ਅਕਾਲ ਫੈਡਰੇਸ਼ਨ ਦੇ ਆਗੂ ਭਾਈ ਨਰਾਇਣ ਸਿੰਘ ਚੌੜਾ ਨੂੰ ਮਿਲੀ ਜ਼ਮਾਨਤ

ਅਕਾਲ ਫੈਡਰੇਸ਼ਨ ਦੇ ਆਗੂ ਭਾਈ ਨਰਾਇਣ ਸਿੰਘ ਚੌੜਾ ਨੂੰ ਮਿਲੀ ਜ਼ਮਾਨਤ

ਪੁਲੀਸ ਹਿਰਾਸਤ ਵਿਚ ਭਾਈ ਨਰਾਇਣ ਸਿੰਘ ਚੌੜਾ ਦੀ ਪੁਰਾਣੀ ਤਸਵੀਰ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਅਕਾਲ ਫੈਡਰੇਸ਼ਨ ਦੇ ਆਗੂ ਭਾਈ ਨਰਾਇਣ ਸਿੰਘ ਚੌੜਾ ਨੂੰ ਵੱਖ ਵੱਖ ਕੇਸਾਂ ਵਿਚ ਜ਼ਮਾਨਤ ਮਿਲਣ ਮਗਰੋਂ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵੱਲੋਂ ਉਸ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਉਨ੍ਹਾਂ ਆਖਿਆ ਕਿ ਕਾਰ ਧਮਾਕਾ ਮਾਮਲੇ ਵਿਚ ਉਹ ਨਿਰਦੋਸ਼ ਹੈ ਅਤੇ ਪੁਲੀਸ ਵੱਲੋਂ ੳੁਸ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਯਤਨ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲੀਸ ਹੁਣ ਤਕ ਅਦਾਲਤ ਵਿਚ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਉਨ੍ਹਾਂ ਦੱਸਿਆ ਕਿ ਕਈ ਕੇਸਾਂ ਵਿਚੋਂ ਉਹ ਬਰੀ ਹੋ ਗਿਆ ਹੈ ਅਤੇ ਕੁਝ ਕੇਸਾਂ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਪਿਛਲੇ ਲਗਪਗ ਡੇਢ ਸਾਲ ਤੋਂ ਕਿਸੇ ਵੀ ਕੇਸ ਦੀ ਸੁਣਵਾਈ ਨਹੀਂ ਹੋਈ ਅਤੇ ਜਾਣਬੁੱਝ ਕੇ ਜੇਲ੍ਹ ਵਿਚ ਬੰਦ ਰੱਖਣ ਦੇ ਯਤਨ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰੇ ਅਪਰਾਧਿਕ ਮਾਮਲੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਸਨ ਅਤੇ ਇਸ ਪਿੱਛੇ ਅਕਾਲੀ ਆਗੂਆਂ ਦਾ ਹੱਥ ਸੀ।
ਜੇਲ੍ਹ ਵਿਚੋਂ ਰਿਹਾਅ ਹੋਣ ਮਗਰੋਂ ਮੁੜ ਪੰਥਕ ਸਰਗਰਮੀਆਂ ਸ਼ੁਰੂ ਕਰਨ ਬਾਰੇ ਉਨ੍ਹਾਂ ਆਖਿਆ ਕਿ ਇਸ ਵੇਲੇ ਪੰਥਕ ਫਰੰਟ ਕਾਇਮ ਕਰਨ ਦੀ ਲੋੜ ਹੈ। ਉਨ੍ਹਾਂ ਮੁਤਵਾਜ਼ੀ ਜਥੇਦਾਰਾਂ ਨੂੰ ਸਮਰਥਨ ਦਿੰਦਿਆਂ ਆਖਿਆ ਕਿ ਮੌਜੂਦਾ ਜਥੇਦਾਰਾਂ ਨੂੰ ਕੌਮ ਨਕਾਰ ਚੁੱਕੀ ਹੈ ਅਤੇ ਨੈਤਿਕ ਆਧਾਰ ‘ਤੇ ਉਨ੍ਹਾਂ ਨੂੰ ਅਹੁਦਿਆਂ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿਚ ਨਸ਼ਿਆਂ ਦਾ ਕਾਰੋਬਾਰ ਇਕ ਵੱਡੀ ਸਾਜਿਸ਼ ਹੈ, ਜਿਸ ਤਹਿਤ ਸਿੱਖ ਕੌਮ ਨੂੰ ਬਦਨਾਮ ਅਤੇ ਤਬਾਹ ਕੀਤਾ ਜਾ ਰਿਹਾ ਹੈ। ਇਸ ਮੌਕੇ ਦੇ ੳੁਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਹਾਜ਼ਰ ਸਨ। ਦੱਸਣਯੋਗ ਹੈ ਕਿ ਭਾਈ ਨਰਾਇਣ ਸਿੰਘ ਚੌੜਾ ਨੂੰ ਸੰਨ 2013 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਲਗਪਗ ਪੰਜ ਵਰ੍ਹੇ ਜੇਲ੍ਹ ਵਿਚ ਰਹਿਣ ਮਗਰੋਂ ਹੁਣ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ।