ਪੰਜਾਬ ਤੋਂ ਕੈਨੇਡਾ ਗਏ ‘ਆਪ’ ਦੇ ਵਿਧਾਇਕ ਬੇਰੰਗ ਪਰਤੇ

ਪੰਜਾਬ ਤੋਂ ਕੈਨੇਡਾ ਗਏ ‘ਆਪ’ ਦੇ ਵਿਧਾਇਕ ਬੇਰੰਗ ਪਰਤੇ

ਰੂਪਨਗਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਕੈਨੇਡਾ ਵਿਚ ਦਾਖ਼ਲਾ ਨਾ ਮਿਲਣ ਤੋਂ ਬਾਅਦ ਭਾਰਤ ਪਰਤ ਚੁੱਕੇ ਹਨ। ਕੈਨੇਡਾ ਏਅਰਪੋਰਟ ਅਥਾਰਟੀ ਵਲੋਂ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੇ ਜਾਣ ਮਗਰੋਂ ਤਸੱਲੀਬਖ਼ਸ਼ ਜਵਾਬ ਨਾ ਦਿੱਤੇ ਜਾਣ ‘ਤੇ ਉਕਤ ਦੋਵਾਂ ਵਿਧਾਇਕਾਂ ਨੂੰ ਕੈਨੇਡਾ ਤੋਂ ਵਾਪਸ ਕਰ ਕੇ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਦੋਵਾਂ ਵਿਧਾਇਕਾਂ ਨੇ ਵਾਪਸ ਆ ਕੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਜਾਣਕਾਰੀ ਦਾ ਸਹੀ ਮੇਲ ਨਾ ਹੋਣ ਕਾਰਨ ਉਨ੍ਹਾਂ ਨੂੰ ਕੈਨੇਡਾ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ।
‘ਆਪ’ ਵਿਧਾਇਕਾਂ ਅਮਰਜੀਤ ਸਿੰਘ ਸੰਦੋਆ ਤੇ ਕੁਲਤਾਰ ਸੰਧਵਾਂ ਨੇ ਦੱਸਿਆ ਕਿ ਦੋਵਾਂ ਤੋਂ ਕੈਨੇਡੀਅਨ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਵਿਚ ਪਰਿਵਾਰਕ ਮਿਲਣੀ ਲਈ ਗਏ ਸਨ ਪਰ ਉੱਥੇ ਉਨ੍ਹਾਂ ਕੁਝ ਸਿਆਸੀ ਬੈਠਕਾਂ ਵੀ ਕਰਨੀਆਂ ਸਨ, ਜਿਸ ਦੇ ਵੇਰਵੇ ਨਹੀਂ ਦਿੱਤੇ ਗਏ ਸੀ। ਅਮਰਜੀਤ ਸਿੰਘ ਸੰਦੋਆ ਤੋਂ ਅਧਿਕਾਰੀਆਂ ਨੇ ਇਹ ਵੀ ਪੁੱਛਿਆ ਕਿ ਉਨ੍ਹਾਂ ਦੇ ਬੱਚੇ ਕਿਉਂ ਨਹੀਂ ਆਏ ਜਦ ਉਹ ਪਰਿਵਾਰਕ ਮਿਲਣੀ ਲਈ ਆਏ ਹਨ, ਤਾਂ ਸੰਦੋਆ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਸਕੂਲ ਸ਼ੁਰੂ ਹੋ ਗਏ ਸਨ ਪਰ ਇਸ ਜਵਾਬ ਨਾਲ ਅਧਿਕਾਰੀ ਸੰਤੁਸ਼ਟ ਨਹੀਂ ਹੋਏ ਤੇ ਕੈਨੇਡਾ ਦਾਖ਼ਲ ਹੋਣ ਦੀ ਆਗਿਆ ਨਾ ਦਿੱਤੀ।
ਉੱਧਰ, ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਲੰਟੀਅਰ ਹੋਣ ਦਾ ਦਾਅਵਾ ਕਰ ਰਹੇ ਡਾ. ਅਮਨਦੀਪ ਸਿੰਘ ਬੈਂਸ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਨੂੰ ਸੰਦੋਆ ਦੀ ਕੈਨੇਡਾ ਫੇਰੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਤੇ ਕੈਨੇਡਾ ਦੇ ਪ੍ਰਵਾਸ ਮੰਤਰੀ ਅਹਿਮਦ ਹੁਸੈਨ ਨੂੰ ਕਈ ਈ-ਮੇਲਜ਼ ਕੀਤੀਆਂ ਤੇ ਸੰਦੋਆ ਦੇ ਕੇਸਾਂ ਬਾਰੇ ਦੱਸਿਆ। ਆਨਲਾਈਨ ਪੋਰਟਲ ਦੇ ਪ੍ਰਿੰਟ ਮੁਤਾਬਕ ਲੁਧਿਆਣਾ ਵਿੱਚ ਰਹਿੰਦੇ ਦੰਦਾਂ ਦੇ ਡਾਕਟਰ ਅਮਨਦੀਪ ਸਿੰਘ ਬੈਂਸ ਨੇ ਕੈਨੇਡੀਅਨ ਅਧਿਕਾਰੀਆਂ ਦਾ ਉਨ੍ਹਾਂ ਦੀ ਸ਼ਿਕਾਇਤ ‘ਤੇ ਛੇਤੀ ਕਾਰਵਾਈ ਕਰਨ ਲਈ ਧੰਨਵਾਦ ਵੀ ਕੀਤਾ।
ਜ਼ਿਕਰਯੋਗ ਹੈ ਕਿ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਨਹੀਂ ਬਲਕਿ ਕੈਨੇਡੀਅਨ ਬਾਰਡਰ ਸਰਵਿਸ ਵੱਲੋਂ ਰੋਕਿਆ ਗਿਆ ਸੀ। ਦੋਵਾਂ ਦੇ ਪਾਸਪੋਰਟ ‘ਤੇ ਡਿਪੋਰਟ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਛਾਪੀ ਹੈ ਤੇ ਦੋਵਾਂ ਦਾ ਵੀਜ਼ਾ ਵੀ ਯੋਗ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਹਾਂ ਵਿੱਚੋਂ ਕਿਸੇ ਇੱਕ ਵਿਧਾਇਕ ਦੀ ਭੈਣ ਓਟਾਵਾ ਵਿੱਚ ਰਹਿੰਦੀ ਹੈ ਤੇ ਦੋਵੇਂ ਉਸ ਕੋਲ ਆਏ ਸਨ, ਪਰ ਕੈਨੇਡਾ ਵਿੱਚ ਦਾਖ਼ਲਾ ਨਾ ਮਿਲਣ ਕਰਕੇ ਵਾਪਸ ਜਾਣਾ ਪਿਆ। ਭਾਵੇਂ ਕਿ ਉਨ੍ਹਾਂ ਦੀ ਭੈਣ ਨੇ ਬਰੈਂਪਟਨ ਤੋਂ ਇੱਕ ਮਹਿਲਾ ਮੈਂਬਰ ਪਾਰਲੀਮੈਂਟ ਤੇ ਮਿਸੀਸਾਗਾ ਦੇ ਇੱਕ ਐਮਪੀ ਕੋਲ ਵੀ ਮਦਦ ਦੀ ਗੁਹਾਰ ਲਗਾਈ ਪਰ ਕੁਝ ਵੀ ਕਾਰਗਰ ਸਾਬਤ ਨਾ ਹੋਇਆ। ਗੌਰਤਲਬ ਹੈ ਕਿ ਪਿਛਲੇ ਦਿਨੀਂ ਵੀ ਅਮਰਜੀਤ ਸਿੰਘ ਸੰਦੋਆ ਨਾਲ ਰੇਤ ਮਾਫੀਆ ਵੱਲੋਂ ਕੁੱਟਮਾਰ ਕੀਤੀ ਗਈ ਸੀ।