ਆਮ ਆਦਮੀ ਪਾਰਟੀ ਵਿਚ ਮੁੜ ਬਗਾਵਤ ਦੇ ਆਸਾਰ ਸੁਖਪਾਲ ਖਹਿਰੇ ਸਮੇਤ ਨੌਂ ਵਿਧਾਇਕਾਂ ਨੇ ਦੋ ਅਗਸਤ ਨੂੰ ਵਲੰਟੀਅਰਾਂ ਦਾ ਇਕੱਠ ਸੱਦਿਆ

ਆਮ ਆਦਮੀ ਪਾਰਟੀ ਵਿਚ ਮੁੜ ਬਗਾਵਤ ਦੇ ਆਸਾਰ ਸੁਖਪਾਲ ਖਹਿਰੇ ਸਮੇਤ ਨੌਂ ਵਿਧਾਇਕਾਂ ਨੇ ਦੋ ਅਗਸਤ ਨੂੰ ਵਲੰਟੀਅਰਾਂ ਦਾ ਇਕੱਠ ਸੱਦਿਆ

ਚੰਡੀਗੜ੍ਹ/ਬਿਊਰੋ ਨਿਊਜ਼ :

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਮੁੜ ਤੋਂ ਦਿੱਲੀ ਹਾਈ ਕਮਾਂਡ ਖਿਲਾਫ ਰੋਸ ਪੈਦਾ ਹੋ ਗਿਆ ਹੈ ਅਤੇ ਪਾਰਟੀ ਵਿਚ ਦੋਫਾੜ ਪੈਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਉਣ ਮਗਰੋਂ ਸੁਖਪਾਲ ਖਹਿਰਾ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਕਰਕੇ ਅਸਿੱਧੇ ਢੰਗ ਨਾਲ ਪਾਰਟੀ ਹਾਈ ਕਮਾਂਡ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਅਤੇ ਸੂਬੇ ਦੇ ਹਿੱਤਾਂ ਵਾਸਤੇ ਅਜਿਹੇ ਸੌ ਅਹੁਦੇ ਕੁਰਬਾਨ ਕਰਨ ਨੂੰ ਤਿਆਰ ਹੈ। ਉਸ ਦੀ ਭ੍ਰਿਸ਼ਟਾਚਾਰੀਆਂ, ਨਸ਼ਾ ਤੇ ਲੈਂਡ ਮਾਫੀਆ ਖਿਲਾਫ ਲੜਾਈ ਹੋਰ ਤੇਜ਼ ਤਾਂ ਹੋ ਸਕਦੀ ਹੈ ਪਰ ਰੁਕੇਗੀ ਨਹੀਂ। ਇਹ ਕਾਨਫਰੰਸ ਕਰਕੇ ਅਹੁਦੇ ਤੋਂ ਹਟਾਏ ਖਹਿਰੇ ਨੇ ਇਕ ਤਰ੍ਹਾਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ।
ਇਸ ਮੌਕੇ ਸੁਖਪਾਲ ਖਹਿਰੇ ਦੇ ਨਾਲ ਆਮ ਆਦਮੀ ਪਾਰਟੀ ਦੇ ਅੱਠ ਹੋਰ ਵਿਧਾਇਕ ਮਾਸਟਰ ਬਲਦੇਵ ਸਿੰਘ, ਮੌੜ ਮੰਡੀ ਤੋਂ ਜਗਦੇਵ ਸਿੰਘ ਕਮਾਲੂ, ਖਰੜ ਤੋਂ ਕੰਵਰ ਸੰਧੂ, ਰਾਏਕੋਟ ਤੋਂ ਜਗਤਾਰ ਸਿੰਘ ਹਿੱਸੋਵਾਲ , ਭਦੌੜ ਤੋਂ ਪਿਰਮਿਲ਼ ਸਿੰਘ, ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ, ਜੈ ਕਿਸ਼ਨ ਰੋੜੀ ਤੇ ਰੁਪਿੰਦਰ ਕੌਰ ਰੂਬੀ ਵੀ ਪਹੁੰਚੇ ਹੋਏ ਸਨ। ਉਨ੍ਹਾਂ ਵਿਚੋਂ ਕਈ ਹੋਰ ਨੇ ਵੀ ਨੇ ਪ੍ਰੈੱਸ ਕਾਨਫਰੰਸ ਵਿਚ ਆਪਣਾ ਪੱਖ ਰੱਖਿਆ।
ਇਸ ਮੌਕੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਅਸੀਂ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ ਤੇ ਸਾਨੂੰ ਲਗਦਾ ਕਿ ਉਹ ਮੌਜੂਦਾ ਸੰਕਟ ਨੂੰ ਹੱਲ ਕਰਨਗੇ। ਬਹੁਤ ਸਾਰੇ ਲੋਕ ਅਸਤੀਫ਼ੇ ਦੇ ਰਹੇ ਹਨ। ਅਸੀਂ ਆਮ ਆਦਮੀ ਪਾਰਟੀ ਵਿਚ ਹਾਂ ਤੇ ਪਾਰਟੀ ਸਾਡੀ ਆਪਣੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹਲਕਿਆਂ ਵਿਚ ਜਾ ਕੇ ਵਲੰਟੀਅਰਾਂਰ ਨਾਲ ਗੱਲਬਾਤ ਕਰ ਰਹੇ ਹਾਂ । 2 ਅਗਸਤ ਨੂੰ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਕਨਵੈਨਸ਼ਨ ਕਰਾਂਗੇ ਤੇ ਸਭ ਨੂੰ ਖੁੱਲ੍ਹਾ ਸੱਦਾ ਦੇਵਾਂਗੇ।
ਲਗਭਗ ਸਾਰੇ ਵਿਧਾਇਕਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਸਹੀ ਤਰੀਕੇ ਨਾਲ ਨਹੀਂ ਹਟਾਇਆ ਗਿਆ। ਉਨ੍ਹਾਂ ਦਾ ਪੱਖ ਵੀ ਨਹੀਂ ਸੁਣਿਆ ਗਿਆ ਤੇ ਵਿਧਾਇਕਾਂ ਨਾਲ ਸਲਾਹ ਮਸ਼ਵਰਾ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਖਹਿਰਾ ਨੂੰ ਹਟਾਉਣ ਲਈ ਗੈਰ-ਲੋਕਤੰਤਰੀ ਤਰੀਕਾ ਅਪਣਾਇਆ ਹੈ। ਪਾਰਟੀ ਹਾਈ ਕਮਾਂਡ ਇਸ ਫੈਸਲੇ ਉਤੇ ਮੁੜ ਗੌਰ ਨੂੰ ਕਰੇ।
ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਅਸੀਂ ਡਾ. ਬਲਬੀਰ ਸਿੰਘ ਤੇ ਸੁਖਪਾਲ ਖਹਿਰਾ ਵਿਚਾਲੇ ਸਾਰੇ ਮੱਤਭੇਦ ਸਲਝਾਉਣ ਦੀ ਗੱਲ ਕਰ ਰਹੇ ਸੀ ਪਰ ਉਸ ਤੋਂ ਪਹਿਲਾਂ ਹੀ ਖਹਿਰਾ ਨੂੰ ਹਟਾਉਣ ਦਾ ਇਹ ਫੈਸਲਾ ਲੈ ਲਿਆ ਗਿਆ। ਸਾਨੂੰ ਵੀ ਫੈਸਲਾ ਲੈ ਕੇ ਹੀ ਦੱਸਿਆ ਗਿਆ।