ਸੁਖਪਾਲ ਖਹਿਰਾ ਦੀ ਅਗਵਾਈ ‘ਚ ‘ਆਪ’ ਪੰਜਾਬ ਵੱਲੋਂ ਦਿੱਲੀ ਦੀ ਪੰਜਾਲੀ ਗਲੋਂ ਲਾਹੁਣ ਦਾ ਐਲਾਨ

ਸੁਖਪਾਲ ਖਹਿਰਾ ਦੀ ਅਗਵਾਈ ‘ਚ ‘ਆਪ’ ਪੰਜਾਬ ਵੱਲੋਂ ਦਿੱਲੀ ਦੀ ਪੰਜਾਲੀ ਗਲੋਂ ਲਾਹੁਣ ਦਾ ਐਲਾਨ

ਬਠਿੰਡਾ ਵਿਚ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀ ਗਈ ਰੈਲੀ ਵਿਚ ਸ਼ਾਮਲ ਆਗੂ ਤੇ ਲੋਕ।

ਬਠਿੰਡਾ/ਬਿਊਰੋ ਨਿਊਜ਼ :

ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਬਠਿੰਡਾ ਰੈਲੀ ਵਿਚ ਛੇ ਮਤੇ ਪਾਸ ਕਰਕੇ ਦਿੱਲੀ ਹਾਈ ਕਮਾਂਡ ਦੀ ਪੰਜਾਲੀ ਆਪਣੇ ਗਲੋਂ ਲਾਹੁਣ ਦਾ ਵੱਡਾ ਹੰਭਲਾ ਮਾਰਿਆ ਹੈ। ਇਸ ਮੌਕੇ ਮਤਾ ਪਾਸ ਕਰਕੇ ‘ਆਪ’ ਦਾ ਪੰਜਾਬ ਯੂਨਿਟ ਭੰਗ ਕਰਕੇ ਨਵਾਂ ਸੰਗਠਨ ਬਣਾਉਣ ਦਾ ਐਲਾਨ ਕੀਤਾ ਅਤੇ ਪੰਜਾਬ ਯੂਨਿਟ ਨੂੰ ਖ਼ੁਦਮੁਖ਼ਤਿਆਰ ਬਣਾਉਣ ਦਾ ਫ਼ੈਸਲਾ ਕੀਤਾ। ਬਾਗ਼ੀ ਵਿਧਾਇਕਾਂ ਨੇ ਮਤਾ ਪਾਸ ਕਰਕੇ ‘ਆਪ’ ਵੱਲੋਂ ਐਲਾਨੇ ਨਵੇਂ ਵਿਰੋਧੀ ਧਿਰ ਦੇ ਨੇਤਾ ਦੀ ਨਿਯੁਕਤੀ ਨੂੰ ਖ਼ਾਰਜ ਕਰਕੇ ਹਾਈ ਕਮਾਨ ਨੂੰ ਅਲਟੀਮੇਟਮ ਦਿੱਤਾ ਕਿ ਹਫ਼ਤੇ ਦੇ ਅੰਦਰ ‘ਆਪ’ ਵਿਧਾਇਕਾਂ ਦੀ ਮੀਟਿੰਗ ਬੁਲਾ ਕੇ ਵਿਰੋਧੀ ਧਿਰ ਦੇ ਨਵੇਂ ਨੇਤਾ ਦੀ ਚੋਣ ਕੀਤੀ ਜਾਵੇ।
ਇਸ ਤਰ੍ਹਾਂ ਕਰੀਬ ਇਕ ਤਿਹਾਈ ਬਾਗ਼ੀ ਵਿਧਾਇਕਾਂ ਨੇ ‘ਬਠਿੰਡਾ ਰੈਲੀ’ ‘ਚ ਮਜ਼ਬੂਤ ਤਾਕਤ ਦਾ ਵਿਖਾਵਾ ਕਰਕੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਹੈ ਜਿਸ ਨਾਲ ਪੰਜਾਬ ‘ਚ ਹੁਣ ‘ਆਪ’ ਦੇ ਦੋਫਾੜ ਹੋਣ ਦਾ ਮੁੱਢ ਬੱਝ ਗਿਆ ਹੈ। ਖਹਿਰਾ ਧੜੇ ਨੇ ‘ਆਪ’ ਦੀ ਹਾਈਕਮਾਨ ਨੂੰ ਸਿੱਧੀ ਚੁਣੌਤੀ ਦੇ ਕੇ ਪੰਜਾਬ ਯੂਨਿਟ ਨੂੰ ਖ਼ੁਦਮੁਖ਼ਤਿਆਰ ਐਲਾਨ ਦਿੱਤਾ। ‘ਬਠਿੰਡਾ ਰੈਲੀ’ ਨੂੰ ਵੱਡਾ ਹੁੰਗਾਰਾ ਮਿਲਣ ਮਗਰੋਂ ਬਾਗ਼ੀ ਧੜੇ ਨੇ ਦਿੱਲੀ ਪ੍ਰਤੀ ਆਪਣੇ ਤੇਵਰ ਤਿੱਖੇ ਕਰ ਲਏ। ਬਾਗ਼ੀ ਧੜੇ ਨੇ ਹਾਈ ਕਮਾਨ ਨੂੰ ਦੋ ਟੁੱਕ ਲਫ਼ਜ਼ਾਂ ‘ਚ ਸੁਨੇਹਾ ਦਿੱਤਾ ਕਿ ਪੰਜਾਬ ਨੂੰ ਹੁਣ ਹਾਈਕਮਾਨ ਦੇ ਫ਼ੈਸਲੇ ਮਨਜ਼ੂਰ ਨਹੀਂ। ਬਠਿੰਡਾ ਰੈਲੀ ‘ਚ ਸੁਖਪਾਲ ਸਿੰਘ ਖਹਿਰਾ ਸਮੇਤ ਸੱਤ ‘ਆਪ’ ਵਿਧਾਇਕਾਂ ਨੇ ਹਾਜ਼ਰੀ ਭਰੀ ਜਿਨ੍ਹਾਂ ਨੇ ਹਿੱਕ ਥਾਪੜ ਕੇ ਹਾਈ ਕਮਾਨ ਖ਼ਿਲਾਫ਼ ਭੜਾਸ ਕੱਢੀ। ਕਰੀਬ ਤਿੰਨ ਘੰਟੇ ਚੱਲੇ ਤਿੱਖੇ ਭਾਸ਼ਣਾਂ ਮੌਕੇ ਨਾਅਰੇ ਵੀ ਗੂੰਜਦੇ ਰਹੇ। ਕਨਵੈਨਸ਼ਨ ਦੇ ਅਖੀਰ ‘ਚ ਛੇ ਮਤੇ ਪਾਸ ਕੀਤੇ ਗਏ ਜਿਨ੍ਹਾਂ ਲਈ ਜੁੜੇ ਇਕੱਠ ਤੋਂ ਹੱਥ ਖੜ੍ਹੇ ਕਰਾ ਕੇ ਪ੍ਰਵਾਨਗੀ ਲਈ ਗਈ।
ਬਾਗ਼ੀ ਧੜੇ ਨੇ ਐਲਾਨ ਕੀਤਾ ਕਿ ਉਹ 12 ਅਗਸਤ ਤੋਂ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸ਼ੁਰੂ ਕਰਨਗੇ। 22 ਜ਼ਿਲ੍ਹਾ ਪ੍ਰੋਗਰਾਮ ਕਰਨ ਮਗਰੋਂ ਮਾਝੇ, ਦੁਆਬੇ ਅਤੇ ਮਾਲਵੇ ਵਿਚ ਵੱਡੇ ਇਕੱਠ ਕੀਤੇ ਜਾਣਗੇ। ਬਾਗ਼ੀ ਧੜੇ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਹਮਖ਼ਿਆਲ ਪਾਰਟੀਆਂ ਨਾਲ ਮਿਲ ਕੇ ਤੀਸਰਾ ਬਦਲ ਉਸਾਰਿਆ ਜਾਵੇਗਾ। ਹਾਈਕਮਾਨ ਦੇ ਦਲਿਤ ਪੱਤੇ ‘ਤੇ ਦਹਿਲਾ ਮਾਰਨ ਲਈ ਖਹਿਰਾ ਧੜੇ ਨੇ ਪੰਜਾਬੀ ਪੱਤਾ ਖੇਡਿਆ। ਬਾਗ਼ੀ ਵਿਧਾਇਕਾਂ ਨੇ ਸਟੇਜ ਤੋਂ ਪੰਥਕ ਚਿਹਰਾ ਵੀ ਵਿਖਾਇਆ ਤੇ ਪੰਜਾਬੀਆਂ ਦੀ ਅਣਖ ਤੇ ਗ਼ੈਰਤ ਦੀ ਤੰਦ ਵਾਰ ਵਾਰ ਛੇੜੀ ਗਈ। ਭਾਵੁਕ ਹੋਏ ਸੁਖਪਾਲ ਖਹਿਰਾ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਰੈਲੀ ਤੋਂ ਦੂਰ ਰਹਿਣ ਵਾਲੇ ‘ਆਪ’ ਵਿਧਾਇਕਾਂ ਨੂੰ ਪਿੰਡਾਂ ਵਿਚ ਨਾ ਵੜਨ ਦੇਣ। ਉਨ੍ਹਾਂ ਹਾਈ ਕਮਾਨ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਟਿਕਟਾਂ ਵੇਚਣ, ਟਿਕਟਾਂ ਦੀ ਗ਼ਲਤ ਵੰਡ ਅਤੇ ਹਾਈਕਮਾਂਡ ਦੀ ਗੈਰਜਮਹੂਰੀ ਸੋਚ ਨੂੰ ਨਿਸ਼ਾਨੇ ‘ਤੇ ਰੱਖਿਆ।
ਸੁਖਪਾਲ ਖਹਿਰਾ ਨੇ ਆਪਣੇ ਇੱਕ ਘੰਟੇ ਦੇ ਭਾਸ਼ਣ ਵਿਚ ਪੰਜਾਬ ਦੇ ਬੁਨਿਆਦੀ ਮਸਲੇ ਚੰਡੀਗੜ੍ਹ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ ਅਤੇ ਪਾਣੀਆਂ ਦੀ ਗੱਲ ਕਰਦੇ ਹੋਏ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮਸਲਾ ਉਭਾਰਿਆ। ਉਨ੍ਹਾਂ ਗੁਆਂਢੀ ਸੂਬਿਆਂ ਤੋਂ ਪਾਣੀ ਦੀ ਰਾਇਲਟੀ ਲੈਣ ਦੀ ਗੱਲ ਦੁਹਰਾਈ। ਖਹਿਰਾ ਨੇ ਬਾਦਲ ਤੇ ਕੈਪਟਨ ਪਰਿਵਾਰ ਦੀ ‘ਦੋਸਤਾਨਾ ਮੈਚ’ ਦੀ ਗੱਲ ਕਰਦੇ ਹੋਏ ਪੰਜਾਬ ਨੂੰ ਦੋ ਟੱਬਰਾਂ ਵੱਲੋਂ ਲੁੱਟੇ ਜਾਣ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਕਿਸਾਨੀ ਤੇ ਜਵਾਨੀ ਤੋਂ ਇਲਾਵਾ ਵਪਾਰੀਆਂ ਦੇ ਦੁੱਖਾਂ ਦਰਦਾਂ ਦਾ ਮੁੱਦਾ ਵੀ ਛੋਹਿਆ। ਉਨ੍ਹਾਂ ਆਖਿਆ ਕਿ ਹਾਈ ਕਮਾਨ ਦੇ ਦੋ ਸੂਬੇਦਾਰਾਂ ਨੇ ਪੰਜਾਬ ਵਿਚ ਚੋਣਾਂ ਵੇਲੇ ਟਿਕਟਾਂ ਵੇਚੀਆਂ ਅਤੇ ਗ਼ਲਤ ਟਿਕਟਾਂ ਦੀ ਵੰਡ ਕਰਕੇ ਪਾਰਟੀ ਪੰਜਾਬ ਵਿੱਚ ਸੌ ਸੀਟਾਂ ਤੋਂ 20 ਸੀਟਾਂ ਤਕ ਸਿਮਟ ਗਈ।
ਖਹਿਰਾ ਧੜੇ ‘ਚੋਂ ਸੀਨੀਅਰ ਵਿਧਾਇਕ ਕੰਵਰ ਸੰਧੂ ਨੇ ਕਨਵੈਨਸ਼ਨ ਵਿਚ ਮਤੇ ਪੜ੍ਹੇ ਅਤੇ ਉਸ ਤੋਂ ਪਹਿਲਾਂ ਸੰਧੂ ਨੇ ਆਖਿਆ ਕਿ ਜਦੋਂ ਦਿੱਲੀ ਦੀ ਲੀਡਰਸ਼ਿਪ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਉਹ ਲੋਕ ਕਚਹਿਰੀ ਵਿਚ ਆਏ ਹਨ। ਉਨ੍ਹਾਂ ਆਖਿਆ ਕਿ ਹਾਈਕਮਾਨ ਪੰਜਾਬ ਦੀ ਖ਼ੁਦਮੁਖ਼ਤਿਆਰੀ ਦੇ ਮਾਮਲੇ ‘ਤੇ ਚੁੱਪ ਹੋ ਜਾਂਦੀ ਹੈ ਜਦੋਂ ਕਿ ਖ਼ੁਦ ਐਲ.ਜੀ ਦਫ਼ਤਰ ਵਿਚ ਧਰਨਾ ਮਾਰ ਕੇ ਖ਼ੁਦਮੁਖ਼ਤਿਆਰੀ ਮੰਗਦੀ ਹੈ। ਸ੍ਰੀ ਸੰਧੂ ਨੇ ਚੋਣਾਂ ਵਿਚ 50 ਸੀਟਾਂ ਗ਼ਲਤ ਟਿਕਟਾਂ ਦੀ ਵੰਡ ਕਰਕੇ ਹਾਰਨ ਦੀ ਗੱਲ ਆਖੀ।
ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਖਿਆ ਕਿ ਹਾਈਕਮਾਨ ਨੂੰ ਹੋਰਨਾਂ ਅਹੁਦਿਆਂ ਤੇ ਕਦੇ ਦਲਿਤ ਨੇਤਾ ਲਾਏ ਜਾਣ ਦਾ ਚੇਤਾ ਨਹੀਂ ਆਇਆ ਅਤੇ ਖਹਿਰਾ ਨੂੰ ਲਾਹੁਣ ਲਈ ਦਲਿਤ ਪੱਤਾ ਖੇਡਿਆ। ਵਿਧਾਇਕ ਜਗਦੇਵ ਕਮਾਲੂ ਨੇ ਆਖਿਆ ਕਿ ਅੱਜ ਨਵੀਂ ਸ਼ੁਰੂਆਤ ਹੋਈ ਹੈ ਅਤੇ ਪੰਜਾਬ ਨੂੰ ਬਚਾਉਣ ਲਈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ। ਵਿਧਾਇਕ ਪਿਰਮਲ ਸਿੰਘ, ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ ਨੇ ਪੰਜਾਬ ਯੂਨਿਟ ਦੀ ਖ਼ੁਦਮੁਖ਼ਤਿਆਰੀ ਦੀ ਗੱਲ ਕੀਤੀ।

ਉਧਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਗਿਆਰਾਂ ਵਿਧਾਇਕਾਂ ਨੇ ਦਿੱਲੀ ਵਿਖੇ ‘ਆਪ’ ਹਾਈ ਕਮਾਂਡ ਨਾਲ ਮੁਲਾਕਾਤ ਕਰਕੇ ਪਾਰਟੀ ਨਾਲ ਵਫ਼ਦਾਰੀ ਪੇਸ਼ ਕੀਤੀ। ਇਹ ਵਿਧਾਇਕ ਏਮਜ਼ ਵਿਖੇ ਭਰਤੀ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਮਿਜਾਜ਼ਪੁਰਸ਼ੀ ਸਬੰਧੀ ਦਿੱਲੀ ਪੁੱਜੇ ਸਨ। ਭਗਵੰਤ ਮਾਨ ਨਾਲ ਮੁਲਾਕਾਤ ਮਗਰੋਂ ਉਨ੍ਹਾਂ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਇਸ ਮੁਲਾਕਾਤ ਦੌਰਾਨ ਬਠਿੰਡਾ ਵਿਖੇ ਬਾਗ਼ੀ ਤੇਵਰ ਅਖ਼ਤਿਆਰ ਕਰ ਗਏ ਸੁਖਪਾਲ ਸਿੰੰਘ ਖਹਿਰਾ ਤੇ ਉਨ੍ਹਾਂ ਨਾਲ ਚੱਲ ਰਹੇ ਸਾਥੀ ਵਿਧਾਇਕਾਂ ਨੂੰ ਮਿਲੇ ਹੁੰਗਾਰੇ ਤੋਂ ਹਾਈ ਕਮਾਂਡ ਚਿੰਤਤ ਨਜ਼ਰ ਆਈ ਤੇ ਪਾਰਟੀ ਟੁੱਟਣ ਦੇ ਆਸਾਰ ਟਾਲਣ ਬਾਰੇ ਚਰਚਾ ਕੀਤੀ ਗਈ। ਬੈਠਕ ਮਗਰੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਉਨ੍ਹਾਂ ਵਿਧਾਇਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਬਠਿੰਡਾ ਵਿਖੇ ਹੋਰ ਇਕੱਠ ਸਮੇਂ ਹਾਜ਼ਰ ਸਨ।