਜਾਂਚ ਨੂੰ ਸਰਕਾਰ ਵੱਲੋਂ ਸੀਬੀਆਈ ਦੇ ਹਵਾਲੇ ਕਰਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੇ ਵਿਰੋਧ ਵਿਚ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਇਸ ਸਬੰਧੀ ਇਥੇ ਭੰਡਾਰੀ ਪੁਲ ‘ਤੇ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਤਖ਼ਤੀਆਂ ਲੈ ਕੇ ਰੋਸ ਵਿਖਾਵਾ ਕੀਤਾ ਅਤੇ ਧਰਨਾ ਦਿੱਤਾ। ਰੋਸ ਧਰਨੇ ਦੀ ਅਗਵਾਈ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕੀਤੀ। ਉਨ੍ਹਾਂ ਨਾਲ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ, ਸੁਖਵਿੰਦਰ ਸਿੰਘ ਗੋਇੰਦਵਾਲ, ਰਛਪਾਲ ਸਿੰਘ ਹੁਸ਼ਿਆਰਪੁਰ, ਪ੍ਰਭਸ਼ਰਨ ਸਿੰਘ ਲੁਧਿਆਣਾ ਤੇ ਹੋਰ ਸਿੱਖ ਆਗੂ ਹਾਜ਼ਰ ਸਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਰਗਾੜੀ ਕੇਸ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਨੂੰ ਸੀਬੀਆਈ ਹਵਾਲੇ ਕਰਨ ਦਾ ਵਿਰੋਧ ਕਰਦਿਆਂ ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੀ ਨੀਅਤ ਸਾਫ਼ ਨਹੀਂ ਹੈ। ਉਹ ਦੋਸ਼ੀਆਂ ਤੇ ਪਿਛਲੀ ਸਰਕਾਰ ਦੇ ਆਗੂਆਂ ਨੂੰ ਬਚਾਉਣ ਲਈ ਇਸ ਦੀ ਜਾਂਚ ਸੀਬੀਆਈ ਨੂੰ ਸੌਂਪ ਰਹੀ ਹੈ। ਉਨ੍ਹਾਂ ਆਖਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਤੇ ਰਿਪੋਰਟ ਵਿਚ ਜਿਨ੍ਹਾਂ ਪੁਲੀਸ ਅਧਿਕਾਰੀਆਂ ਦੀ ਬਹਿਬਲ ਕਲਾਂ ਗੋਲੀ ਕਾਂਡ ‘ਚ ਸ਼ਮੂਲੀਅਤ ਦੱਸੀ ਗਈ ਹੈ, ਉਨ੍ਹਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਧਰਨੇ ਵਿਚ ਅਮਰਜੀਤ ਸਿੰਘ ਭਾਟੀਆ, ਗੁਰਚਰਨ ਸਿੰਘ, ਰਾਜਿੰਦਰ ਸਿੰਘ, ਬਰਿੰਦਰ ਸਿੰਘ, ਕੈਪਟਨ ਪਿਆਰਾ ਸਿੰਘ, ਮਾਸਟਰ ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ, ਹਰਦੀਪ ਸਿੰਘ, ਗੁਰਜੰਟ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।