ਲੱਗਾ ਸਾਧ ਦਾ ਦਰਬਾਰ, ਅਕਾਲੀ ਹੋਏ ਗੋਡਿਆਂ ਭਾਰ!

ਲੱਗਾ ਸਾਧ ਦਾ ਦਰਬਾਰ, ਅਕਾਲੀ ਹੋਏ ਗੋਡਿਆਂ ਭਾਰ!

ਲੱਗਾ ਸਾਧ ਦਾ ਦਰਬਾਰ, ਅਕਾਲੀ ਹੋਏ ਗੋਡਿਆਂ ਭਾਰ!
ਲਓ! ਜੀ ਸੌਦਾ ਸਾਧ ਦਾ ਦਰਬਾਰ ਸਜਿਆ ਹੈ ਤੇ ਵੱਡੇ ਬਾਦਲ ਦੇ ਧੱਕੇ ਅਕਾਲੀ ਆਗੂ ਪਹੁੰਚ ਗਏ ਨੇ ਮੱਥੇ ਰਗੜਨ ਲਈ। ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ, ਹਲਕਾ ਮੌੜ ਤੋਂ ਜਨਮੇਜਾ ਸਿੰਘ ਸੇਖੋਂ, ਹਲਕਾ ਭੁੱਚੋ ਤੋਂ ਹਰਪ੍ਰੀਤ ਸਿੰਘ ਕੋਟਭਾਈ, ਹਲਕਾ ਤਲਵੰਡੀ ਸਾਬੋ ਤੋਂ ਜੀਤ ਮੋਹਿੰਦਰ ਸਿੰਘ ਸਿੱਧੂ, ਹਲਕਾ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ, ਹਲਕਾ ਦਿਹਾਤੀ ਤੋਂ ਅਮਿਤ ਰਤਨ, ਮਾਨਸਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਜਗਦੀਪ ਸਿੰਘ ਨਕਈ, ਹਲਕਾ ਬੁਢਲਾਡਾ ਤੋਂ ਨਿਸ਼ਾਨ ਸਿੰਘ ਅਤੇ ਹਲਕਾ ਸਰਦੂਲਗੜ੍ਹ ਤੋਂ ਦਿਲਰਾਜ ਸਿੰਘ ਭੂੰਦੜ ਹਾਜਰ ਸਨ ਤੇ ਹਲਕਾ ਲੰਬੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਤੀਨਿਧ ਹੱਥ ਜੋੜੀ ਡੇਰੇ ਦੇ ਸਿਆਸੀ ਵਿੰਗ ਅੱਗੇ ਡੰਡੌਤ ਕਰ ਰਹੇ ਹਨ-‘ਅਸੀਂ ਪੰਜਾਬ ‘ਚ ਹਰ ਥਾਂ ਨਾਮ ਚਰਚਾ ਕਰਵਾਵਾਂਗੇ ਜੀ।’
ਸਿਆਸੀ ਵਿੰਗ ਆਖਦੈ, ‘ਜ਼ਰਾ ਉੱਚੀ ਬੋਲੋ।’
ਅਕਾਲੀ ਆਗੂ ਸਿਰ ਨਿਵਾਉਂਦੇ ਹਨ, ‘ਜੀ ਕਰਵਾਵਾਂਗੇ।’
ਸੌਦਾ ਸਾਧ ਦੇ ਸ਼ਰਧਾਲੂ ਤਾੜੀਆਂ ਮਾਰਦੇ ਨੇ ਤੇ ਹੂਟਿੰਗ ਹੁੰਦੀ ਹੈ।
ਸਿਆਸੀ ਵਿੰਗ ਫਿਰ ਆਖਦਾ ਹੈ, ‘ਬੋਲੋ! ਧਨ ਧਨ ਸਤਿਗੁਰੂ ਤੇਰਾ ਆਸਰਾ’
ਨਿਮੋਝੂਣੇ ਹੋਏ ਬਾਦਲ ਦੇ ਹੁਕਮ ਬਰਦਾਰ ਆਗੂ ਆਖਦੇ ਹਨ, ‘ਧਨ ਧਨ ਸਤਿਗੁਰੂ ਤੇਰਾ ਆਸਰਾ’
ਕੀ ਕਿਹਾ ਸੁਣਾਈ ਨਹੀਂ ਦਿੱਤਾ-ਸਿਆਸੀ ਵਿੰਗ ਆਖਦੈ।
ਵੋਟ ਦਾ ਸਵਾਲ ਹੈ ਤੇ ਹੁਕਮ ਬਰਦਾਰਾਂ ਦੀ ਥੋੜ੍ਹੀ ਉੱਚੀ ਆਵਾਜ਼ ਆਉਂਦੀ ਹੈ-ਧਨ ਧਨ ਸਤਿਗੁਰੂ ਤੇਰਾ ਆਸਰਾ।
ਜ਼ੋਰ ਸੇ ਬੋਲੋ-ਸਿਆਸੀ ਵਿੰਗ ਮੁਸਕੜੀਆਂ ਕਰਦਾ ਆਖਦਾ ਹੈ।
ਹੱਥ ਜੋੜੀ ਖੜ੍ਹੇ ‘ਬਾਦਲ ਸ਼ਰਧਾਲੂ’ ਉੱਚੀ ਸੁਰ ‘ਚ ਫੇਰ ਉਚਾਰਣ ਕਰਦੇ ਹਨ ਤੇ ਮਸਾਂ ਬੰਦ ਖਲਾਸੀ ਹੁੰਦੀ ਹੈ।

ਬਾਬਾ ਜੀ ਚੱਲੇ ਅਮਰੀਕਾ!!
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੱਲੇ ਹਨ ਅਮਰੀਕਾ…ਸੈਰ ਕਰਨ ਨਹੀਂ, ਸਗੋਂ ਮੈਡੀਕਲ ਚੈੱਕਅਪ ਕਰਾਉਣ…!! ਭਲਾ ਬਾਬਾ ਜੀ, ਮੈਡੀਕਲ ਚੈੱਕਅਪ ਇੱਥੇ ਨਹੀਂ ਹੁੰਦਾ…? ਹਾਲੇ ਚਾਰ ਦਿਨ ਪਹਿਲਾਂ ਤਾਂ ਪੰਜਾਬੀਆਂ ਤੋਂ ਵਿਕਾਸ ਦੇ ਨਾਂ ‘ਤੇ ਵੋਟਾਂ ਮੰਗੀਆਂ ਨੇ, ਅਖੇ ਅਸੀਂ ਪੰਜਾਬ ਨੂੰ ਖ਼ੁਸ਼ਹਾਲ ਕਰਤਾ…ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਮਿਲਦੀਆਂ ਨੇ…ਨਵੇਂ ਨਵੇਂ ਹਸਪਤਾਲ ਖੋਲ੍ਹ ਦਿੱਤੇ…। ਫੇਰ ਬਾਦਲ ਸਾਹਿਬ ਦੇ ਕੋਈ ਗੰਭੀਰ ਇਲਾਜ ਲਈ ਨਹੀਂ, ਬਲਕਿ ਸਾਧਾਰਨ ਮੈਡੀਕਲ ਚੈੱਕਅਪ ਲਈ ਵੀ ਪੰਜਾਬ ‘ਚ ਕੋਈ ਹਸਪਤਾਲ ਨਹੀਂ। ਆਮ ਪੰਜਾਬੀਆਂ ਤੇ ਮੁੱਖ ਮੰਤਰੀਆਂ, ਮੰਤਰੀਆਂ ਨੂੰ ਮਿਲਦੀਆਂ ਸਿਹਤ ਸਹੂਲਤਾਂ ਵਿਚ ਏਨਾ ਫ਼ਰਕ ਕਿਉਂ? ਕੀ ਉਨ੍ਹਾਂ ਨੂੰ ਲਗਦਾ ਹੈ ਕਿ ਇੱਥੇ ਮੈਡੀਕਲ ਚੈੱਕਅਪ ਦੀ ਵੀ ਕੋਈ ਚੱਜ ਦੀ ਸਹੂਲਤ ਨਹੀਂ…। ਜੇ ਇੱਥੇ ਸਾਧਾਰਨ ਚੈੱਕਅਪ ਦਾ ਪੱਧਰ ਏਨਾ ਮਾੜਾ ਹੈ ਤਾਂ ਆਮ ਬੰਦੇ ਨੂੰ ਗੰਭੀਰ ਸੇਵਾਵਾਂ ਕਿਥੋਂ ਮਿਲਣਗੀਆਂ? ਬਾਬਾ ਜੀ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਤਾਂ ਅਕਸਰ ਪੰਜਾਬ ਨੂੰ ਅਮਰੀਕਾ ਬਣਾਉਣ ਦੀਆਂ ਫੜ੍ਹਾਂ ਮਾਰਦੇ ਨੇ…ਕਿਤੇ ਹੁਣ ਬਾਬਾ ਜੀ ਅਮਰੀਕਾ ਜਾ ਕੇ ਉਹਨੂੰ ਹੀ ਨਾ ਪੰਜਾਬ ਬਣਾ ਆਉਣ। ਇਹ ਵੀ ਹੋ ਸਕਦੈ ਕਿ ਪਰਵਾਸੀਆਂ ਨੇ ਇਸ ਵਾਰ ਬਾਤ ਨਹੀਂ ਪੁੱਛੀ, ਤੇ ਬਾਬਾ ਜੀ ਮੈਡੀਕਲ ਚੈੱਕਅਪ ਦੇ ਬਹਾਨੇ ਅਗਲੀ ਚੋਣ ਤਿਆਰੀ ਵਿਚ ਹੁਣੇ ਤੋਂ ਨਾ ਰੁਝ ਗਏ ਹੋਣ!!

ਜੈ ਮੋਦੀ ਜੈ ਮੌਜੀ!!
ਪੂਰਾ ਭਾਰਤ ਨੋਟਬੰਦੀ ਕਾਰਨ ਹੈਰਾਨ-ਪ੍ਰੇਸ਼ਾਨ ਰਿਹਾ ਤੇ ਇਹ ਪ੍ਰੇਸ਼ਾਨੀ ਤਿੰਨ ਮਹੀਨਿਆਂ ਮਗਰੋਂ ਵੀ ਖ਼ਤਮ ਨਹੀਂ ਹੋਈ। ਇਸ ਦੀ ਸੰਜੀਦਾ ਜਵਾਬਦੇਹੀ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜੁਮਲਿਆਂ ਨਾਲ ਸੰਸਦ ਵਿਚ ਠਹਾਕੇ ਮਰਵਾਉਂਦੇ ਰਹੇ। ਮੋਦੀ ਨਾ ਹੋ ਕੇ ਮੌਜੀ ਜ਼ਿਆਦਾ ਲਗ ਰਹੇ ਸਨ। ਮੋਦੀ ਸਾਹਿਬ ਦਾ ਕਹਿਣਾ ਹੈ ਕਿ ਕੈਸ਼ਲੈੱਸ ਹੋ ਜਾਓ…ਚੱਲੋ ਜੀ ਸਾਰਾ ਦੇਸ਼ ਖਾਲੀ ਜੇਬ ਹੋ ਗਿਆ ਹੈ…। ਮੋਦੀ ਸਾਹਿਬ ਕਹਿੰਦੇ ਕਿ ਨਕਦੀ ਨਾਲ ਕਾਲਾ ਧਨ ਫੈਲੇਗਾ…ਤੁਸੀਂ ਨੋਟਾਂ ਦਾ ਮੂੰਹ ਦੇਖਣਾ ਬੰਦ ਕਰ ਦਿਓ…। ਲਓ ਜੀ ਮੋਦੀ ਸਾਹਿਬ ਆਪਣੇ ਬੰਦ ਨੋਟਾਂ ਦੀ ਤਸਵੀਰ ਦੇਖ ਲਓ…! ਪੰਜਾਬ ਵਿਚ ਤਾਜ਼ੀਆਂ ਤਾਜ਼ੀਆਂ ਵੋਟਾਂ ਪੈ ਕੇ ਹਟੀਆਂ ਹਨ। ਤੇ ਇਨ੍ਹਾਂ ਦਿਨਾਂ ਦੌਰਾਨ ਕਰੋੜਾਂ ਰੁਪਏ ਦੀ ਨਕਦੀ ਤੇ ਕਰੋੜਾਂ ਰੁਪਏ ਦਾ ਸਾਮਾਨ ਤੇ ਕਰੋੜਾਂ ਦੀ ਸ਼ਰਾਬ…ਜ਼ਾਹਰ ਹੈ ਇਹ ਵੀ ਨਕਦੀ ਦੇ ਕੇ ਹੀ ਖ਼ਰੀਦਿਆ ਹੋਊ…ਚੈੱਕ ਕੱਟ ਕੇ ਤਾਂ ਕਿਸੇ ਮੰਤਰੀ ਨੇ ਦਾਰੂ ਲਈ ਪੈਸੇ ਦਿੱਤੇ ਨਹੀਂ ਹੋਣੇ…। ਇਹਦੇ ਲਈ ਮੋਦੀ ਸਾਹਿਬ ਕੀ ਜੁਮਲਾ ਕੱਸਣਗੇ…ਕੀ ਵੱਡੇ ਵੱਡੇ ਸ਼ਹਿਰਾਂ ‘ਚ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ…। ਬਈ, ਉਹ ਪ੍ਰਧਾਨ ਮੰਤਰੀ ਨੇ…ਕੁਝ ਵੀ ਕਹਿ ਸਕਦੇ ਨੇ…ਉਨ੍ਹਾਂ ਦੀਆਂ ਗੱਲਾਂ ਭਾਵੇਂ ਗੰਭੀਰ ਨਾ ਹੋਣ ਪਰ ‘ਇਰਾਦੇ’ ਬੜੇ ਗੰਭੀਰ ਨੇ…ਤਾਂਹੀਓਂ ਤਾਂ ਥੋਡੀਆਂ ਜੇਬਾਂ ਵਿਚੋਂ ਪੈਸਾ ਕੱਢ ਕੇ ਅਮੀਰਾਂ ਦੀਆਂ ਝੋਲੀਆਂ ਵਿਚ ਪਾ ਦਿੱਤਾ-ਅਖੇ ਕਾਲਾ ਧਨ ਖ਼ਤਮ…ਭ੍ਰਿਸ਼ਟਾਚਾਰ ਖ਼ਤਮ…। ਜਦੋਂ ਤਕ ਇਹ ਜੁਮਲਾ ਪੜ੍ਹੋਗੇ…ਨਵਾਂ ਤਿਆਰ ਹੋਵੇਗਾ। ਜੈ ਮੋਦੀ! ਜੈ ਮੌਜੀ!!

ਜਿਹੋ ਜਿਹੇ ਆਲੇ, ਉਹੋ ਜਿਹੇ ਕੂਜੇ!!
ਦਾਦੀ ਅਕਸਰ ਇਹ ਅਖਾਣ ਕਿਸੇ ਨਾ ਕਿਸੇ ‘ਤੇ ਢੁਕਾ ਦਿੰਦੀ ਸੀ, ਜਿਹੋ ਜਿਹੇ ਆਲੇ, ਉਹੋ ਜਿਹੇ ਕੂਜੇ। ਇਹੀ ਅਖਾਣ ਅੱਜ ਕੱਲ੍ਹ ਮੋਦੀ ਦੇ ਚੇਲਿਆਂ ‘ਤੇ ਵੀ ਢੁਕਦੀ ਐ। ਜਨਾਬ ਮੋਦੀ ਤਾਂ ਵਿਰੋਧੀਆਂ ‘ਤੇ ਹਾਸੋ-ਹੀਣੀਆਂ ਸ਼ੁਰਲੀਆਂ ਛਡਦੇ ਹੀ ਰਹਿੰਦੇ ਨੇ ਤੇ ਉਨ੍ਹਾਂ ਦੇ ਚੇਲੇ-ਚਪਟੇ ਵੀ ਘੱਟ ਨਹੀਂ। ਲਗਦੈ ਉਹ ਵੀ ਮੋਦੀ ਬਣਨਾ ਚਾਹੁੰਦੇ ਨੇ…। ਭਾਜਪਾ ਦੇ ਆਗੂ ਤੇ ਜਨਰਲ ਸਕੱਤਰ ਕੈਲਾਸ਼ ਵਿਜਯਵਰਗੀਆ ਨੂੰ ਹੀ ਸੁਣ ਲਓ-‘ਅਖੇ ਮੋਦੀ ਤਾਂ ਸ਼ੇਰ ਨੇ ਤੇ ਵਿਰੋਧੀ ਕੁੱਤੇ-ਬਿੱਲੀਆਂ।’ ਮੋਦੀ ਅੱਗੇ ਡੰਡੌਤ ਕਰਨ ਦਾ ਪੂਰਾ ਪੂਰਾ ਲਾਹਾ ਲੈ ਰਹੇ ਨੇ। ਸਭਿਅਕ ਸ਼ਬਦ ਤਾਂ ਚੇਲਿਆਂ ਦੀ ਡਿਕਸ਼ਨਰੀ ਵਿਚ ਸ਼ਾਮਲ ਹੀ ਨਹੀਂ…ਇਸੇ ਲਈ ਜਿਹਦੇ ਨਾਲ ਸ਼ਾਬਾਸ਼ੀ ਈ ਮਿਲ ਜਾਵੇ, ਉਹੀ ਬੋਲ ਛੱਡੀਦੈ।