ਪੰਜਾਬ ਯੂਨੀਵਰਸਟੀ ‘ਤੇ ਮੁਕੰਮਲ ਕਬਜ਼ਾ ਕਰਨ ਦੀ ਕੋਸ਼ਿਸ਼ ‘ਚ ਹੈ ਆਰਆਰਐਸ

ਪੰਜਾਬ ਯੂਨੀਵਰਸਟੀ ‘ਤੇ ਮੁਕੰਮਲ ਕਬਜ਼ਾ ਕਰਨ ਦੀ ਕੋਸ਼ਿਸ਼ ‘ਚ ਹੈ ਆਰਆਰਐਸ

ਚੰਡੀਗੜ੍ਹ/ਬਿਊਰੋ ਨਿਊਜ਼ :
ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ‘ਤੇ ਸਿਖਿਆ ਦਾ ਭਗਵਾਂਕਰਨ ਕਰਨ ਦੇ ਲਗਾਤਾਰ ਦੋਸ਼ ਲਗਦੇ ਆ ਰਹੇ ਹਨ। ਜਨਸੰਘ ਦੀ ਸਕੂਲੀ ਸਿਲੇਬਸ ਦੀ ਭਗਵਾਂ ਰੰਗ ਦੇਣ ਦੀ ਚਾਲ ਭਾਵੇਂ ਸਿਰੇ ਨਹੀਂ ਚੜ੍ਹੀ ਪਰ ਉੱਚ ਵਿਦਿਅਕ ਅਦਾਰਿਆਂ ‘ਤੇ ਅਪਣਾ ਦਬਦਬਾ ਕਾਇਮ ਕਰਨ ਵਿਚ ਸਫ਼ਲ ਜ਼ਰੂਰੀ ਹੋ ਗਈ ਹੈ। ਇਨੀਂ ਦਿਨੀਂ ਪੰਜਾਬ ਯੂਨੀਵਰਸਟੀ ‘ਚੋਂ ਪੰਜਾਬ ਨੂੰ ਪਰੇ ਧੱਕ ਕੇ ਕਬਜ਼ਾ ਕਰਨ ਦੀ ਇੱਛਾ ਪੂਰੀ ਹੁੰਦੀ ਨਜ਼ਰ ਆ ਰਹੀ ਹੈ।

ਯੂਨੀਵਰਸਟੀ ਦੇ ਨਵੇਂ ਉਪ ਕੁਲਪਤੀ ਦੀ ਚੋਣ ਲਈ ਹੋਈ ਇੰਟਰਵਿਊ ਵਿਚ ਆਰਐਸਐਸ ਪੱਖੀ ਉਮੀਦਵਾਰਾਂ ਨੂੰ ਸੱਦੇ ਜਾਣ ਨਾਲ ਇਹ ਪੋਲ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਉਪ ਕੁਲਪਤੀ ਬਣਨ ਦਾ ਸੁਪਨਾ ਵੇਖ ਰਹੇ ਕਈ ਸੀਨੀਅਰ ਪ੍ਰੋਫ਼ੈਸਰਾਂ ਅਤੇ ‘ਯੋਗ’ ਉਮੀਦਵਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੱਖਪਾਤ ਵਿਰੁਧ ਰੋਸ ਜ਼ਾਹਰ ਕੀਤਾ ਹੈ। ਯੂਨੀਵਰਸਟੀ ਦੇ ਪ੍ਰੋਫ਼ੈਸਰ ਰੁਪਿੰਦਰ ਤਿਵਾੜੀ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਪੱਤਰ ਦੀ ਕਾਪੀ ਕੇਂਦਰੀ ਮਨੁੱਖੀ ਸਰੋਤ ਮੰਤਰੀ ਅਤੇ ਉਪ ਕੁਲਪਤੀ ਤੇ ਯੂਨੀਵਰਸਟੀ ਦੇ ਚਾਂਸਲਰ ਨੂੰ ਵੀ ਭੇਜੀ ਹੈ।

ਪੱਤਰ ਮੁਤਾਬਕ ਪੰਜਾਬ ਯੂਨੀਵਰਸਟੀ ਦੇ ਉਪ ਕੁਲਪਤੀ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਸੀਨੀਅਰ ਅਤੇ ਅਹੁਦੇ ਦੇ ਤਕੜੇ ਦਾਅਵੇਦਾਰ ਪ੍ਰੋਫ਼ੈਸਰਾ ਨੂੰ ਦਰਕਿਨਾਰ ਕਰ ਕੇ ਸਿਰਫ਼ ਗਣਿਤ ਵਿਭਾਗ ਦੇ ਮੁਖੀ ਐਸ.ਕੇ. ਤੋਮਰ ਨੂੰ ਹੀ ਇੰਟਰਵਿਊ ਲਈ ਸਦਿਆ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਤੋਮਰ ਪਿਛਲੇ ਲੰਮੇਂ ਸਮੇਂ ਤੋਂ ਸੰਘ ਨਾਲ ਜੁੜੇ ਹੋਏ ਹਨ। ਇੰਟਰਵਿਊ ਵਿਚ ਸੱਦੇ ਗਏ ਹੋਰ ਉਮੀਦਵਾਰਾਂ ‘ਤੇ ਵੀ ਆਰਐਸਐਸ ਦਾ ‘ਹੱਥ’ ਦਸਿਆ ਜਾ ਰਿਹਾ ਹੈ। ਅਹੁਦੇ ਦੇ ਦੋ ਮੁਹਰਲੀ ਕਤਾਰ ਦੇ ਦਾਅਵੇਦਾਰਾਂ ਪ੍ਰੋ. ਤਨਕੇਸ਼ਵਰ ਅਤੇ ਪ੍ਰੋ. ਵਾਜਪਾਈ ਵੀ ਆਰਐਸਐਸ ਹਾਈ ਕਮਾਂਡ ਨਾਲ ਨੇੜਤਾ ਚਿਰਾਂ ਤੋਂ ਚਰਚਾ ਵਿਚ ਹੈ।

ਰੌਚਕ ਗੱਲ ਇਹ ਹੈ ਕਿ ਦੋਵੇਂ ਉਮੀਦਵਾਰ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਹੀ ਕ੍ਰਮਵਾਰ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਯੂਨੀਵਰਸਟੀਆਂ ਵਿਚ ਉਪ ਕੁਲਪਤੀ ਨਿਯੁਕਤ ਕੀਤੇ ਗਏ ਹਨ। ਉਪ ਕੁਲਪਤੀ ਲਈ 17 ਜੁਲਾਈ ਨੂੰ ਇੰਟਰਵਿਊ ਹੋਈ ਸੀ ਅਤੇ ਇਸ ਦਾ ਨਤੀਜਾ ਅਗਲੇ ਦਿਨੀਂ ਆਉਣ ਦੀ ਸੰਭਾਵਨਾ ਹੈ। ਮੌਜੂਦਾ ਉਪ ਕੁਲਪਤੀ ਪ੍ਰੋ. ਅਰੁਣ ਗਰੋਵਰ ਦੇ ਅਹੁਦੇ ਦੇ ਮਿਆਦ 22 ਜੁਲਾਈ ਨੂੰ ਖ਼ਤਮ ਹੋ ਰਹੀ ਹੈ ਅਤੇ ਉਨ੍ਹਾਂ ਦਾ ਦਫ਼ਤਰ ਵਿਚ ਆਖ਼ਰੀ ਦਿਨ ਹੈ।

ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਟੀ ਸੈਨੇਟ ਵਿਚੋਂ ਪੰਜਾਬ ਦੇ ਮੁੱਖ ਮੰਤਰੀ, ਸਿਖਿਆ ਮੰਤਰੀ ਅਤੇ ਦੋ ਵਿਧਾਇਕਾਂ ਨੂੰ ਮਨਫ਼ੀ ਕਰਨ ਦੀ ਚਾਲ ਚਲੀ ਗਈ ਸੀ। ਇਹ ਸਾਰੇ ਸਰਕਾਰੀ ਅਹੁਦੇ ਨਾਲ ਸੈਨੇਟ ਲਈ ਨਾਮਜ਼ਦ ਕੀਤੇ ਜਾਂਦੇ ਹਨ। ਸੈਨੇਟ ਦੀ ਮੀਟਿੰਗ ਦਾ ਬਾਈਕਾਟ ਹੋਣ ਕਰ ਕੇ ਵਿਸ਼ੇਸ਼ ਪ੍ਰਸਤਾਵ ਧਰਿਆ-ਧਰਾਇਆ ਰਹਿ ਗਿਆ ਸੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਰਐਸਐਸ ਦੇ ਪੱਕੇ ਕਾਰਕੁਨ ਮੰਨੇ ਜਾ ਰਹੇ ਹਨ। ਉਹ ਪੰਜਾਬ ਯੂਨੀਵਰਸਟੀ ‘ਤੇ ਹਰਿਆਣਾ ਦਾ ਦਬਦਬਾ ਬਣਾਉਣ ਲਈ ਦੋ ਵਾਰ ਚਾਲ ਖੇਡ ਚੁੱਕੇ ਹਨ। ਪਹਿਲੀ ਵਾਰ ਉਪ ਕੁਲਪਤੀ ਪ੍ਰੋ. ਗ੍ਰੋਵਰ ਨੇ ਹਰਿਆਣਾ ਦੇ ਕਾਲਜਾਂ ਨੂੰ ਯੂਨੀਵਰਸਟੀ ਨਾਲ

ਜੋੜਨ ਦੀ ਹਾਮੀ ਭਰ ਦਿਤੀ ਸੀ ਪਰ ਸੈਨੇਟ ਦੇ ਮੈਂਬਰਾਂ ਦੇ ਵਿਰੋਧ ਕਾਰਨ ਇਹ ਚਾਲ ਸਫ਼ਲ ਨਾ ਹੋ ਸਕੀ। ਹਰਿਆਣਾ ਸਰਕਾਰ ਨੇ ਦੂਜੀ ਵਾਰ ਇਹੋ ਖੇਡ 15 ਦਿਨ ਪਹਿਲਾਂ ਚਲੀ ਹੈ। ਮੁੱਖ ਮੰਤਰੀ ਖੱਟਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿੱਖ ਕੇ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਟੀ ਨਾਲ ਜੋੜਨ ਲਈ ਨਿਜੀ ਦਖ਼ਲ ਦੇਣ ਦੀ ਮੰਗ ਕਰਦਿਆਂ ਸੈਨੇਟ ਵਿਚ ਪੰਜਾਬ ਦੇ ਬਰਾਬਰ ਦੀ ਨੁਮਾਇੰਦਗੀ ਮੰਗ ਲਈ ਸੀ।

ਉਨ੍ਹਾਂ ਯੂਨੀਵਰਸਟੀ ਨੂੰ ਪੰਜਾਬ ਦੇ ਬਰਾਬਰ ਵਿੱਤੀ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ।  ਉਪ ਕੁਲਪਤੀ ਅਹੁਦੇ ਦੇ ਉਮੀਦਵਾਰ ਅਤੇ ਯੂਨੀਵਰਸਟੀ ਦੇ ਸੀਨੀਅਰ ਅਧਿਆਪਕ ਪ੍ਰੋ. ਰੁਪਿੰਦਰ ਤਿਵਾੜੀ ਨੇ ਕਿਹਾ ਕਿ ਯੂਨੀਵਰਸਟੀ ‘ਚੋਂ ਪੰਜਾਬ ਦਾ ਪੱਤਾ ਸਾਫ਼ ਕਰਨ ਅਤੇ ਜਨਸੰਘ ਦਾ ਕਬਜ਼ਾ ਕਰਨ ਲਈ ਹੀ ਸਿਰਫ਼ ਆਰਐਸਐਸ ਪੱਖੀ ਉਮੀਦਵਾਰ ਨੂੰ ਹੀ ਇੰਟਰਵਿਊ ਲਈ ਸਦਿਆ ਗਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਇੰਟਰਵਿਊ ਰੱਦ ਕਰਨ ਦੀ ਮੰਗ ਕੀਤੀ।