ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ‘ਚ ਰਾਤ ਦਾ ਕਰਫਿਊ ਰਹੇਗਾ ਜਾਰੀ

ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ‘ਚ ਰਾਤ ਦਾ ਕਰਫਿਊ ਰਹੇਗਾ ਜਾਰੀ

ਸ਼ਿਲਾਂਗ/ਬਿਊਰੋ ਨਿਊਜ਼ :
ਮੇਘਾਲਿਆ ਸਰਕਾਰ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਰਾਤ ਦਾ ਕਰਫਿਊ ਕੁਝ ਹੋਰ ਦਿਨਾਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦੇ ਫੈਸਲੇ ‘ਤੇ 24 ਘੰਟਿਆਂ ਮਗਰੋਂ ਮੁੜ ਨਜ਼ਰਸਾਨੀ ਕਰਨ ਦਾ ਭਰੋਸਾ ਦਿੱਤਾ ਹੈ। ਇਹ ਜਾਣਕਾਰੀ ਇਕ ਉੱਚ ਅਧਿਕਾਰੀ ਨੇ ਦਿੱਤੀ।  ਅਧਿਕਾਰੀ ਨੇ ਦੱਸਿਆ ਕਿ ਹਿੰਸਾ ਪ੍ਰਭਾਵਿਤ 14 ਥਾਵਾਂ ‘ਤੇ ਸ਼ਾਮ 6 ਵਜੇ ਤੋਂ ਸਵੇਰੇ 7 ਵਜੇ ਤਕ ਅਤੇ ਸ਼ਿਲਾਂਗ ਦੇ ਹੋਰਨਾਂ ਇਲਾਕਿਆਂ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਤਰ੍ਹਾਂ ਦਾ ਖ਼ਤਰਾ ਨਹੀਂ ਲੈਣਾ ਚਾਹੁੰਦੀ।
ਪੂਰਬੀ ਖਾਸੀ ਹਿੱਲਜ਼ ਦੇ ਡਿਪਟੀ ਕਮਿਸ਼ਨਰ ਪੀਐਸ ਡਖ਼ਾਰ ਨੇ ਕਿਹਾ ਕਿ ਗ੍ਰਹਿ ਵਿਭਾਗ ਨੇ ਅੱਜ ਸੂਬਾਈ ਰਾਜਧਾਨੀ ਵਿੱਚ ਹਾਲਾਤ ਦੀ ਸਮੀਖਿਆ ਕੀਤੀ ਅਤੇ ਕੁਝ ਦਿਨਾਂ ਲਈ ਰਾਤ ਦਾ ਕਰਫਿਊ ਜਾਰੀ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਅਗਾਮੀ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ।