ਸਿੱਖ ਬੀਬੀਆਂ ਨੂੰ ਕਵੀਸ਼ਰੀ ਗਾਉਣ ਦੀ ਸਿਖਲਾਈ ਦੇਵੇਗੀ ਸ਼੍ਰੋਮਣੀ ਕਮੇਟੀ

ਸਿੱਖ ਬੀਬੀਆਂ ਨੂੰ ਕਵੀਸ਼ਰੀ ਗਾਉਣ ਦੀ ਸਿਖਲਾਈ ਦੇਵੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ/ਬਿਊਰੋ ਨਿਊਜ਼ :

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਵਿੱਖ ਵਿਚ ਬੀਬੀਆਂ ਨੂੰ ਢਾਡੀ/ਕਵੀਸ਼ਰੀ ਦੀ ਸਿਖਲਾਈ ਦਿਤੀ ਜਾਵੇਗੀ। ਗੁਰੂ ਕੀ ਵਡਾਲੀ ਵਿਖੇ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦੇ ਨਾਂ ‘ਤੇ ਸਥਾਪਤ ਕੀਤੇ ਗਏ ਪਹਿਲੇ ਢਾਡੀ/ਕਵੀਸ਼ਰ ਗੁਰਮਤਿ ਕਾਲਜ ਦਾ ਉਦਘਾਟਨ ਕਰਨ ਸਮੇਂ ਭਾਈ ਲੌਂਗੋਵਾਲ ਨੇ ਕਿਹਾ ਕਿ ਢਾਡੀ ਕਲਾ ਦਾ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖਾਂ ਅੰਦਰ ਚੜ੍ਹਦੀ ਕਲਾ ਦਾ ਜਜ਼ਬਾ ਪੈਦਾ ਕਰਨ ਲਈ ਅਹਿਮ ਯੋਗਦਾਨ ਰਿਹਾ ਹੈ। ਇਸ ਕਰਕੇ ਹੁਣ ਸ਼੍ਰੋਮਣੀ ਕਮੇਟੀ ਢਾਡੀ/ਕਵੀਸ਼ਰ ਆਪ ਤਿਆਰ ਕਰ ਕੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿਚ ਧਰਮ ਪ੍ਰਚਾਰ ਕਰਨ ਲਈ ਪਹਿਲ ਦੇ ਆਧਾਰ ‘ਤੇ ਨਿਯੁਕਤ ਕਰੇਗੀ।
ਉਨ੍ਹਾਂ ਐਲਾਨ ਕੀਤਾ ਕਿ ਭਵਿੱਖ ਵਿਚ ਇਸ ਢਾਡੀ/ਕਵੀਸ਼ਰ ਕਾਲਜ ਵਿਚ ਬੀਬੀਆਂ ਨੂੰ ਵੀ ਸਿਖਲਾਈ ਦਿਤੀ ਜਾਵੇਗੀ ਅਤੇ ਉਨ੍ਹਾਂ ਲਈ ਇਕ ਵਖਰੇ ਹੋਸਟਲ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਥਾਨਕ ਮੈਂਬਰਾਂ ਨੇ ਭਾਈ ਲੌਂਗੋਵਾਲ ਨੂੰ ਸਨਮਾਨਤ ਵੀ ਕੀਤਾ।
ਇਸ ਮੌਕੇ ਗਿਆਨੀ ਬਲਦੇਵ ਸਿੰਘ ਐਮ.ਏ. ਅਤੇ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਸਮੇਤ ਢਾਡੀ ਕਵੀਸ਼ਰ ਜਥਿਆਂ ਨੇ ਵੀ ਭਾਈ ਲੌਂਗੋਵਾਲ ਨੂੰ ਢਾਡੀ ਸਿਖਲਾਈ ਲਈ ਕਾਲਜ ਖੋਲ੍ਹਣ ਦੀ ਪਹਿਲਕਦਮੀ ਕਰਨ ਬਦਲੇ ਸਨਮਾਨ ਦਿਤਾ।