ਅਕਾਲ ਤਖਤ ਵੱਲੋਂ ਨਿਊਜ਼ੀਲੈਂਡ ਦੇ ਰੇਡੀਓ ਵਿਰਸਾ ਵਾਲਾ ਹਰਨੇਕ ਸਿੰਘ ਨੇਕੀ ਤਲਬ

ਅਕਾਲ ਤਖਤ ਵੱਲੋਂ ਨਿਊਜ਼ੀਲੈਂਡ ਦੇ ਰੇਡੀਓ ਵਿਰਸਾ ਵਾਲਾ ਹਰਨੇਕ ਸਿੰਘ ਨੇਕੀ ਤਲਬ

ਅੰਮ੍ਰਿਤਸਰ/ਬਿਊਰੋ ਨਿਊਜ਼ :
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਿਊਜ਼ੀਲੈਂਡ ਦੇ ਹਰਨੇਕ ਸਿੰਘ ਨੇਕੀ ਨੂੰ ਗੁਰੂ ਸਾਹਿਬਾਨ, ਸਿੱਖ ਇਤਿਹਾਸ ਅਤੇ ਪ੍ਰੰਪਰਾਵਾਂ ਖ਼ਿਲਾਫ਼ ਕਥਿਤ ਗਲਤ ਪ੍ਰਚਾਰ ਕਰਨ ਦੇ ਦੋਸ਼ ਹੇਠ ਦਸ ਦਿਨਾਂ ਵਿੱਚ  ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਹੈ। ਹਰਨੇਕ ਸਿੰਘ ਨਿਊਜ਼ੀਲੈਂਡ ਵਿੱਚ ਇਕ ਰੇਡੀਓ ਚਲਾ ਰਿਹਾ ਹੈ। ਅਕਾਲ ਤਖ਼ਤ ਦੇ ਸਕੱਤਰੇਤ ਤੋਂ ਜਥੇਦਾਰ ਦੇ ਨਿੱਜੀ ਸਹਾਇਕ ਸਤਿੰਦਰ ਸਿੰਘ ਵੱਲੋਂ ਇਸ ਸਬੰਧੀ ਇੱਕ ਪੱਤਰ ਹਰਨੇਕ ਸਿੰਘ ਨੇਕੀ ਨੂੰ ਭੇਜਿਆ ਗਿਆ ਹੈ।
ਸਤਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਇਸ ਵਿਅਕਤੀ ਖ਼ਿਲਾਫ਼ ਪਿਛਲੇ ਦਿਨੀਂ ਸਿੱਖ ਸੰਗਤ ਵੱਲੋਂ ਵੱਡੇ ਪੱਧਰ ‘ਤੇ ਸ਼ਿਕਾਇਤਾਂ ਆਈਆਂ ਸਨ ਕਿ ਇਹ ਆਪਣੇ ਰੇਡੀਓ ਰਾਹੀਂ ਸੰਗਤ ਵਿੱਚ ਗੁਰੂ ਸਾਹਿਬਾਨ, ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਬਾਰੇ ਗਲਤ ਪ੍ਰਚਾਰ ਕਰ ਰਿਹਾ ਹੈ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ‘ਤੇ ਉਸ ਨੂੰ ਸਪੱਸ਼ਟੀਕਰਨ ਦੇਣ ਵਾਸਤੇ ਹਦਾਇਤ ਕੀਤੀ ਗਈ ਹੈ। ਉਸ ਨੂੰ ਦਸ ਦਿਨਾਂ ਦਾ ਸਮਾਂ ਦਿੱਤਾ ਗਿਆ ਕਿ ਉਹ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਇਨ੍ਹਾਂ ਸ਼ਿਕਾਇਤਾਂ ਸਬੰਧੀ ਆਪਣਾ ਪੱਖ ਸ਼ਪੱਸ਼ਟ ਕਰੇ। ਜੇਕਰ ਉਹ ਨਿਰਧਾਰਿਤ ਸਮੇਂ ਵਿੱਚ ਪੇਸ਼ ਨਹੀਂ ਹੁੰਦਾ ਅਤੇ ਸਪੱਸ਼ਟੀਕਰਨ ਨਹੀਂ ਦਿੰਦਾ ਤਾਂ ਉਸ ਖ਼ਿਲਾਫ਼ ਪੰਥਕ ਰਵਾਇਤਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 20 ਮਈ ਨੂੰ ਨਿਊਜ਼ੀਲੈਂਡ ਵਿੱਚ ਸਿੱਖ ਸੰਗਤ ਵੱਲੋਂ ਇਕੱਠੇ ਹੋ ਕੇ ਉਸ ਖਿਲਾਫ ਰੋਸ ਵਿਖਾਵਾ ਵੀ ਕੀਤਾ ਗਿਆ ਸੀ। ਸੰਗਤ ਨੇ ਇਕੱਠੇ ਹੋ ਕੇ ਉਸ ਦੇ ਸਟੂਡੀਓ ਤੋਂ ਪਾਵਨ ਸਰੂਪ ਵਾਪਸ ਲਿਆਂਦਾ ਸੀ, ਜਿਸ ਨੂੰ ਨੇੜੇ ਹੀ ਇੱਕ ਗੁਰਦੁਆਰੇ ਵਿਚ ਰੱਖ ਦਿੱਤਾ ਗਿਆ ਸੀ।