ਭਾਰਤੀ ਵਿਦੇਸ਼ ਸਕੱਤਰ ਦੀ ਅਮਰੀਕੀ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਹਿੰਦ-ਪ੍ਰਸ਼ਾਂਤ ਖ਼ਿੱਤੇ ਸਬੰਧੀ ਮਸਲੇ ਵਿਚਾਰੇ

ਭਾਰਤੀ ਵਿਦੇਸ਼ ਸਕੱਤਰ ਦੀ ਅਮਰੀਕੀ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਹਿੰਦ-ਪ੍ਰਸ਼ਾਂਤ ਖ਼ਿੱਤੇ ਸਬੰਧੀ ਮਸਲੇ ਵਿਚਾਰੇ

ਵਾਸ਼ਿੰਗਟਨ ‘ਚ ਵਿਦੇਸ਼ ਮਾਮਲਿਆਂ ਨਾਲ ਸਬੰਧਤ ਰਾਜ ਮੰਤਰੀ ਟੌਮ ਸ਼ੈਨਨ ਨਾਲ ਮੁਲਾਕਾਤ ਤੋਂ ਬਾਅਦ ਬਾਹਰ ਆਉਂਦੇ ਹੋਏ ਭਾਰਤ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਅਤੇ ਅਮਰੀਕਾ ‘ਚ ਭਾਰਤੀ ਸਫ਼ੀਰ ਨਵਤੇਜ ਸਿੰਘ ਸਰਨਾ।
ਵਾਸ਼ਿੰਗਟਨ/ਨਿਊਜ਼ ਬਿਊਰੋ:
ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਸਿਖਰਲੇ ਅਧਿਕਾਰੀਆਂ ਨਾਲ ਬੈਠਕ ਕਰਕੇ ਹਿੰਦ-ਪ੍ਰਸ਼ਾਂਤ ਖ਼ਿੱਤੇ ‘ਚ ਸਾਂਝੇ ਹਿੱਤਾਂ ਅਤੇ ਭਾਰਤ ਦੇ ਇਕ ਅਹਿਮ ਤਾਕਤ ਵਜੋਂ ਉਭਰਨ ‘ਚ ਅਮਰੀਕੀ ਸਹਿਯੋਗ ਸਮੇਤ ਵੱਖ ਵੱਖ ਦੁਵੱਲੇ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਭਾਰਤ ਦੇ ਮੋਹਰੀ ਕੂਟਨੀਤਕ ਵਜੋਂ ਅਮਰੀਕਾ ਦੀ ਆਪਣੀ ਪਹਿਲੀ ਫੇਰੀ ਦੌਰਾਨ ਸ੍ਰੀ ਗੋਖਲੇ ਨੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਸਦਰ ਮੁਕਾਮ ਫੌਗੀ ਬੌਟਮ ‘ਚ ਸਿਆਸੀ ਮਾਮਲਿਆਂ ਬਾਰੇ ਸਹਾਇਕ ਵਿਦੇਸ਼ ਮੰਤਰੀ ਥੌਮਸ ਸ਼ੈਨਨ ਨਾਲ ਮੁਲਾਕਾਤ ਕੀਤੀ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਬੈਠਕ ਦੌਰਾਨ ਅਮਰੀਕਾ ‘ਚ ਭਾਰਤ ਦੇ ਸਫ਼ੀਰ ਨਵਤੇਜ ਸਰਨਾ ਅਤੇ ਦੱਖਣ ਤੇ ਮੱਧ ਏਸ਼ੀਆ ਲਈ ਅਮਰੀਕੀ ਵਿਦੇਸ਼ ਮੰਤਰਾਲੇ ਦੀ ਮੁੱਖ ਅਧਿਕਾਰੀ ਐਲਿਸ ਵੈੱਲਸ ਵੀ ਹਾਜ਼ਰ ਸਨ। ਬੈਠਕ ਨਾਲ ਸਬੰਧਤ ਹੋਰ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਸ੍ਰੀ ਗੋਖਲੇ ਦੇ ਅਮਰੀਕੀ ਦੌਰੇ ਦਾ ਮੁੱਖ ਮਕਸਦ ਦੋਵੇਂ ਮੁਲਕਾਂ ਦਰਮਿਆਨ ਪਹਿਲੀ ‘ਟੂ ਪਲੱਸ ਟੂ’ ਵਾਰਤਾ ਲਈ ਜ਼ਮੀਨ ਤਿਆਰ ਕਰਨਾ ਸੀ। ਦੋਵੇਂ ਧਿਰਾਂ ਦੇ ਕਿਸੇ ਵੀ ਅਧਿਕਾਰੀ ਨੇ ਹੁਣ ਤੱਕ ਅਜਿਹੀ ਗੱਲਬਾਤ ਲਈ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਹੈ। ਉਂਜ ਇਹ ਗੱਲਬਾਤ ਅਪਰੈਲ ਤੱਕ ਮੁਕੰਮਲ ਹੋਣੀ ਸੀ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਵ੍ਹਾਈਟ ਹਾ?ੂਸ ‘ਚ ਹੋਈ ਸਫ਼ਲ ਮੁਲਾਕਾਤ ਦੌਰਾਨ ‘ਟੂ ਪਲੱਸ ਟੂ’ ਵਾਰਤਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਅਮਰੀਕੀ ਹਮਰੁਤਬਾ ਹਾਜ਼ਰ ਰਹਿਣਗੇ।