ਪੰਜਾਬ ਦੀ ਕੁੜੀ ਨੇ ਮੈਡੀਕਲ ਦਾਖਲਾ ਪ੍ਰੀਖਿਆ ‘ਚ ਲਿਆ ਪਹਿਲਾ ਨੰਬਰ

ਪੰਜਾਬ ਦੀ ਕੁੜੀ ਨੇ ਮੈਡੀਕਲ ਦਾਖਲਾ ਪ੍ਰੀਖਿਆ ‘ਚ ਲਿਆ ਪਹਿਲਾ ਨੰਬਰ
ਆਪਣੇ ਮਾਪਿਆਂ ਨਾਲ ਖੁਸ਼ੀ ਸਾਂਝੀ ਕਰਦੀ ਹੋਈ ਐਲੀਜ਼ਾ ਬਾਂਸਲ।

ਪਟਿਆਲਾ/ਬਿਊਰੋ ਨਿਊਜ਼ :
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏ.ਆਈ.ਆਈ.ਐੱਮ.ਐੱਸ.) ਦੀ ਦਾਖ਼ਲਾ ਪ੍ਰੀਖਿਆ ਵਿਚੋਂ ਪੰਜਾਬ ਦੇ ਪਛੜੇ ਇਲਾਕਿਆਂ ‘ਚ ਗਿਣੇ ਜਾਂਦੇ ਲਹਿਰਾਗਾਗਾ ਦੀ ਐਲੀਜ਼ਾ ਪੁੱਤਰੀ ਵਿਜੇ ਕੁਮਾਰ ਨੇ ਸਭ ਨੂੰ ਪਛਾੜਦਿਆਂ ਦੇਸ਼ ਭਰ ਵਿਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ, ਜਦਕਿ ਟਰਾਈਸਿਟੀ (ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ) ਦੇ ਤਿੰਨ ਵਿਦਿਆਰਥੀਆਂ ਮਹਿਕ ਅਰੋੜਾ (ਆਲ ਇੰਡੀਆ ਰੈਂਕ 3), ਮਨਰਾਜ ਸਿੰਘ ਸਰਾ (ਰੈਂਕ 4) ਅਤੇ ਇਸ਼ਵਾਕ ਅਗਰਵਾਲ (10ਵਾਂ ਰੈਕ) ਨੇ ਪਹਿਲੇ ਦਸ ਵਿਦਿਆਰਥੀਆਂ ‘ਚ ਥਾਂ ਬਣਾਈ ਹੈ।
ਇਸ ਮੌਕੇ ਐਲੀਜ਼ਾ ਨੇ ਕਿਹਾ ਕਿ ਲਕਸ਼ੈ ਇੰਸਟੀਚਿਊਟ ਦੇ ਅਧਿਆਪਕਾਂ ਨੇ ਉਸ ਦਾ ਮਾਰਗ ਦਰਸ਼ਨ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਦਿਲ ਦੇ ਰੋਗਾਂ ਦੀ ਡਾਕਟਰ ਬਣਨਾ ਚਾਹੁੰਦੀ ਹੈ ਤੇ ਏਮਜ਼ ਦਿੱਲੀ ਵਿਚ ਦਾਖਲਾ ਲੈ ਕੇ ਡਾਕਟਰੀ ਦੀ ਪੜ੍ਹਾਈ ਸ਼ੁਰੂ ਕਰੇਗੀ। ਨੀਟ ਦੀ ਪ੍ਰੀਖਿਆ ਵਿਚੋਂ ਉਸ ਦਾ 196ਵਾਂ ਰੈਂਕ ਆਇਆ ਸੀ। ਲਕਸ਼ੈ ਇੰਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਸਾਹਿਲ ਹਰਜਾਈ ਤੇ ਪਟਿਆਲਾ ਸੈਂਟਰ ਦੇ  ਡਾਇਰੈਕਟਰ ਰਿਸ਼ੀ ਸਿੰਗਲਾ ਨੇ ਦੱਸਿਆ ਕਿ ਐਲੀਜ਼ਾ ਨੇ ਦੇਵ ਰਾਜ ਡੀਏਵੀ ਪਬਲਿਕ  ਸਕੂਲ, ਲਹਿਰਾਗਾਗਾ ਤੋਂ 12ਵੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ  ਇਸ ਸੰਸਥਾ ਦੀ ਹੀ ਇਸ਼ਵਾਕ ਅਗਰਵਾਲ ਪੁੱਤਰੀ ਰਾਜੇਸ਼ ਅਗਰਵਾਲ ਨੇ 10ਵਾਂ, ਅਭਿਨਵ ਗੁਪਤਾ ਪੁੱਤਰ ਵਰਿੰਦਰ ਗੁਪਤਾ ਨੇ 14ਵਾਂ ਅਤੇ ਈਸ਼ਾਨ ਗਰਗ ਪੁੱਤਰ ਸੰਜੀਵ ਗਰਗ ਨੇ 60ਵਾਂ ਸਥਾਨ  ਹਾਸਲ ਕੀਤਾ। ਉਨ੍ਹਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਬਠਿੰਡਾ ਦੇ ਤਿੰਨ ਵਿਦਿਆਰਥੀਆਂ ਨੇ ਵੀ ਪਹਿਲੇ 50 ਰੈਂਕਾਂ ‘ਚ ਸਥਾਨ ਹਾਸਲ ਕੀਤਾ ਹੈ।
ਲਹਿਰਾਗਾਗਾ ਤੋਂ ਪ੍ਰਾਪਤ ਵੇਰਵਿਆ ਮੁਤਾਬਕ ਐਲੀਜ਼ਾ ਦੀ ਪ੍ਰਾਪਤੀ ‘ਤੇ ਡਾ. ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਲਹਿਰਾਗਾਗਾ ਦੀ ਪ੍ਰਧਾਨ ਉਰਮਲਾ ਰਾਣੀ, ਐੱਮਡੀ ਪ੍ਰਵੀਨ ਖੋਖਰ, ਸਲਾਹਕਾਰ ਲੱਕੀ ਖੋਖਰ ਅਤੇ ਪ੍ਰਿੰਸੀਪਲ ਵਿਪਿਨ ਸੂਸਾ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਉਸ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਐਲੀਜ਼ਾ ਾਂਂਸਲ ਦੇ ਪਿਤਾ ਵਿਜੈ ਕੁਮਾਰ ਸਰਕਾਰੀ ਸਕੂਲ ‘ਚ ਇਕਨਾਮਿਕਸ ਦੇ ਲੈਕਚਰਾਰ ਹਨ ਤੇ ਉਸ ਦੀ ਮਾਤਾ ਇਕ ਪ੍ਰਾਈਵੇਟ ਕਾਲਜ ‘ਚ ਲਾਇਬ੍ਰੇਰੀਅਨ ਹੈ।