ਲਓ! ਕਰ ਲੋ ਗੱਲ

ਲਓ! ਕਰ ਲੋ ਗੱਲ

ਕਮਲ ਦੁਸਾਂਝ

ਠਹਾਕਿਆਂ ਨਾਲ ਈ ਤਾਂ ਚਲਦੀ ਐ ਮੇਰੀ ਰਸੋਈ!
ਨਵਜੋਤ ਕੌਰ ਸਿੱਧੂ, ਵਿਚਾਰੀ ਦੁਖਇਆਰੀ ਔਰਤ ਦਾ ਦਰਦ ਸੁਣੋ। ਉਹਦਾ ਕਹਿਣਾ ਹੈ-”ਕਿਉਂ ਤੁਸੀਂ ਐਵੇਂ ਮੇਰੇ ਪਤੀ ਦੇ ਪਿਛੇ ਪਏ ਹੋ, ਜੇ ਉਹ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿਚ ਠਹਾਕੇ ਨਾ ਮਾਰੇ ਤਾਂ ਮੇਰੇ ਘਰ ਦੀ ਰਸੋਈ ਬੰਦ ਹੋ ਜੂ। ਅਸੀਂ ਤਾਂ ਭੁੱਖੇ ਮਰਜਾਂਗੇ!!”
ਲੱਜੋ- ਹੈਂ!! ਬੀਬੀ ਪਰ ਤੇਰਾ ਘਰਵਾਲਾ ਤਾਂ ਹੁਣ ਮੰਤਰੀ ਐ…ਆਪੇ ਤਾਂ ਦੋਹਾਂ ਨੇ ਢਿੰਡੋਰਾ ਪਿਟਿਆ ਸੀ-ਅਖੇ ਅਸੀਂ ਤਾਂ ਲੋਕ ਸੇਵਾ ਕਰਨੀ ਐ…ਪੰਜਾਬੀਆਂ ਦੀ ਸੇਵਾ ਕਰਨੀ ਐ…ਨਾਲੇ ਥੋਨੂੰ ਤਾਂ ‘ਲੋਕ ਸੇਵਾ’ ਦੇ ਨਾਲ ਨਾਲ ਮੋਟੀ ਤਨਖ਼ਾਹ, ਗੱਡੀਆਂ, ਜਹਾਜ਼ਾਂ ਦਾ ਸਫ਼ਰ, ਮੁਫ਼ਤ ਬਿਜਲੀ-ਪਾਣੀ-ਟੈਲੀਫੂਨ। ਸੁਣਿਐ ਜੱਦੀ-ਜੈਦਾਦ ਵੀ ਬਥੇਰੀ ਐ ਥੋਡੇ ਕੋਲ…। ਫੇਰ ਵੀ ਰਸੋਈ ਨੀਂ ਚਲਦੀ?!!
ਡਾ. ਸਿੱਧੂ- ਲੈ ਲੱਜੋ, ਤੈਨੂੰ ਕੀ ਪਤੈ…ਅਸੀਂ ਉਂ ਤਾਂ ਡਾਇਟਿੰਗ ਕਰੀ ਦੀ ਐ…ਨਾਲ ਸਿੱਧੂ ਸਾਹਿਬ ਨੇ ਤਾਂ ਦੁਪਹਿਰ ਤੇ ਰਾਤ ਦੀ ਰੋਟੀ ਕਪਿਲ ਕੋਲ ਈ ਖਾ ਲੈਣੀ ਐ…ਪਰ ਆਉਂਦੀ ਕਮਾਈ ਨੂੰ ਲੱਤ ਕਿਉਂ ਮਾਰੀਏ?
ਲੱਜੋ- ਮੰਨਿਆ ਬੀਬੀ, ਤੇਰੀ ਰਸੋਈ ਭਰੀ ਚਾਹੀਦੀ ਐ…ਪਰ ਆ ਜਿਹੜੀ ਪਾਰਟੀ ‘ਚ ਹੁਣ ਤੁਸੀਂ ਰਲੇ ਓਂ, ਇਹ ਪਾਰਟੀ ਜਦੋਂ ਕੇਂਦਰੀ ਸੱਤਾ ਵਿਚ ਸੀ ਤਾਂ ਕਹਿੰਦੀ ਹੁੰਦੀ ਸੀ ਕਿ ਰੋਟੀ ਤਾਂ ਪੰਜ ਰੁਪਏ ‘ਚ ਖਾ ਹੋ ਜਾਂਦੀ ਐ…ਫੇਰ ਵੀ ਤੇਰੀ ਰਸੋਈ ਨੀਂ ਚਲਦੀ, ਭਲਾ ਓ ਕਿਵੇਂ?
ਡਾ. ਸਿੱਧੂ- ਲੈ ਫੋਟ! ਸਰਕਾਰ ਤਾਂ ਹੁਣ ਵੀ ਸਾਡੀ ਐ…ਉਹ ਤਾਂ ਅਸੀਂ ਥੋਡੇ ਵਰਗੇ ਲੋਕਾਂ ਨੂੰ ਚੱਕਰਾਂ ‘ਚ ਪਾਉਣਾ ਹੁੰਦੈ…।
ਲੱਜੋ- ਨਾ ਐਂ ਦੱਸ ਬੀਬੀ, ਮੇਰੇ ਵਰਗਾ ਮਾਤੜ੍ਹ ਬੰਦਾ, ਸਰਕਾਰੀ ਨੌਕਰੀ ਕਰਦਿਆਂ ਬਾਹਰ ਕੋਈ ਕੰਮ ਨਹੀਂ ਕਰ ਸਕਦਾ, ਜੀਹਦਾ ਚੁੱਲ੍ਹਾ ਹੀ ਮਸਾਂ ਬਲਦੈ ਤੇ ਥੋਨੂੰ ਮੋਟੀਆਂ ਤਨਖ਼ਾਹਾਂ ਨਾਲ ਕਾਮੇਡੀਆਂ ਕਰਨ ਦੇ ਵੀ ਪੈਸੇ ਮਿਲੇ ਜਾਂਦੇ ਨਾ…ਸਾਡਾ ਕੀ ਕਸੂਰ?
ਡਾ. ਸਿੱਧੂ- ਮਾਈ, ਥੋਡਾ ਕਸੂਰ ਇਹੀ ਐ, ਤੁਸੀਂ ਆਮ ਲੋਕ ਓ…ਬਹੁਤੇ ਸਵਾਲ ਨਾ ਕਰ…ਸਰਕਾਰ ਤੋਂ ਪੁੱਛ…ਮੈਂ ਤਾਂ ਆਪਣੇ ਪਤੀ ਦੀ ਪੀ.ਏ. ਆਂ, ਸਰਕਾਰ ਦੀ ਨੀਂ!!

ਨਾਲੇ ਚੋਰ ਨਾਲੇ ਚਤੁਰਾਈਆਂ!!
ਲਓ ਜੀ ਆਹ ਭਦਰ ਪੁਰਸ਼ਾਂ ਦੀ ਵੀ ਸੁਣ ਲੋ। ਸ਼ਿਵਸੈਨਾ ਦੇ ਮੰਤਰੀ ਰਵਿੰਦਰ ਗਾਇਕਵਾੜ ਦੀ ਧੌਂਸ ਤਾਂ ਦੇਖੋ…ਏਅਰ ਇੰਡੀਆ ਦੇ ਜਹਾਜ਼ ਵਿਚ ਆਪਣੇ ਅਹੁਦੇ ਦਾ ਰੌਅਬ ਹੀ ਨਹੀਂ ਮਾਰਦਾ, ਸਗੋਂ ਬਜ਼ੁਰਗ ਮੁਲਾਜ਼ਮ ਨੂੰ ਕੁੱਟ ਸੁੱਟਦਾ ਹੈ ਕਿਉਂਕਿ ਉਹ ਉਹਦਾ ਹੁਕਮ ਨਹੀਂ ਵਜਾਉਂਦਾ। ਉਹਨੇ ਗਿਣ ਗਿਣ ਕੇ 25 ਜੁੱਤੀਆਂ ਵਿਚਾਰੇ ਮੁਲਾਜ਼ਮ ਦੇ ਮਾਰੀਆਂ ਤੇ ਕਿਹਾ ਕਿ ਇਹ ਐ ਤੇਰੀ ਔਕਾਤ…ਤੂੰ ਮੇਰਾ ਕੀ ਵਿਗਾੜ ਲਏਂਗਾ। ਏਅਰ ਇੰਡੀਆ ਵਾਲਿਆਂ ਨੇ ਗਾਇਕਵਾੜ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਉਹਦੇ ‘ਤੇ ਪਾਬੰਦੀ ਲਾ ਦਿੱਤੀ। ਫੇਰ ਕੀ ਸ਼ਿਵਸੈਨੀਆਂ ਦਾ ਸਾਰਾ ਚੌਣਾਂ ‘ਕੱਠਾ ਹੋ ਕੇ ਪੈ ਗਿਆ ਏਅਰ ਇੰਡੀਆ ਦੇ ਪਿਛੇ…ਉਲਟਾ ਏਅਰ ਲਾਈਨ ਨੂੰ ਕਿਹਾ ਕਿ ਥੋਡੀ ‘ਦਾਦਾਗਿਰੀ’ ਨੀਂ ਚੱਲਣ ਦੇਣੀ। ਜੋ ਮੰਤਰੀ ਨੇ ਕੀਤਾ…ਉਹ ‘ਗੁੰਡਾਗਰਦੀ’ ਸੀ ਜਾਂ ‘ਦਾਦਾਗਿਰੀ’ ਇਹ ਤਾਂ ਉਹੀ ਜਾਣਨ ਪਰ ‘ਚੋਰ ਚੋਰ ਮਸੇਰਾ ਭਾਈ’ ਵਾਂਗ ਸਮਾਜਵਾਦੀ ਪਾਰਟੀ ਵੀ ਗਾਇਕਵਾੜ ਦੇ ਹੱਕ ਵਿਚ ਆ ਗਈ। ਬੱਸ ਹੁਣ ਤਾਂ ‘ਸ਼ਰਮਗਿਰੀ’ ਬਾਕੀ ਰਹਿ ਗਈ ਐ…!!

ਹਮ ਹੁਕੁਮਦੇਵ ਹੁਕਮ ਬਜਾਤ ਹੈਂ!!
ਇਹ ਜਨਾਬ ਦੇ ਵੀ ਕਾਰਨਾਮੇ ਸੁਣੋ…ਇਹ ਨੇ ਬਿਹਾਰ ਤੋਂ ਭਾਜਪਾ ਦੇ ਸੰਸਦ ਮੈਂਬਰ ਹੁਕੁਮਦੇਵ। ਇਨ੍ਹਾਂ ਦੀ ਵੀ ਧੌਂਸ ਪੂਰੀ ਐ…ਐਸੇ ਧਾਕੜ ਨੇ ਕਿ ਪਟਨਾ ਹਵਾਈ ਅੱਡੇ ‘ਤੇ ਜਾਣ ਲਈ ‘ਕੱਲਿਆਂ ਨੇ ਹੀ ਬੱਸ ਧੂਹ ਲਈ…ਹਮ ਮੰਤਰੀ ਹੋਤ ਹੈਂ…ਹਮੇਂ ਕੋਨ ਰੋਕਤ ਹੈ…ਹੈ ਕਿਸੀ ਕੀ ਮਜਾਲ…? ਬਾਕੀ ਸਵਾਰੀਆਂ ਵਿਚਾਰੀਆਂ ਦੂਜੀ ਬੱਸ ‘ਚ ਚੜ੍ਹ ਕੇ ਹਵਾਈ ਅੱਡੇ ਪਹੁੰਚੀਆਂ। ਹੈ ਤਾਂ ਇਹ ‘ਲੋਕ ਸੇਵਕ’ ਪਰ ‘ਖਾਤਰਦਾਰੀ’ ਇਨ੍ਹਾਂ ਦੀ ਹੀ ਹੁੰਦੀ ਹੈ। ਕੀ ਬਣੂ ਦੁਨੀਆ ਦਾ…?!!