ਵਿਸ਼ਵ ਦੀਆਂ ਦੋ ਵੱਡੀਆਂ ਆਰਥਿਕ ਸ਼ਕਤੀਆਂ ਵਿੱਚ ਪਰਸਪਰ ਸਹਿਯੋਗ ਲਾਜ਼ਮੀ: ਸੁਸ਼ਮਾ

ਵਿਸ਼ਵ ਦੀਆਂ ਦੋ ਵੱਡੀਆਂ ਆਰਥਿਕ ਸ਼ਕਤੀਆਂ ਵਿੱਚ ਪਰਸਪਰ ਸਹਿਯੋਗ ਲਾਜ਼ਮੀ: ਸੁਸ਼ਮਾ

ਪੇਈਚਿੰਗ/ਬਿਊਰੋ ਨਿਊਜ਼
ਭਾਰਤ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਮਜ਼ਬੂਤ ਸਬੰਧਾਂ ਦੀ ਉਸਾਰੀ ਲਈ ਸਰਹੱਦੀ ਖੇਤਰਾਂ ਵਿੱਚ ਮੁਢਲੇ ਤੌਰ ਉੱਤੇ ਅਮਨ ਸਥਾਪਤ ਹੋਣਾ ਲਾਜ਼ਮੀ ਹੈ।
ਡੋਕਲਾਮ ਵਿਵਾਦ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਨਵੇਂ ਸਿਰੇ ਤੋਂ ਮਜ਼ਬੂਤ ਸਬੰਧਾਂ ਦੀ ਕਾਇਮੀ ਲਈ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜ਼ੀ ਨਾਲ ਅਹਿਮ ਗੱਲਬਾਤ ਕੀਤੀ। ਸ੍ਰੀਮਤੀ ਸਵਰਾਜ ਨੇ ਕਿਹਾ ਕਿ ਵਿਸ਼ਵ ਦੀਆਂ ਦੋ ਵੱਡੀਆਂ ਆਰਥਿਕ ਸ਼ਕਤੀਆਂ ਵਿੱਚ ਪਰਸਪਰ ਸਹਿਯੋਗ ਲਾਜ਼ਮੀ ਹੈ। ਦੋਵਾਂ ਆਗੂਆਂ ਵਿਚਕਾਰ ਵੱਖ ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਾਉਣ ਲਈ, ਵਿਸ਼ਵ ਅਤਿਵਾਦ ਅਤੇ ਵਿਸ਼ਵ ਨੂੰ ਦਰਪੇਸ਼ ਹੋਰ ਵੱਡੀਆਂ ਚੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਨਜਿੱਠਣ ਲਈ ਵੱਡੇ ਪੱਧਰ ਉੱਤੇ ਸਾਰਥਿਕ ਚਰਚਾ ਹੋਈ। ਦੋਵਾਂ ਆਗੂਆਂ ਨੇ ਵਾਤਾਵਰਨ ਤਬਦੀਲੀਆਂ ਅਤੇ ਨਿਰੰਤਰ ਵਿਕਾਸ ਦੇ ਮੁੱਦੇ ਨੂੰ ਵੀ ਵਿਚਾਰਿਆ।ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇੱਥੇ ਕੱਲ੍ਹ ਚਾਰ ਰੋਜ਼ਾ ਦੌਰੇ ਉੱਤੇ ਪੁੱਜੇ ਹਨ। ਉਹ ਇੱਥੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ(ਐਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਭਲਕੇ ਹਿੱਸਾ ਲੈਣਗੇ।

ਨਾਥੂ ਲਾ ਦੱਰੇ ਰਾਹੀਂ ਇਸ ਸਾਲ ਹੋਵੇਗੀ ਕੈਲਾਸ਼ ਮਾਨ ਸਰੋਵਰ ਯਾਤਰਾ
ਪੇਈਚਿੰਗ:  ਭਾਰਤ ਅਤੇ ਚੀਨ ਮੁੜ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਸ਼ੁਰੂ ਕਰਨ ਦੇ ਲਈ ਸਹਿਮਤ ਹੋ ਗਏ ਹਨ। ਇਹ ਸਿੱਕਮ ਵਿੱਚ ਨਾਥੂ ਲਾ ਦੱਰੇ ਰਾਹੀਂ ਹੋਵੇਗੀ। ਇਹ ਪ੍ਰਗਟਾਵਾ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੀਤਾ ਹੈ। ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਚੀਨ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਪੂਰਨ ਸਹਿਯੋਗ ਦੇਵੇਗਾ।

ਮੋਦੀ ਵੱਲੋਂ ਚੀਨ ਦਾ ਦੌਰਾ 27 ਨੂੰ
ਪੇਈਚਿੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ 27 ਅਤੇ 28 ਅਪਰੈਲ ਨੂੰ ਚੀਨ ਦੀ ਵੁਹਾਨ ਸ਼ਹਿਰ ਵਿੱਚ ਹੋ ਰਹੇ ਕੌਮਾਂਤਰੀ ਸੰਮੇਲਨ ਵਿੱਚ ਇਕ ਦੂਜੇ ਨੂੰ ਮਿਲਣਗੇ ਅਤੇ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਇਹ ਜਾਣਕਾਰੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਇਥੇ ਦਿੱਤੀ। ਚੀਨ ਦੇ ਹੂਬੇਈ ਇਲਾਕੇ ਵਿੱਚ ਇਕ ਪ੍ਰੈਸ ਮਿਲਣੀ ਦੌਰਾਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਚੀਨ ਦੇ ਵਿਦੇਸ਼ ਮੰਤਰੀ ਯੀ ਵਾਂਗ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਜ਼ੀ ਦੇ ਬੁਲਾਵੇ ‘ਤੇ ਇਥੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਵਾਰਤਾ ਦੋਵਾਂ ਗੁਆਂਢੀ ਮੁਲਕਾਂ ਦੀ ਸਬੰਧਾਂ ਵਿੱਚ ਮਜ਼ਬੂਤੀ ਲਈ ਬਹੁਤ ਸਹਾਇਕ ਸਾਬਤ ਹੋਵੇਗੀ।

ਦਰਿਆਵਾਂ ਦੇ ਅੰਕੜੇ ਸਾਂਝੇ ਕਰਨ ਲਈ ਚੀਨ ਸਹਿਮਤ…
ਚੀਨ, ਬ੍ਰਹਮਪੁਤਰ ਅਤੇ ਸਤਲੁਜ ਦਰਿਆਵਾਂ ਦੇ ਜਲ ਸਬੰਧੀ ਅੰਕੜੇ ਸਾਂਝੇ ਕਰਨ ਦੇ ਲਈ ਸਹਿਮਤ ਹੋ ਗਿਆ ਹੈ। ਇਹ ਪ੍ਰਗਟਾਵਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੀਤਾ ਹੈ। ਡੋਕਲਾਮ ਵਿਵਾਦ ਬਾਅਦ ਚੀਨ ਨੇ ਜਾਣਕਾਰੀ ਦੇਣੀ ਬੰਦ ਕਰ ਦਿੱਤੀ ਸੀ। ਭਾਰਤ ਵਿੱਚ ਉੱਤਰ ਪੂਰਵ ਵਿੱਚ ਹੜ੍ਹਾਂ ਦਾ ਅਨੁਮਾਨ ਲਾਉਣ ਲਈ ਅਤੇ ਮੌਸਮ ਸਬੰਧੀ ਚਿਤਾਵਨੀਆਂ ਜਾਰੀ ਕਰਨ ਲਈ ਇਹ ਜਾਣਕਾਰੀ ਅਹਿਮ ਹੈ। ਚੀਨ ਪੁਰਾਤਨ ਰਵਾਇਤ ਅਨੁਸਾਰ ਭਾਰਤ ਨੂੰ 15 ਮਈ ਤੋਂ 15 ਅਕਤੂਬਰ ਤੱਕ ਜਾਣਕਾਰੀ ਦੇਵੇਗਾ।