ਅਕਾਲੀ ਦਲ ਲੰਗਰ ਤੋਂ ਜੀਐਸਟੀ ਹਟਵਾਉਣ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਤਰਲੋਮੱਛੀ

ਅਕਾਲੀ ਦਲ ਲੰਗਰ ਤੋਂ ਜੀਐਸਟੀ ਹਟਵਾਉਣ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਤਰਲੋਮੱਛੀ

ਚੰਡੀਗੜ੍ਹ/ਬਿਊਰੋ ਨਿਊਜ਼ :
ਕੇਂਦਰ ਸਰਕਾਰ ਨੇ ਲੰਗਰ ਤੋਂ ਜੀਐਸਟੀ ਨੂੰ ਹਟਾ ਦਿਤਾ ਹੈ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਪਣੇ ਫੇਸਬੁੱਕ ਪੇਜ਼ ‘ਤੇ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਸੀ। ਇਸ ਫ਼ੈਸਲੇ ਦੇ ਆਉਣ ਤੋਂ ਬਾਅਦ ਤੁਰੰਤ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਸ ਦਾ ਸਿਹਰਾ ਅਪਣੇ ਸਿਰ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਮੰਗ ਪੂਰੀ ਹੋ ਸਕੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਵਾਕਈ ਅਕਾਲੀ ਦਲ ਦਾ ਇਸ ਵਿਚ ਵੱਡਾ ਯੋਗਦਾਨ ਰਿਹਾ ਹੈ ਜਾਂ ਫਿਰ ਇਹ ਪਹਿਲਾਂ ਤੋਂ ਤੈਅ ਕੋਈ ਯੋਜਨਾ ਸੀ।
ਕੁਝ ਦਿਨ ਪਹਿਲਾਂ ਹਰਸਿਮਰਤ ਬਾਦਲ ਨੇ ਇਕ ਗੱਲਬਾਤ ਦੌਰਾਨ ਸਖ਼ਤ ਸ਼ਬਦਾਂ ਵਿਚ ਕਿਹਾ ਸੀ ਕਿ ਜੇਕਰ ਲੰਗਰ ਤੋਂ ਜੀਐਸਟੀ ਨਾ ਹਟਾਇਆ ਗਿਆ ਤਾਂ ਉਹ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਹਰਸਿਮਰਤ ਬਾਦਲ ਵਲੋਂ ਦਿਤੀ ਗਈ ਇਸ ਚੁਣੌਤੀ ਤੋਂ ਇੰਝ ਜਾਪਦਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਇਸ ਫ਼ੈਸਲੇ ਬਾਰੇ ਪਤਾ ਸੀ।ਨਹੀਂ ਤਾਂ ਬਾਦਲਾਂ ਦੇ ਕੁਰਸੀ ਨੂੰ ਚਿੰਬੜੇ ਰਹਿਣ ਦੇ ਮੋਹ ਤੋਂ ਕੌਣ ਵਾਕਿਫ ਨਹੀਂ ਹੈ। ਇਸੇ ਲਈ ਉਨ੍ਹਾਂ ਨੇ ਬੜੀ ਸ਼ਿੱਦਤ ਨਾਲ ਅਸਤੀਫ਼ਾ ਦੇਣ ਦੀ ਗੱਲ ਆਖ ਦਿਤੀ ਸੀ। ਇਸੇ ਲਈ ਇਸ ਫ਼ੈਸਲੇ ਦਾ ਪਤਾ ਵੀ ਸਭ ਤੋਂ ਪਹਿਲਾਂ ਹਰਸਿਮਰਤ ਬਾਦਲ ਨੂੰ ਲੱਗਿਆ।
ਦੇਖਿਆ ਜਾਵੇ ਤਾਂ ਲੰਗਰ ‘ਤੇ ਜੀਐਸਟੀ ਦਾ ਇਕੱਲੇ ਅਕਾਲੀ ਦਲ ਵਲੋਂ ਨਹੀਂ ਬਲਕਿ ਹੋਰ ਵੀ ਕਈ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਵੱਖ-ਵੱਖ ਜਥੇਬੰਦੀਆਂ ਵਲੋਂ ਲੰਗਰ ‘ਤੇ ਜੀਐਸਟੀ ਲਗਾਏ ਜਾਣ ਦੇ ਵਿਰੋਧ ਵਿਚ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਗਏ ਸਨ ਜਦਕਿ ਅਕਾਲੀ ਦਲ ਵਲੋਂ ਇਸ ਦਾ ਸਿਹਰਾ ਅਪਣੇ ਸਿਰ ਲੈ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਐਸਜੀਪੀਸੀ ਦੇ ਪ੍ਰਧਾਨ ਨੇ ਚਿੱਠੀ ਲਿਖੀ ਸੀ, ਜਿਸ ਵਿਚ ਇਹ ਜ਼ਿਕਰ ਕੀਤਾ ਗਿਆ ਸੀ ਕਿ ”ਇਹ ਸਿਰਫ਼ ‘ਫ੍ਰੀ ਫੂਡ’ ਨਹੀਂ ਬਲਕਿ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਦਾ ਹਿੱਸਾ ਹੈ। ਇਸ ਨੂੰ ‘ਫ੍ਰੀ ਫੂਡ’ ਨਾਲ ਨਾ ਜੋੜਿਆ ਜਾਵੇ। ਲੰਗਰ ਦੀ ਪਿਰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਸੀ। ਮੈਂ ਇਸ ਫ਼ੈਸਲੇ ਦਾ ਸਵਾਗਤ ਕਰਦਾ ਹਾਂ ਪਰ ਲੰਗਰ ਨੂੰ ਬਾਕੀ ਧਾਰਮਿਕ ਸਥਾਨਾਂ ਦੇ ‘ਫ੍ਰੀ ਫੂਡ’ ਨਾਲ ਜੋੜ ਕੇ ਦੇਖਣ ‘ਤੇ ਮੈਨੂੰ ਇਤਰਾਜ਼ ਹੈ।”
ਸਾਬਕਾ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਨੇ ਲੰਗਰ ‘ਤੇ ਜੀਐਸਟੀ ਲਗਾਏ ਜਾਣ ਨੂੰ ਜਜ਼ੀਆ ਕਰਾਰ ਦਿਤਾ ਸੀ। ਬਡੂੰਗਰ ਦੇ ਬਿਆਨ ‘ਤੇ ਭਾਜਪਾ ਵਿਚ ਕਾਫ਼ੀ ਰੋਸ ਦੇਖਣ ਨੂੰ ਮਿਲਿਆ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕਿਰਪਾਲ ਸਿੰਘ ਬਡੂੰਗਰ ਨੂੰ ਅਗਲੀ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਲੜਨ ਤੋਂ ਵਾਂਝੇ ਕਰ ਦਿਤਾ ਗਿਆ। ਉਸ ਸਮੇਂ ਦੌਰਾਨ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਨੇ ਕਿਹਾ ਸੀ ਕਿ ਮੋਦੀ ਸਰਕਾਰ ਨੇ ਸਿੱਖਾਂ ‘ਤੇ ਜਜ਼ੀਆ ਲਾਇਆ ਹੈ ਜੋ ਕਦੇ ਔਰਗਜ਼ੇਬ ਨੇ ਹਿੰਦੂਆਂ ‘ਤੇ ਧਾਰਮਿਕ ਸਥਾਨਾਂ ‘ਤੇ ਜਾਣ ਲਈ ਲਾਇਆ ਸੀ।
ਦੇਖਿਆ ਜਾਵੇ ਤਾਂ ਅਕਾਲੀ ਦਲ ਨੇ ਕਦੇ ਵੀ ਜ਼ੋਰ ਨਾਲ ਅਪਣੀ ਭਾਈਵਾਲੀ ਪਾਰਟੀ ਭਾਜਪਾ ਦੀ ਸਰਕਾਰ ਤੋਂ ਕੋਈ ਮੰਗ ਨਹੀਂ ਮੰਨਵਾਈ। ਜੀਐਸਟੀ ਨੂੰ ਲੈ ਕੇ ਅਕਾਲੀ ਦਲ ਨੇ ਇਕ ਵਾਰ ਵੀ ਕੇਂਦਰ ਸਰਕਾਰ ਇਹ ਨਹੀਂ ਕਿਹਾ ਕਿ ਜੇਕਰ ਲੰਗਰ ਤੋਂ ਜੀਐਸਟੀ ਨਾ ਹਟਾਇਆ ਗਿਆ ਤਾਂ ਉਹ ਗੱਠਜੋੜ ਤੋੜ ਦੇਣਗੇ। ਜੇਕਰ ਅਕਾਲੀ ਦਲ ਪਹਿਲੇ ਦਿਨ ਹੀ ਇਹ ਕਹਿ ਦਿੰਦਾ ਕਿ ਜੀਐੱਸਟੀ ਸਿੱਖ ਧਰਮ ‘ਤੇ ਹਮਲਾ ਹੈ ਤਾਂ ਹੋ ਸਕਦਾ ਇਹ ਮਸਲਾ ਪਹਿਲਾਂ ਹੀ ਹੱਲ ਹੋ ਜਾਂਦਾ।
ਜੇਕਰ ਗੱਲ ਜੀਐੱਸਟੀ ਹਟਾਉਣ ਦੀ ਕਰੀਏ ਤਾਂ ਕੇਂਦਰ ਸਰਕਾਰ ਨੇ ਇਹ ਸਿਰਫ਼ ਸਿੱਖਾਂ ਲਈ ਨਹੀਂ ਬਲਕਿ ਸਾਰੇ ਧਰਮਾਂ ਲਈ ਕੀਤੀ ਹੈ। ਇਸ ਵਿਚ ਹਿੰਦੂ ਧਾਰਮਿਕ ਅਸਥਾਨ ਵੀ ਸ਼ਾਮਲ ਹਨ। ਇਸ ਤੋਂ ਸਾਫ਼ ਹੈ ਕਿ ਭਾਜਪਾ ‘ਤੇ ਹਿੰਦੂ ਜਥੇਬੰਦੀਆਂ ਦਾ ਵੀ ਭਾਰੀ ਦਬਾਅ ਸੀ, ਜਿਸ ਦੇ ਸਿਰ ‘ਤੇ ਉਹ ਸਿਆਸੀ ਖੇਡਾਂ ਖੇਡਦੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਸਰਕਾਰ ਨੇ ਇਹ ਮੰਗ ਸਿੱਖਾਂ ਕਰਕੇ ਨਹੀਂ ਬਲਕਿ ਅਪਣੇ ਵੋਟ ਬੈਂਕ ਕਰਕੇ ਪੂਰੀ ਕੀਤੀ ਹੈ, ਉਹ ਵੀ ਲੰਗਰ ਨੂੰ ‘ਫਰੀ ਫੂਡ’ ਨਾਲ ਸੰਬੋਧਨ ਕਰਦੇ ਹੋਏ।