ਨਸ਼ਾ-ਕਾਂਡ ਵਿਚ ਫਸਿਆ ਪੰਜਾਬ ਪੁਲਿਸ ਦਾ ਡੀਐਸਪੀ ਦਲਜੀਤ ਸਿੰਘ ਮੁਅੱਤਲ

ਨਸ਼ਾ-ਕਾਂਡ ਵਿਚ ਫਸਿਆ ਪੰਜਾਬ ਪੁਲਿਸ ਦਾ ਡੀਐਸਪੀ ਦਲਜੀਤ ਸਿੰਘ ਮੁਅੱਤਲ

ਚੰਡੀਗੜ੍ਹ/ਬਿਊਰੋ ਨਿਊਜ਼ : 28 ਜੂਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਪੁਲੀਸ ਨੇ ਨਸ਼ਿਆਂ ਦੀ ਲਤ ਲਾਉਣ ਦੇ ਮਾਮਲੇ ਵਿਚ ਕਥਿਤ ਤੌਰ ‘ਤੇ ਸ਼ਾਮਲ ਡੀ.ਐਸ.ਪੀ. ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਸੀ ਕਿ ਦੋ ਔਰਤਾਂ ਵਲੋਂ ਇਸ ਪੁਲੀਸ ਅਫ਼ਸਰ ‘ਤੇ ਨਸ਼ੇ ਦੀ ਲਤ ਲਾਉਣ ਦੇ ਦੋਸ਼ ਸਹੀ ਸਾਬਤ ਹੋ ਗਏ ਤਾਂ ਪੁਲੀਸ ਅਫ਼ਸਰ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਜਾਵੇਗਾ।
ਵਰਨਣਯੋਗ ਹੈ ਕਿ ਸਾਬਕਾ ਮੰਤਰੀ ਤੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਨਸ਼ੇ ਸਬੰਧੀ ਲਾਏ ਦੋਸ਼ਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਰਾਣਾ ਦੇ ਦੋਸ਼ਾਂ ਵਾਲੀ ਵੀਡਿਓ ਦੇਖ ਲਈ ਹੈ ਤੇ ਜੇ ਪੁਲੀਸ ਅਧਿਕਾਰੀ ਵਲੋਂ ਨਸ਼ੇ ਦੀ ਲਤ ਲਾਉਣ ਜਾਂ ਨਸ਼ਿਆਂ ਵਿਚ ਸ਼ਾਮਲ ਹੋਣ ਦੇ ਦੋਸ਼ ਸਾਬਤ ਹੋ ਗਏ ਤਾਂ ਉਸ ਨੂੰ ਧਾਰਾ 311 ਤਹਿਤ ਬਰਤਰਫ਼ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਸੀ ਤੇ ਪੁਲੀਸ ਮੁਖੀ ਨੇ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੀ ਡਾਇਰੈਕਟਰ ਅਨੀਤਾ ਪੁੰਜ ਦੀ ਡਿਊਟੀ ਲਾ ਦਿੱਤੀ ਤੇ  ਉਨ੍ਹਾਂ ਨੂੰ ਇਕ ਹਫ਼ਤੇ ਵਿੱਚ ਮੁਢਲੀ ਜਾਂਚ ਰਿਪੋਰਟ ਦੇਣ  ਦੀ ਹਦਾਇਤ ਕੀਤੀ ਗਈ ਹੈ।
ਸੂਬੇ ਵਿਚ ਪਿਛਲੇ ਦਿਨੀਂ ਨਸ਼ਿਆਂ ਨਾਲ ਕੁਝ ਨੌਜਵਾਨਾਂ ਦੀਆਂ ਮੌਤਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਖ਼ਤੀ ਕੀਤੇ ਜਾਣ ਕਰ ਕੇ ‘ਚਿੱਟੇ’ ਦੀ ਕੀਮਤ 1200 ਰੁਪਏ ਪ੍ਰਤੀ ਗਰਾਮ ਤੋਂ ਵਧ ਕੇ ਸੱਤ ਹਜ਼ਾਰ ਰੁਪਏ ਤਕ ਹੋ ਗਈ ਹੈ। ਨਸ਼ੇ ਦੀ ਸਪਲਾਈ ਦੇ ਦੋਸ਼ ਵਿੱਚ ਅਠਾਰਾਂ ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਪਾਕਿਸਤਾਨ ਤੋਂ ਇਲਾਵਾ ਦਿੱਲੀ ਤੋਂ ਕਾਫੀ ਮਾਤਰਾ ਵਿਚ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇੜੀ ਨੌਜਵਾਨਾਂ ਵਲੋਂ ਬੁਪਰਨੋਫੀਨ ਵਰਗੀਆਂ ਨਸ਼ਾ ਛੁਡਾਊ ਦਵਾਈਆਂ ਨੂੰ ਪਾਣੀ ਵਿਚ ਘੋਲ ਕੇ ਟੀਕੇ ਲਾਏ ਜਾਣ ਕਰ ਕੇ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਗੋਲੀਆਂ ਆਪਣੀ ਮੌਜੂਦਗੀ ਵਿਚ ਹੀ ਨਸ਼ੇੜੀਆਂ ਨੂੰ ਖਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਇਨ੍ਹਾਂ ਨੂੰ ਪਾਣੀ ਵਿਚ ਘੋਲ ਕੇ ਟੀਕੇ ਨਾ ਲਾ ਸਕਣ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕੇਂਦਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਡਾਕਟਰ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਗੋਲੀਆਂ ਘਰਾਂ ਨੂੰ ਲਿਜਾਣ ਦਿੰਦੇ ਹਨ । ਇਸ ਲਈ ਨਸ਼ਾ ਛੁਡਾਊ ਗੋਲੀਆਂ ਘਰਾਂ ਨੂੰ ਲਿਜਾਣ ਨਹੀਂ ਦੇਣੀਆਂ ਚਾਹੀਦੀਆਂ।
ਹਰ ਰੋਜ਼ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਚਿੱਟੇ ਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨੂੰ ਰੋਕਣ ਵਿਚ ਇਕੱਲੀ ਸਰਕਾਰ ਸਭ ਕੁਝ ਨਹੀਂ ਕਰ ਸਕਦੀ। ਨਸ਼ਾ ਵਿਰੋਧੀ ਮੁਹਿੰਮ ਵਿੱਚ ਸਮਾਜ ਤੇ ਹੋਰ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ। ਨਾਲੇ ਇਹ ਸਮੱਸਿਆ ਕੁਝ ਦਿਨਾਂ ਦੀ ਨਹੀਂ ਹੈ ਤੇ ਕਾਫੀ ਸਮੇਂ ਤੋਂ ਚਲੀ ਆ ਰਹੀ ਹੈ। ਸਰਕਾਰ ਇਸ ‘ਤੇ ਕਾਬੂ ਪਾਉਣ ਲਈ ਵਾਹ ਲਾ ਰਹੀ ਹੈ।
ਪੰਜਾਬ ‘ਚ ਨਸ਼ੇ ਦੇ ਸਭ ਤੋਂ ਵੱਡੇ ਤਸਕਰ ਦਾ ਪਤਾ ਲੱਗਿਆ : ਪੰਜਾਬ ‘ਚ ਨਸ਼ਾ ਸਪਲਾਈ ਕਰਦੇ ਸਭ ਤੋਂ ਵੱਡੇ ਤਸਕਰ ਦਾ ਰਾਜ ਸਰਕਾਰ ਨੇ ਖੁਰਾ ਖੋਜ ਲੱਭ ਲਿਆ ਹੈ। ਨਸ਼ੇ ਦਾ ਵੱਡਾ ਸੌਦਾਗਰ ਹਾਂਗਕਾਂਗ ਦੀ ਜੇਲ੍ਹ ‘ਚ ਬੈਠ ਕੇ ਪੰਜਾਬ ‘ਚ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ ਤੇ ਸਰਕਾਰ ਇਸ ਵੱਡੇ ਨਸ਼ਾ ਸਰਗਨਾ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ‘ਚ ਲੱਗੀ ਹੋਈ ਹੈ ਜਦਕਿ ਨਸ਼ਿਆਂ ਦੇ ਤਿੰਨ ਮੁੱਖ ਸਪਲਾਇਰ ਭਾਰਤ ਤੋਂ ਫ਼ਰਾਰ ਹੋ ਚੁੱਕੇ ਹਨ।
ਇਸ ਗੱਲ ਦਾ ਖ਼ੁਲਾਸਾ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਪੈੜ ਨੱਪਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਅਤੇ ਪੰਜਾਬ ਪੁਲਿਸ ਪੂਰੀ ਸਖ਼ਤੀ ਵਰਤ ਰਹੀ ਹੈ, ਜਿਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ, ਜਿਸ ਨੂੰ ਚਿੱਟਾ ਵੀ ਕਿਹਾ ਜਾਂਦਾ ਹੈ, ਦੀ ਪਹਿਲਾਂ 1200 ਰੁਪਏ ਦੀ ਪੁੜੀ ਮਿਲਦੀ ਸੀ ਹੁਣ ਉਹ 6 ਹਜ਼ਾਰ ਰੁਪਏ ਤੱਕ ਵਿਕਦੀ ਹੈ। ਕੈਪਟਨ ਨੇ ਕਿਹਾ ਕਿ ਦਸ ਹਜ਼ਾਰ ਦੇ ਕਰੀਬ ਨਸ਼ਾ ਤਸਕਰ ਹੁਣ ਤੱਕ ਜੇਲ੍ਹਾਂ ‘ਚ ਬੰਦ ਕੀਤੇ ਜਾ ਚੁੱਕੇ ਹਨ, 5 ਹਜ਼ਾਰ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ ਤੇ ਬਾਕੀ ਰਹਿੰਦੇ ਵੀ ਕਾਬੂ ਕਰਕੇ ਨਸ਼ਿਆਂ ਦਾ ਮੁਕੰਮਲ ਸਫ਼ਾਇਆ ਕਰ ਦਿੱਤਾ ਜਾਵੇਗਾ।
ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਨਸ਼ਿਆਂ ਦੇ ਮਾਮਲੇ ‘ਤੇ ਦਿੱਤੇ ਬਿਆਨ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਜਦੋਂ ਰਾਣਾ ਮੰਤਰੀ ਸਨ ਤਾਂ ਉਨ੍ਹਾਂ ਨੂੰ ਉਦੋਂ ਦੱਸਣਾ ਚਾਹੀਦਾ ਸੀ, ਫਿਰ ਵੀ ਉਕਤ ਕੇਸ ਨਾਲ ਸਬੰਧਤ ਔਰਤਾਂ ਵਲੋਂ ਨਸ਼ੇ ਦੀ ਲਤ ਲਗਾਉਣ ਲਈ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਿਆ ਗਿਆ ਹੈ,  ਉਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ