ਪਾਕਿ ‘ਚ ਪੰਜਵੀਂ ਪਾਤਸ਼ਾਹੀ ਦਾ ਸ਼ਹੀਦੀ ਪੁਰਬ ਮਨਾ ਕੇ ਸਿੱਖ ਜਥਾ ਵਾਪਸ ਪਰਤਿਆ

ਪਾਕਿ ‘ਚ ਪੰਜਵੀਂ ਪਾਤਸ਼ਾਹੀ ਦਾ ਸ਼ਹੀਦੀ ਪੁਰਬ ਮਨਾ ਕੇ ਸਿੱਖ ਜਥਾ ਵਾਪਸ ਪਰਤਿਆ

ਪਾਕਿਸਤਾਨ ਤੋਂ ਪਰਤੇ ਸਿੱਖ ਸ਼ਰਧਾਲੂ ਰੇਲਵੇ ਸਟੇਸ਼ਨ ਅਟਾਰੀ ਤੋਂ ਬਾਹਰ ਆਉਂਦੇ ਹੋਏ।
ਅਟਾਰੀ/ਬਿਊਰੋ ਨਿਊਜ਼ :
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ (ਪਾਕਿਸਤਾਨ) ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਮਗਰੋਂ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਵਤਨ ਪਰਤਿਆ ਹੈ।
ਵਤਨ ਵਾਪਸੀ ਮਗਰੋਂ ਰੇਲਵੇ ਸਟੇਸ਼ਨ ਅਟਾਰੀ ਵਿਖੇ ਗੱਲਬਾਤ ਕਰਦਿਆਂ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਆਗੂ ਜੰਗ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਔਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ 14 ਜੂਨ ਨੂੰ ਅਖੰਡ ਪਾਠ ਆਰੰਭ ਹੋਏ ਅਤੇ 16 ਜੂਨ ਨੂੰ ਭੋਗ ਮਗਰੋਂ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਭਾਰਤੀ ਸਿੱਖ ਜਥੇ ਨੇ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਰਾਵਲਪਿੰਡੀ, ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ (ਸਥਾਨਕ ਗੁਰਦੁਆਰਿਆਂ ਸਮੇਤ), ਗੁਰਦੁਆਰਾ ਸੱਚਾ ਸੌਦਾ (ਫਾਰੂਕਾਬਾਦ), ਗੁਰਦੁਆਰਾ ਰੋੜੀ ਸਾਹਿਬ (ਐਮਨਾਬਾਦ), ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਤੇ ਗੁਰਦੁਆਰਾ ਚੂਨਾ ਮੰਡੀ ਲਾਹੌਰ ਦੇ ਦਰਸ਼ਨ ਦੀਦਾਰ ਕੀਤੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਸਿੱਖ ਜਥੇ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਜਥੇ ਵਿੱਚ ਸ਼ਾਮਲ ਵੱਖ-ਵੱਖ ਸ਼ਰਧਾਲੂਆਂ ਨੇ ਦੱਸਿਆ ਕਿ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਸ਼ਹੀਦੀ ਦਿਹਾੜਾ ਮਨਾਉਣ ਲਈ ਪੁੱਜੀ ਸਿੱਖ ਸੰਗਤ ਦਾ ਧੰਨਵਾਦ ਕੀਤਾ। ਪਾਕਿਸਤਾਨ ਦੇ ਵਿਧਾਇਕ ਰਮੇਸ਼ ਸਿੰਘ ਅਰੋੜਾ ਅਤੇ ਅਵਤਾਰ ਸਿੰਘ ਸੰਘੇੜਾ ਨੇ ਸਿੱਖ ਸੰਗਤ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਵੱਖ ਵੱਖ ਦਿਹਾੜੇ ਮਨਾਉਣ ਦੀ ਅਪੀਲ ਕੀਤੀ।
ਇਸ ਮੌਕੇ ਪਾਕਿਸਤਾਨ ਕਮੇਟੀ ਦੇ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਖਾਲਿਸਤਾਨ ਪੱਖੀ ਨਾਅਰੇ ਲਾਏ। ਸਮਾਗਮ ਮੌਕੇ ਪਾਕਿਸਤਾਨ ਔਕਾਫ਼ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ, ਡਿਪਟੀ ਸਕੱਤਰ ਇਮਰਾਨ ਖਾਨ ਗੋਂਦਲ, ਫਰਾਜ਼ ਅੱਬਾਸ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਪਾਕਿਸਤਾਨੀ ਵਿਧਾਇਕ ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਕਮੇਟੀ ਮੈਂਬਰ ਮਨਿੰਦਰ ਸਿੰਘ, ਅਵਤਾਰ ਸਿੰਘ ਸੰਘੇੜਾ (ਯੂਕੇ) ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ (ਸਰਨਾ) ਦੇ ਪਾਰਟੀ ਆਗੂ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।