ਮੋਦੀ ਵੱਲੋਂ ਕੈਪਟਨ ਨੂੰ ”ਸਲਾਮ” ਭੇਜਣ ‘ਤੇ ਅਕਾਲੀਆਂ ਤੇ ਕਾਂਗਰਸ ਦਾ ਮੱਥਾ ਠਣਕਿਆ

ਮੋਦੀ ਵੱਲੋਂ ਕੈਪਟਨ ਨੂੰ ”ਸਲਾਮ” ਭੇਜਣ ‘ਤੇ ਅਕਾਲੀਆਂ ਤੇ ਕਾਂਗਰਸ ਦਾ ਮੱਥਾ ਠਣਕਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਿਸੀਆਣਾ ਹਵਾਈ ਅੱਡੇ ਤੇ ਵਜ਼ੀਰਾਂ ਨੂੰ ਮਿਲਦੇ ਹੋਏ।

ਬਠਿੰਡਾ/ਬਿਊਰੋ ਨਿਊਜ਼ :
ਅਕਾਲੀ-ਭਾਜਪਾ ਗੱਠਜੋੜ ਦੀ ਮਲੋਟ ਰੈਲੀ ਵਿਚ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਦੁਆ ਸਲਾਮ ਭੇਜਣੀ ਨਹੀਂ ਭੁੱਲੇ। ਭਿਸੀਆਣਾ ਦੇ ਹਵਾਈ ਅੱਡੇ ‘ਤੇ ਸਵਾਗਤ ਲਈ ਪੁੱਜੇ ਪੰਜਾਬ ਦੇ ਦੋ ਮੰਤਰੀਆਂ ਹੱਥ ਨਰਿੰਦਰ ਮੋਦੀ ਨੇ ਸੁਨੇਹਾ ਦਿੱਤਾ ” ਕੈਪਟਨ ਸਾਹਿਬ ਕੋ ਮੇਰਾ ਸਲਾਮ ਕਹਿਨਾ।” ਪਿਛਲੀ ਵਾਰ ਸ੍ਰੀ ਮੋਦੀ ਨੇ ਵਿਧਾਨ ਸਭਾ ਚੋਣ ਨਤੀਜਿਆਂ ਦੇ ਪ੍ਰਸੰਗ ਵਿੱਚ ਕਾਂਗਰਸ ‘ਤੇ ਹੱਲਾ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ‘ਆਜ਼ਾਦ ਸਿਪਾਹੀ’ ਆਖਿਆ ਸੀ। ਪਰ ਹੁਣ ਪ੍ਰਧਾਨ ਮੰਤਰੀ ਦੀ ਅਮਰਿੰਦਰ ਪ੍ਰਤੀ ਮੋਹ ਭਰੀ ਸੁਰ ਤੋਂ ਅਕਾਲੀ ਲੀਡਰਸ਼ਿਪ ਬਹੁਤੀ ਖ਼ੁਸ਼ ਨਹੀਂ ਜਾਪਦੀ ਜਦਕਿ ਕਾਂਗਰਸੀ ਖੇਮਾ ਇਸ ਦੇ ਆਪਣੇ ਮਾਅਨੇ ਕੱਢ ਰਿਹਾ ਹੈ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਪ੍ਰੋਟੋਕਾਲ ਨਾਤੇ ਕੱਲ੍ਹ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਭਿਸੀਆਣਾ ਹਵਾਈ ਅੱਡੇ ‘ਤੇ ਪੁੱਜੇ। ਜਾਣ ਪਛਾਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਸ ਮੌਕੇ ਪੰਜਾਬ ਦੇ ਮੰਤਰੀਆਂ ਨੂੰ ਆਖਿਆ ਕਿ ਉਹ ਕੈਪਟਨ ਸਾਹਿਬ ਨੂੰ ਉਨ੍ਹਾਂ ਦੀ ਸਲਾਮ ਆਖਣ। ਹਾਲਾਂਕਿ ਮੰਤਰੀਆਂ ਨੇ ਇਸ ਨੂੰ ਸਹਿਜੇ ਲਿਆ ਪਰ ਮਲੋਟ ਰੈਲੀ ਦੀ ਸਮਾਪਤੀ ਮਗਰੋਂ ਭਿਸੀਆਣਾ ਹਵਾਈ ਅੱਡੇ ਤੋਂ ਵਿਦਾ ਹੋਣ ਲੱਗੇ ਤਾਂ ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਮੁੜ ਇਹੀ ਗੱਲ ਆਖੀ ਤਾਂ ਉਨ੍ਹਾਂ ਦਾ ਮੱਥਾ ਠਣਕਿਆ।
ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਵਿਦਾ ਹੋਣ ਮੌਕੇ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਮੰਤਰੀਆਂ ਦੀ ਜਾਣ ਪਛਾਣ ਕਰਾਉਣ ਆਏ ਤਾਂ ਸ੍ਰੀ ਮੋਦੀ ਨੇ ਆਖਿਆ ” ਮੈਂ ਜਾਨਤਾ ਹੂੰ ” ਅਤੇ ਉਨ੍ਹਾਂ ਮੰਤਰੀਆਂ ਨੂੰ ਕੈਪਟਨ ਸਾਹਿਬ ਨੂੰ ਸਲਾਮ ਦਾ ਸੁਨੇਹਾ ਯਾਦ ਨਾਲ ਪਹੁੰਚਾ ਦੇਣ ਦਾ ਚੇਤਾ ਕਰਵਾਇਆ। ਉਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਯਕਦਮ ਚੁੱਪ ਹੋ ਗਏ। ਸ਼੍ਰੋਮਣੀ ਅਕਾਲੀ ਤਰਫ਼ੋਂ ਭਿਸੀਆਣਾ ਹਵਾਈ ਅੱਡੇ ‘ਤੇ ਮੋਦੀ ਦੇ ਸਵਾਗਤ ਲਈ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਹੀਰਾ ਸਿੰਘ ਗਾਬੜੀਆ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਪੁੱਜੇ ਹੋਏ ਸਨ। ਸ੍ਰੀ ਸਿੰਗਲਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ੍ਰੀ ਮੋਦੀ ਨੇ ਸਭਨਾਂ ਦੀ ਹਾਜ਼ਰੀ ‘ਚ ਇਹ ਆਖਿਆ ਸੀ। ਉਂਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੂੰਹੋਂ ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਇਹ ਗੱਲ ਨਹੀਂ ਸੁਣੀ ਗਈ ਕਿ ਕੇਂਦਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵੀ ਮਲੋਟ ਰੈਲੀ ਦੌਰਾਨ ਅਮਰਿੰਦਰ ਸਿੰਘ ਦਾ ਨਾਮ ਲੈ ਕੇ ਕੋਈ ਸਿਆਸੀ ਹੱਲਾ ਨਹੀਂ ਬੋਲਿਆ ਤੇ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਜਿਹੇ ਅਲਫ਼ਾਜ਼ ਦੀ ਵਰਤੋਂ ਕੀਤੀ। ਉਂਜ, ਸੁਖਬੀਰ ਸਿੰਘ ਬਾਦਲ ਨੇ ਤਾਂ ਸਟੇਜ ਤੋਂ ਮਲਵੀਂ ਜਿਹੀ ਜੀਭ ਨਾਲ ਆਖਿਆ ਸੀ ਕਿ ਕੈਪਟਨ ਜਿਣਸਾਂ ਦੇ ਭਾਅ ਵਧਾਏ ਜਾਣ ਮਗਰੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਵੀ ਨਹੀਂ ਗਏ।