ਸ੍ਰੀ ਅਕਾਲ ਤਖਤ ਵੱਲੋਂ ‘ਗੁਰੂ ਦਰਬਾਰ’ ਵਿਚ ਬਿਜਲਈ ਸਮਾਨ ਦੀ ਵਰਤੋਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤ ਨੂੰ ਸੁਚੇਤ ਕੀਤਾ ਹੈ ਕਿ ਗੁਰਦੁਆਰਿਆਂ ਵਿੱਚ ਬਿਜਲਈ ਉਪਕਰਨਾਂ ਦੀ ਵਰਤੋਂ ਪ੍ਰਬੰਧਕਾਂ ਦੀ ਗ਼ੈਰ-ਹਾਜ਼ਰੀ ਵਿੱਚ ਨਾ ਕੀਤੀ ਜਾਵੇ। ਇਸ ਤਰ੍ਹਾਂ ਸ਼ਾਰਟ ਸਰਕਟ ਕਰ ਕੇ ਹੋਣ ਵਾਲੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਆਖਿਆ ਕਿ ਗੁਰਦੁਆਰਿਆਂ ਵਿੱਚ ਬਿਜਲੀ ਦੇ ਚੰਗੇ ਸਾਮਾਨ ਦੀ ਵਰਤੋਂ ਕੀਤੀ ਜਾਵੇ ਅਤੇ ਵਧੀਆ ਵਾਇਰਿੰਗ ਕੀਤੀ ਜਾਵੇ। ਪਾਲਕੀ ਸਾਹਿਬ ਦੇ ਨਾਲ ਬਿਜਲਈ ਲੜੀਆਂ, ਪਲਾਸਟਿਕ ਦੀ ਬਾਡੀ ਵਾਲਾ ਪੱਖਾ ਆਦਿ ਨਾ ਲਾਇਆ ਜਾਵੇ ਕਿਉਂਕਿ ਗਰਮੀ ਦੇ ਮੌਸਮ ਵਿੱਚ ਲੰਮਾ ਸਮਾਂ ਚੱਲਣ ਕਰ ਕੇ ਇਹ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਹਨ ਅਤੇ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗਣ ਦਾ ਕਾਰਨ ਬਣਦੇ ਹਨ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਸਕਦੀ ਹੈ।
ਉਨ੍ਹਾਂ ਆਖਿਆ ਕਿ ਇਸ ਸਬੰਧੀ ਕਈ ਵਾਰ ਸੰਗਤ ਨੂੰ ਸੁਚੇਤ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਅਣਗਹਿਲੀ ਵਰਤੀ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਕੌਮ ਦੇ ਸ਼ਬਦ ਗੁਰੂ ਹਨ ਅਤੇ ਉਨ੍ਹਾਂ ਦਾ ਸਤਿਕਾਰ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਪਰ ਇਸ ਦੇ ਨਾਲ-ਨਾਲ ਸੁਚੇਤ ਹੋਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗਰਮੀ-ਸਰਦੀ ਤੋਂ ਰਹਿਤ ਹਨ। ਇਸ ਲਈ ਸਮੂਹ ਗ੍ਰੰਥੀ, ਪਾਠੀ ਤੇ ਹੋਰ ਪ੍ਰਬੰਧਕ ਜਿੰਨੀ ਦੇਰ ਗੁਰਦੁਆਰੇ ਵਿਚ ਰਹਿਣ, ਓਨੀ ਦੇਰ ਹੀ ਬਿਜਲੀ ਦੀ ਵਰਤੋਂ ਕੀਤੀ ਜਾਵੇ। ਮਗਰੋਂ ਸਿਰਫ ਇਕ ਛੋਟੀ ਲਾਈਟ ਦੀ ਹੀ ਵਰਤੋਂ ਕੀਤੀ ਜਾਵੇ।
ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਨ੍ਹਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸੇਵਾਦਾਰਾਂ ਜਾਂ ਸੰਗਤ ਦੀ ਗ਼ੈਰ-ਹਾਜ਼ਰੀ ਵਿੱਚ ਬਿਜਲੀ ਉਪਕਰਨਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ।
Comments (0)