ਭਾਰਤ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਦਾ ਹੈ ਅਮਰੀਕੀ ਮੀਡੀਆ-ਰਾਜਦੂਤ ਨਵਤੇਜ ਸਰਨਾ

ਭਾਰਤ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਦਾ ਹੈ ਅਮਰੀਕੀ ਮੀਡੀਆ-ਰਾਜਦੂਤ ਨਵਤੇਜ ਸਰਨਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਵਿਚਲੇ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਇੱਥੋਂ ਦੇ ਮੀਡੀਆ ਦੀ ਨੁਕਤਾਚੀਨੀ ਕਰਦਿਆਂ ਇਸ ‘ਤੇ ਭਾਰਤ ਦਾ ਗ਼ਲਤ ਅਕਸ ਪੇਸ਼ ਕਰਨ ਦਾ ਇਲਜ਼ਾਮ ਲਾਇਆ ਹੈ। ਭਾਰਤ ਵਿਚਲੇ ਵਿਦੇਸ਼ੀ ਪੱਤਰਕਾਰਾਂ ਅੰਦਰ ਇਹ ਆਮ ਰੁਝਾਨ ਹੈ ਕਿ ਉਹ ਕੁਝ ਖ਼ਾਸ ਖ਼ਬਰਾਂ ਨੂੰ ਲੈਂਦੇ ਹਨ ਜਦਕਿ ਵਿਕਾਸਮੁਖੀ ਖ਼ਬਰਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
ਸਰਨਾ ਨੇ ਇਹ ਬਿਆਨ ਇਕ ਅਮਰੀਕੀ ਵਿਚਾਰਸ਼ੀਲ ਸੰਸਥਾ ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤਾ। ਜਦੋਂ ਮੁੱਖਧਾਰਾ ਦੇ ਅਮਰੀਕੀ ਮੀਡੀਆ ਵਿੱਚ ਭਾਰਤ ਦੇ ਅਕਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ” ਹੁਣ ਤਾਂ ਇਹ ਚਿੰਤਾ ਨਾਲੋਂ ਤਰਸ ਦੀ ਹਾਲਤ ਜ਼ਿਆਦਾ ਜਾਪਦੀ ਹੈ। ਭਾਰਤ ਅੱਗੇ ਵਧ ਚੁੱਕਿਆ ਹੈ ਪਰ ਤੁਸੀਂ ਨਹੀਂ ਵਧੇ।”
ਭਾਰਤੀ ਰਾਜਦੂਤ ਨੇ ਆਖਿਆ ” ਸਮਾਜਕ ਘਟਨਾਵਾਂ ਨੂੰ ਪਰਖਣ ਦਾ ਇਕ ਰੁਝਾਨ ਚਲਿਆ ਆ ਰਿਹਾ ਹੈ। ਦਾਜ ਦਾ ਕੇਸ ਲੈ ਲਓ ਜਾਂ ਫਿਰ ਜਾਤ ਦਾ ਮਾਮਲਾ। ਇਸ ਲਈ ਇਸ ਨੂੰ ਫੜੋ ਤੇ ਛਾਪ ਦਿਓ੩ਪਰ ਜੇ ਕੋਈ ਮਿਸਾਲ ਦੇ ਤੌਰ ‘ਤੇ ਸਟਾਰਟ-ਅਪ ਦੀ ਸਟੋਰੀ ਆਉਂਦੀ ਹੈ ਤਾਂ ਉਹ ਕਹਿਣਗੇ ਇਹਦੇ ਵਿੱਚ ਨਵਾਂ ਕੀ ਹੈ, ਇਹ ਤਾਂ ਹਰ ਥਾਈਂ ਹੋ ਰਿਹਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਫ਼ਿਕਰ ਹੁੰਦੀ ਹੈ ਪਰ ਹੁਣ ਮੈਂ ਇਸ ਕਾਰਨ ਆਪਣੀ ਨੀਂਦ ਖਰਾਬ ਨਹੀਂ ਕਰਦਾ। ਪਹਿਲਾਂ ਪਹਿਲਾਂ ਮੈਂ ਜ਼ਿਆਦਾ ਫ਼ਿਕਰਮੰਦ ਰਹਿੰਦਾ ਸਾਂ।ਇਸ ਤਰ੍ਹਾਂ ਭਾਰਤ ਦਾ ਖਰਾਬ ਅਕਸ ਪੇਸ਼ ਕਰ ਕੇ ਅਮਰੀਕੀ ਮੀਡੀਆ ਆਪਣੇ ਲੋਕਾਂ ਨਾਲ ਹੀ ਨਾਇਨਸਾਫ਼ੀ ਕਰ ਰਿਹਾ ਹੈ।”
ਉਨ੍ਹਾਂ ਕਿਹਾ ਕਿ ਇਸ ਤੋਂ ਪੱਤਰਕਾਰਾਂ ਤੇ ਸੰਪਾਦਕਾਂ ਦੀ ਸੌੜੀ ਸੋਚ ਦਾ ਪਤਾ ਚਲਦਾ ਹੈ ਪਰ ਉਹ ਸਾਡਾ ਕੁਝ ਨਹੀਂ ਵਿਗਾੜ ਸਕਦੇ ਸਗੋਂ ਆਪਣਾ ਹੀ ਨੁਕਸਾਨ ਕਰਦੇ ਹਨ।