ਸਿੱਖ ਫਰੀਡਮ ਮਾਰਚ ਮੌਕੇ ਸ਼ਾਨਦਾਰ ਨਗਰ ਕੀਰਤਨ ਨਾਲ ਖਾਲਸਾਈ ਰੰਗ ‘ਚ ਰੰਗਿਆ ਗਿਆ ਸੈਨ ਫਰਾਂਸਿਸਕੋ ਸ਼ਹਿਰ

ਸਿੱਖ ਫਰੀਡਮ ਮਾਰਚ ਮੌਕੇ ਸ਼ਾਨਦਾਰ ਨਗਰ ਕੀਰਤਨ ਨਾਲ ਖਾਲਸਾਈ ਰੰਗ ‘ਚ ਰੰਗਿਆ ਗਿਆ ਸੈਨ ਫਰਾਂਸਿਸਕੋ ਸ਼ਹਿਰ

ਕੈਲੀਫੋਰਨੀਆ ਦੇ ਸਿੱਖਾਂ ਵੱਲੋਂ ਦਰਬਾਰ ਸਾਹਿਬ ਉੱਤੇ 
ਹਮਲੇ ਦੀ 34ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ 
5ਵੇਂ ਸਾਲਾਨਾ ‘ਆਜ਼ਾਦੀ ਮਾਰਚ’ ਵਿਚ ਹਜ਼ਾਰਾਂ ਸਿੱਖ ਹੋਏ ਸ਼ਾਮਲ

ਸੈਨ ਫਰਾਂਸਿਸਕੋ(ਬਿਊਰੋ ਨਿਊਜ਼/ਬਲਵਿੰਦਰਪਾਲ ਸਿੰਘ ਖਾਲਸਾ):
ਕੈਲੀਫੋਰਨੀਆ ਦੇ ਸਿੱਖ ਭਾਈਚਾਰੇ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਦੀ 34 ਵੀਂ ਵਰ੍ਹੇਗੰਢ ਮਨਾਉਂਦਿਆਂ ਸਿੱਖ ਕੌਮ ਦੀ ਆਜ਼ਾਦੀ ਲਈ ਵੱਡਾ ਮਾਰਚ ਕੀਤਾ। ਜੂਨ-1984 ਅਤੇ ਬਾਅਦ ਵਿਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦ ਵਿਚ 10 ਜੂਨ ਐਤਵਾਰ ਵਾਲੇ ਦਿਨ ਸਾਨਫਰਾਂਸਿਸਕੋ ਸ਼ਹਿਰ ਵਿਚ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਵੀ ਕਰਵਾਇਆ ਗਿਆ।
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਮਨਾਉਂਦਿਆਂ ਜੂਨ 1984 ਦੇ ਸਿੱਖ ਨਸਲਘਾਤ ਵਿਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ ਕੈਲੇਫੋਰਨੀਆ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਸਮੂੰਹ ਗੁਰਦੁਆਰਿਆਂ, ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸਜਾਏ ਗਏ ਨਗਰ ਕੀਰਤਨ-ਫਰੀਡਮ ਮਾਰਚ ਤੇ ਸਿੱਖ ਪ੍ਰਭੂਸੱਤਾ ਰੈਲੀ ਦੌਰਾਨ ਹਜ਼ਾਰਾਂ ਸੰਗਤਾਂ ਨੇ ਹਿੱਸਾ ਲਿਆ, ਜਿਸ ਵਿਚ ਹਰ ਉਮਰ ਦੇ ਸਿੱਖ ਸਨ । ਇਸ ਫਰੀਡਮ ਮਾਰਚ ਲਈ ਇਕ ਮਹੀਨੇ ਤੋਂ ਤਿਆਰੀ ਚੱਲ ਰਹੀ ਸੀ।
ਸਮੂਹ ਗੁਰਦੁਆਰਾ ਸਾਹਿਬਾਨ, ਪੰਥਕ ਧਿਰਾਂ ਤੇ ਰਾਜਸੀ ਜਥੇਬੰਦੀਆਂ ਦੇ ਸਾਂਝੇ ਉੱਦਮ ਨਾਲ ਕੀਤੇ ਸਿੱਖ ਫਰੀਡਮ ਮਾਰਚ ਮੌਕੇ ਸ਼ਾਨਦਾਰ ਨਗਰ ਕੀਰਤਨ ਨਾਲ ਸੈਨ ਫਰਾਂਸਿਸਕੋ ਸ਼ਹਿਰ ਦਾ ਕੇਂਦਰੀ ਹਿੱਸਾ ਖਾਲਸਾਈ ਰੰਗ ‘ਚ ਰੰਗਿਆ ਨਜ਼ਰ ਆ ਰਿਹਾ ਸੀ।
ਇਹ ਮਾਰਚ 34 ਸਾਲ ਪਹਿਲਾਂ ਜੂਨ-1984 ਵਿਚ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਹਮਲੇ ਦੀ ਯਾਦ ਵਿਚ ਸੈਕੰਡ ਸਟਰੀਟ ਤੋਂ ਸ਼ੁਰੂ ਹੋਇਆ ਅਤੇ ਸਾਨਫਰਾਂਸਿਸਕੋ ਦੇ ਸਿਵਿਕ ਸੈਂਟਰ ਪਲਾਜ਼ਾ ਡਾਊਨਟਾਊਨ ‘ਤੇ ਜਾ ਕੇ ਖਤਮ ਹੋਇਆ। ਇਸ ਮਾਰਚ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਸਿੱਖਾਂ ਨੇ ਸੜਕਾਂ ਤੇ ਬਾਜ਼ਾਰਾਂ ਵਿਚ ਪੈਦਲ ਚਲਦੇ ਹੋਏ ਜੇਕਾਰੇ ਗੂੰਜਾਉਂਦੇ ਅੱਗੇ ਵੱਧ ਰਹੇ ਸਨ। ਮਾਰਚ ਵਿੱਚ ਸ਼ਾਮਲ ਸਿੱਖ ਸੰਗਤ ਦੁਪਹਿਰ 1:50 ਵਜੇ ਦੇ ਲਗਭਗ ਸਿਵਿਕ ਸੈਂਟਰ ਪਲਾਜ਼ਾ ਪਹੁੰਚ ਗਈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਰਿਕਾਰਡ ਭਾਸ਼ਣ ਅਤੇ ਜੂਨ- 1984 ਹਮਲੇ ਦੇ ਚਸ਼ਮਦੀਦ ਗਵਾਹਾਂ ਦੇ ਵਿਚਾਰ ਸੁਣੇ।
ਜ਼ਿਕਰਯੋਗ ਹੈ ਕਿ ਜੂਨ-1984 ਵਿਚ, 150,000 ਤੋਂ ਵੀ ਵੱਧ ਭਾਰਤੀ ਫੌਜੀ ਫੌਜਾਂ, ਜੋ ਹੈਲੀਕਾਪਟਰਾਂ ਅਤੇ ਟੈਂਕਾਂ ਨਾਲ ਲੈਸ ਸਨ, ਨੂੰ ਉੱਤਰੀ ਭਾਰਤ ਦੇ ਰਾਜ ਪੰਜਾਬ ਉਤੇ ਚਾੜ੍ਹ ਦਿੱਤਾ ਗਿਆ ਸੀ। ਇਹ ਭਾਰਤੀ ਫੌਜ ਨੇ ਆਜ਼ਾਦੀ ਤੋਂ ਬਾਅਦ ਆਪਣੇ ਸ਼ਹਿਰੀਆਂ ‘ਤੇ ਖੁਦ ਹੀ ਹਮਲਾ ਕੀਤਾ ਸੀ। ਇਸ ਦਿਨ ਸ੍ਰੀ ਅਕਾਲ ਤਖਤ ਸਮੇਤ ਕਈ ਹੋਰ ਸਿੱਖ ਗੁਰਦੁਆਰਿਆਂ ‘ਤੇ ਇੱਕੋ ਸਮੇਂ ਹਮਲਾ ਕੀਤਾ ਗਿਆ।
ਇਸ ਤੋਂ ਬਾਅਦ ਨਵੰਬਰ-1984 ਦੌਰਾਨ ਭਾਰਤ ਵਿਚ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਇਸ ਤੋਂ ਬਾਅਦ ਇਕ ਦਹਾਕਾ ਭਾਰਤ ਸਰਕਾਰ ਨੇ ਪੂਰੇ ਪੰਜਾਬ ਵਿਚ ਸਿੱਖਾਂ ‘ਤੇ ਅਣਮਨੁੱਖੀ ਦਮਨਕਾਰੀ ਕਾਰਵਾਈਆਂ ਕੀਤੀਆਂ। ਭਾਰਤੀ ਸੁਰੱਖਿਆਂ ਬਲਾਂ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਤਸ਼ੱਦਦ ਕਰ ਕੇ ਜਾਨ ਤੋਂ ਮਾਰ ਦਿਤਾ ਗਿਆ। ਤਿੰਨ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਸਿੱਖ ਭਾਰਤ ਵਿਚ ਇਨਸਾਫ ਲਈ ਭਟਕ ਰਹੇ ਹਨ।
ਇਤਿਹਾਸ ਗਵਾਹ ਹੈ ਕਿ 19ਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਬਾਦਸ਼ਾਹਤ ਵਿਚ ਸਭ ਤੋਂ ਸ਼ਕਤੀਸ਼ਾਲੀ ਸਿੱਖ ਰਾਜ ਸਥਾਪਤ ਸੀ, ਜਿਸ ਨੂੰ ਸੰਨ 1849 ਵਿਚ ਬ੍ਰਿਟਿਸ਼ ਹਕੂਮਤ ਨੇ ਆਪਣੇ ਕਬਜ਼ੇ ਵਿਚ ਲਿਆ ਸੀ। ਸੰਨ 1947 ਵਿਚ ਜਦਂੋ ਬ੍ਰਿਟਿਸ਼ ਹਕੂਮਤ ਨੇ ਭਾਰਤ ਦੀ ਆਜ਼ਾਦੀ ਦੀ ਪੇਸ਼ਕਸ਼ ਕੀਤੀ ਸੀ, ਤਾਂ ਸਿੱਖਾਂ ਨੇ ਇਸ ਆਜ਼ਾਦੀ ਮੌਕੇ ਭਾਰਤ ਨਾਲ ਆਪਣਾ ਹਿੱਸਾ ਸਾਂਝਾ ਕਰਨ ਦਾ ਫ਼ੈਸਲਾ ਕੀਤਾ ਸੀ ਪਰੰਤੂ ਸੰਨ 1984 ਦੇ ਹਮਲੇ ਤੋਂ ਬਾਦ ਸਿੱਖਾਂ ਨੇ ਫਿਰ ਆਪਣੇ ਆਜ਼ਾਦ ਦੇਸ਼ ਲਈ ਲੜਨਾ ਸ਼ੁਰੂ ਕਰ ਦਿੱਤਾ ਹੋਇਆ ਹੈ।
ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹ ਦੱਸਣ ਲਈ ਹੀ ਇਸ ‘ਆਜ਼ਾਦੀ ਲਈ ਮਾਰਚ’ ਕੀਤਾ ਗਿਆ ਕਿ ਇਕ ਰਾਸ਼ਟਰ ਦੇ ਰੂਪ ਵਿਚ ਸਵੈ-ਨਿਰਣੇ ਦਾ ਹੱਕ ਦੇਣ ਲਈ ਸਿੱਖ ਕੌਮ ਦਾ ਕੇਸ ਪੂਰਾ ਢੁਕਵਾਂ ਹੈ। ਇਸ ਤਰ੍ਹਾਂ ਅਜਿਹਾ ਰਾਜ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਿਆਵੇਗਾ। ਸੰਨ 1966 ਦੇ ਸੰਯੁਕਤ ਰਾਸ਼ਟਰ ਦੇ ਇਕਰਾਰਨਾਮੇ ਦੇ ਆਰਟੀਕਲ-1 ਵਿਚ ਦਰਜ ਸਵੈ-ਨਿਰਣੇ ਦੇ ਅਧਿਕਾਰ ਨੂੰ ਭਾਰਤ ਵੱਲੋਂ ਰੱਦ ਕਰਨਾ ਇਕ ਤਰਕਸੰਗਤ ਨਹੀਂ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਪੰਜਾਬ ਵਿਚਲੇ ਸੰਘਰਸ਼ ਦਾ ਸਿੱਧਾ ਕਾਰਨ ਸਮਝਣਾ ਚਾਹੀਦਾ ਹੈ ਕਿ ਸਿੱਖ ਸਵੈ-ਨਿਰਣੇ ਦਾ ਹੱਕ ਚਾਹੁੰਦੇ ਹਨ ਦੀ ਤਾਂ ਕਿ ਸੰਘਰਸ਼ ਅਤੇ ਹਿੰਸਾ ਤੋਂ ਬਚਿਆ ਜਾ ਸਕੇ ਅਤੇ ਉਹ ਅਮਨ-ਸ਼ਾਂਤੀ ਨਾਲ ਜੀਵਨ ਬਸਰ ਕਰ ਸਕਣ।
ਇਸ ਸਾਲਾਨਾ ਫਰੀਡਮ ਮਾਰਚ ਲਈ ਸੈਨ ਫਰਾਂਸਿਸਕੋ ਦੇ ਡਾਉਨ ਟਾਊਨ ਵਿਚ ਦੋ ਸਟਰੀਟ ਉਤੇ ਜਿਥੇ ਦੋ ਪੰਜਾਬੀ ਢਾਬੇ ਨਾਰਥ ਇੰਡੀਆਂ ਰੈਸਟੋਰੈਂਟ ਤੇ ਮਹਿਫਿਲ ਰੈਸਟੋਰੈਂਟ ਹਨ, ਦੇ ਵਿਚਕਾਰ ਸੰਗਤਾਂ ਦਾ ਇਕੱਠ ਹੋਣਾ ਸ਼ੁਰੂ ਹੋਇਆ। ਇਥੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੈਨ ਫਰਾਂਸਿਸਕੋ ਸਥਿਤ ਗੁਰਦੂਆਰਾ ਸਾਹਿਬ ਦੀ ਸਮੂੰਹ ਸੰਗਤ ਤੇ ਪ੍ਰਬੰਧਕਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ  ਦੂਰੋਂ ਨੇੜਿਓਂ ਪਹੁੰਚੀਆਂ  ਸੰਗਤਾਂ ਨੂੰ ਨਾਸ਼ਤਾ ਚਾਹ ਪਾਣੀ ਛਕਾਇਆ ਗਿਆ। ਦੋਵੇਂ ਰੈਸਟੋਰੈਂਟ ਸੇਵਾ ਵਿਚ ਪੂਰੀ ਤਰ੍ਹਾਂ ਹਿੱਸਾ ਲੈ ਰਹੇ ਸਨ। ਮੌਸਮ ਸ਼ਾਨਦਾਰ ਸੀ।
ਅਰਦਾਸ ਤੇ ਹੁਕਮਨਾਮੇ ਤੋਂ ਬਾਦ ਜਦ ਸੰਗਤਾਂ ਦੀ ਗਿਣਤੀ ਸਿਖਰ ਤੇ ਪੁੱਜ ਗਈ ਤਾਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਰਹਿਨੁਮਾਈ ਤੇ ਪੰਜਾਂ ਸਿੰਘਾਂ ਦੀ ਅਗਵਾਈ ਹੇਠ ਨਗਰ ਕੀਰਤਨ/ਫਰੀਡਮ ਮਾਰਚ ਦੀ ਸ਼ੁਰਆਤ ਕੀਤੀ ਗਈ। ਸ਼ਹਿਰ ਦੀ ਮੁੱਖ ਸੜਕ ਮਾਰਕੀਟ ਸਟਰੀਟ ਦੇ ਉਤੋਂ ਦੀ ਸ਼ਬਦ ਗਾਇਨ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਜੈਕਾਰਿਆਂ ਨਾਲ ਨਗਰ ਕੀਰਤਨ ਅੱਗੇ ਵਧਿਆ, ਜਿਸ ਨੂੰ ਆਸੇ ਪਾਸੇ ਦੇ ਅੰਤਰਰਾਸ਼ਟਰੀ ਯਾਤਰੂਆਂ ਤੇ ਸ਼ਹਿਰ ਦੇ ਵੱਖ ਵੱਖ ਭਾਈਚਾਰਿਆਂ ਨੇ ਵੇਖਿਆ। ਵੀਡੀਓ ਬਣਾਈਆਂ ਤੇ ਵੰਡਿਆਂ ਜਾ ਰਿਹਾ ਕਿਤਾਬਚਾ ਪੜਿਆ ਜਿਸ ਉਤੇ ਸਿੱਖ ਧਰਮ ਬਾਰੇ ਜਾਣਕਾਰੀ ਦਿਤੀ ਹੋਈ ਸੀ। ਹਰ ਤਰਾਂ ਦੇ ਠੰਢੇ ਮਿੱਠੇ ਤੇ ਪਾਣੀ ਵੰਡਿਆਂ ਜਾ ਰਿਹਾ ਸੀ। ਸਭ ਤੋਂ ਅੱਗੇ ਨਗਾਰਾ ਲਗਾਤਾਰ ਵੱਜ ਰਿਹਾ ਸੀ। ਗੁਰੂ ਗਰੰਥ ਸਾਹਿਬ ਜੀ ਦੇ ਸਵਾਰੇ ਵਾਲੇ ਟਰੱਕ, ਜਿਸ ਉਤੇ ਸ਼ਬਦ ਕੀਰਤਨ ਹੋ ਰਿਹਾ ਸੀ, ਤੋਂ ਇਲਾਵਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਖਾਲਿਸਤਾਨ ਜ਼ਿੰਦਾਬਾਦ ਵਾਲਾ ਇਕ ਵਡਾ ਫਲੋਟ ਵੀ ਚੱਲ ਰਿਹਾ ਸੀ। ਇਕ ਫਲੋਟ ਉਤੇ ਵੱਖ ਵੱਖ ਗੁਰਦੁਆਰਾ ਸਾਹਿਬ ਤੋਂ ਪਹੁੰਚੇ ਬੱਚੇ ਕੀਰਤਨ ਕਰ ਰਹੇ ਸਨ। ਕੈਲੇਫੋਰਨੀਆਂ ਗਤਕਾ ਦਲ ਵਾਲੇ ਸਿੰਘ ਸਿੰਘਣੀਆਂ ਗਤਕੇ ਦੇ ਜੌਹਰ ਵਿਖਾ ਰਹੇ ਸਨ। ਪੰਜਾਬ ਰੈਫਰੈਂਡਮ 2020 ਵਾਲੇ ਲਗਾਤਾਰ ਖਾਲਿਸਤਾਨ ਜ਼ਿੰਦਾਬਾਦ ਦੇ ਜ਼ੋਰਦਾਰ ਨਾਹਰੇ ਮਾਰ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਵੀਰ ਵੀ ਖਾਲਿਸਤਾਨੀ ਨਾਹਰੇ ਜੈਕਾਰੇ ਬੁਲਾ ਰਹੇ ਸਨ। ਇਕ ਘੰਟੇ ਦੀ ਯਾਤਰਾ ਤੋਂ ਬਾਦ ਨਗਰ ਕੀਰਤਨ-ਅਜ਼ਾਦੀ ਮਾਰਚ ਸ਼ਹਿਰ ਦੇ ਵਿਚਕਾਰ ਦੀ ਸਭ ਤੋਂ ਪ੍ਰਸਿੱਧ ਥਾਂ ਸਿਟੀ ਹਾਲ ਦੇ ਸਾਹਮਣੇ, ਸਿਵਕ ਸੈਂਟਰ ਪਲਾਜ਼ਾ ਪਹੁੰਚਿਆ ਜਿਥੇ ਪਹਿਲਾਂ ਤੋਂ ਹੀ ਢਾਡੀ ਸਿੱਘ ਸ਼ਹੀਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ।
ਸਟੇਜ ਦੀ ਕਾਰਵਾਈ ਨਿਭਾਉਂਦਿਆਂ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਸਾਬਕਾ ਸੁਪਰੀਮ ਕੌਂਸਲ ਮੈਂਬਰ ਭਾਈ ਜਸਦੇਵ ਸਿੰਘ ਨੇ  ਨਗਰ ਕੀਰਤਨ ਦੇ ਉਦੇਸ਼ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਵਾਰੀ ਵਾਰੀ ਦੂਰੋਂ ਨੇੜਿਓ ਆਏ ਬੁਲਾਰਿਆਂ ਨੂੰ ਬੁਲਾ ਕੇ ਸੰਗਤਾਂ ਨਾਲ ਆਪਣੇ ਖਾਸ ਪੰਥਕ ਵਿਚਾਰ ਤੇ ਦਰਦ ਸਾਂਝੇ ਕਰਨ ਲਈ ਬੁਲਾਇਆ। ਜਿਸ ਵਿਚ ਗੁਰਦੁਆਰਾ ਫਰੀਮਾਂਟ ਦੇ ਸਾਬਕਾ ਸੁਪਰੀਮ ਕੌਂਸਲ ਮੈਂਬਰ ਭਾਈ ਰਾਮ ਸਿੰਘ, ਮਨੁੱਖੀ ਅਧਿਕਾਰਾਂ ਲਈ ਜਾਨ ਦੀ ਬਾਜ਼ੀ ਲਾਣ ਵਾਲੇ ਸ਼ਹੀਦ ਭਾਈ ਖਾਲੜਾ ਦੀ ਧੀ  ਬੀਬੀ ਨਵਕਿਰਨ ਕੌਰ, ਡਾਕਟਰ ਅਮਰਜੀਤ ਸਿੰਘ,  ਸੁਖਦੀਪ ਸਿੰਘ ਬਰਨਾਲਾ ਅਤੇ ਪੰਜਾਬ ਰੈਫਰੈਂਡਮ 2020 ਦੇ ਬੁਲਾਰੇ ਤਜਿੰਦਰ ਸਿੰਘ ਸ਼ਾਮਲ ਸਨ। ਸਾਰੇ ਬੁਲਾਰਿਆਂ ਨੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਦੱਸਦਿਆਂ ਉਨਾਂ ਦੀ ਸ਼ਹਾਦਤ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਭਾਰਤੀ ਫੌਜ ਵੱਲੋਂ  ਕੀਤੇ ਗਏ ਸਿੱਖ ਕਤਲੇਆਮ-ਨਸਲਕੁਸ਼ੀ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਵੇਲੇ ਦੀ ਪ੍ਰਧਾਨ ਮਤਰੀ ਜ਼ਾਲਮ ਇੰਦਰਾ ਗਾਂਧੀ, ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਬਜ਼ਿਦ ਸੀ ਜੋ ਸਿੱਖਾਂ ਨੂੰ ਨਫਰਤ ਕਰਦੀ ਸੀ ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾ ਢਾਹ ਦਿੱਤਾ ਗਿਆ। ਇਸ ਤੋਂ ਇਲਾਵਾ 40 ਹੋਰ ਗੁਰਦੁਆਰਿਆਂ ਵਿਚ ਵੀ ਤਬਾਹੀ ਕੀਤੀ ਗਈ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਵੀ ਜੂਝਦਿਆਂ ਇਸ ਜੰਗ ਵਿਚ ਸ਼ਹੀਦੀ ਪਾਈ। ਜਰਨੈਲ ਜਥੇਦਾਰ ਸੁਬੇਗ ਸਿੰਘ ਤੇ ਭਾਈ ਅਮਰੀਕਾ ਸਿੰਘ ਵੀ ਇਸ ਅੰਮ੍ਰਿਤਸਰ ਦੀ ਲੜਾਈ ਵਿਚ ਸ਼ਹੀਦ ਹੋਏ। ਹਜ਼ਾਰਾਂ ਨੌਜਵਾਨ ਜੂਝਦੇ ਹੋਏ ਤੇ ਅਣਭੋਲ ਯਾਤਰੀ ਜਾਮੇ ਸ਼ਹਾਦਤ ਪੀ ਗਏ। ਸਭ ਬੁਲਾਰਿਆ ਨੇ ਇਕ ਆਵਾਜ਼ ਵਿਚ ਕਿਹਾ ਕਿ ਹੁਣ ਦੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਇਹ ਗੱਲ ਤਹਿ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖ ਕੌਮ ਕੋਲ ਕੋਈ ਚਾਰਾ ਨਹੀਂ। ਇਸ ਨਗਰ ਕੀਰਤਨ ਨੂੰ ਕਵਰ ਕਰਨ ਲਈ ਨੈਸ਼ਨਲ ਮੀਡੀਆਂ ਪਹੁੰਚਿਆ, ਜਿਸ ਵਿਚ ਚੈਨਲ ਪੰਜ, ਚੈਨਲ ਸੱਤ ਮੁਖ ਸਨ।
ਇਸ ਸਮਾਗਮ ਵਿਚ ਖਾਲਿਸਤਾਨ ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿਚ ਇਕ ਯਾਦਗਾਰੀ ਪਲੇਟ ਤੇ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।
ਲੰਗਰਾਂ ਦੇ ਸ਼ਾਨਦਾਰ ਪ੍ਰਬੰਧ ਸਨ, ਜਿਸ ਵਿਚ ਆਈਸ ਕਰੀਮ, ਚੌਲ-ਕੜ੍ਹੀ, ਮੈਂਗੋ ਲੱਸੀ, ਚਾਹ ਪਕੌੜੇ ਸ਼ਾਮਲ ਸਨ। ਟੀਵੀ 84 ਵਾਲਿਆਂ ਨੇ ਲਗਾਤਾਰ ਵੀਡੀਓਗਰਾਫੀ ਕੀਤੀ ਤੇ ਆਪਣੇ ਟੀਵੀ 84 ਤੋਂ ਨਾਲੋ ਨਾਲ ਨਗਰ ਕੀਰਤਨ ਦਾ ਹਾਲ ਵਿਖਾਇਆ। ਯੂਬਾ ਸਿਟੀ, ਸੈਕਰਾਮੈਂਟੋ, ਸਟਾਕਟਨ, ਲੋਡਾਈ, ਟਰੇਸੀ, ਮੋਡੈਸਟੋ-ਸੀਰੀਜ਼, ਟਰਲਕ, ਮਨਟੀਕਾ, ਫਰਿਜ਼ਨੋ ਤੇ ਬੇਕਰਜ਼ਫੀਲਡ ਵੱਲੋਂ ਸੰਗਤਾਂ ਬੱਸਾਂ ਵਿਚ ਪਹੁੰਚੀਆਂ। ਜਿਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਧੰਨਵਾਦ ਦੀਆਂ ਪਾਤਰ ਹਨ। ਸਾਉਥ ਸੈਨ ਫਰਾਂਸਿਸਕੋ ਦੀ ਸਮੁੱਚੀ ਸਾਧ ਸੰਗਤ ਨੇ ਪੁਰਜ਼ੋਰ ਸੇਵਾ ਕੀਤੀ।
ਗੁਰਦੁਆਰਾ ਸਾਹਿਬ ਫਰੀਮਾਂਟ ਨੇ ਕੋਆਰਡੀਨੇਸ਼ਨ ਵਿਚ ਮੁਖ ਭੂਮਿਕਾ ਨਿਭਾਈ। ਅਮਰੀਕਾ ਟੀਵੀ ਚੈਨਲਾਂ ਦੀ ਰਿਪੋਰਟ ਬਹੁਤ ਤੱਸਲੀਬਖਸ਼ ਸੀ।