ਸੌਵੇਂ ਸਾਲ ‘ਚ ਪੁੱਜਾ ਜਸਵੰਤ ਸਿੰਘ ਕੰਵਲ

ਸੌਵੇਂ ਸਾਲ ‘ਚ ਪੁੱਜਾ ਜਸਵੰਤ ਸਿੰਘ ਕੰਵਲ

ਪ੍ਰਿੰ. ਸਰਵਣ ਸਿੰਘ
ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੈਂਕੜਾ ਮਾਰਦੇ ਮਾਰਦੇ ਰਹਿ ਗਏ। ਹੁਣ ਆਸ ਜਸਵੰਤ ਕੰਵਲ ਉੱਤੇ ਹੈ। 27 ਜੂਨ 2018 ਨੂੰ ਉਹਦਾ ਸੌਵਾਂ ਜਨਮ ਦਿਵਸ ਹੈ। ਉਹ ਇਸ ਵੇਲੇ ਪੰਜਾਬੀ ਦਾ ਸਭ ਤੋਂ ਵੱਡਉਮਰਾ ਲੇਖਕ ਹੈ। ਭਾਈ ਜੋਧ ਸਿੰਘ 31 ਮਈ 1882 ਤੋਂ 4 ਦਸੰਬਰ 1981 ਤਕ 99 ਸਾਲ 6 ਮਹੀਨੇ 4 ਦਿਨ ਜੀਵਿਆ ਸੀ। ਖੁਸ਼ਵੰਤ ਸਿੰਘ 2 ਫਰਵਰੀ 1915 ਤੋਂ 20 ਮਾਰਚ 2014 ਤਕ 99 ਸਾਲ 1 ਮਹੀਨਾ 18 ਦਿਨ ਜਿਉਂਦਾ ਰਿਹਾ।  ਦਰਅਸਲ, ਸੌਵਾਂ ਸਾਲ ਕ੍ਰਿਕਟ ਦੇ ਸੈਂਕੜੇ ਵਾਂਗ ਸੌਵੇਂ ਰਨ ਵਾਂਗ ਹੀ ਰਿਸਕੀ ਹੁੰਦਾ ਹੈ। ਜੇਕਰ ਉਹਦਾ ਸੈਂਕੜਾ ਵੱਜ ਗਿਆ ਤਾਂ ਵਿਸ਼ਵ ਲੇਖਕਾਂ ਵਿੱਚ ਸਾਡੇ ਇਸ ਪੰਜਾਬੀ ਲੇਖਕ ਦਾ ਵਿਸ਼ਵ ਰਿਕਾਰਡ ਹੋਵੇਗਾ!
ਕੰਵਲ ਦੀ ਸਿਹਤ ਹਾਲੇ ਕਾਇਮ ਹੈ। ਅੰਦਰਲੇ ਘਰੋਂ ਬਾਹਰਲੇ ਤੇ ਬਾਹਰਲੇ ਘਰੋਂ ਅੰਦਰਲੇ ਘਰ ਗੇੜੇ ਮਾਰਦਾ ਰਹਿੰਦਾ ਹੈ। ਕਦੇ ਕਦੇ ਪਿੰਡ ਦੀ ਫਿਰਨੀ ‘ਤੇ ਤੁਰਿਆ ਜਾਂਦਾ ਆਪਣੇ ਆਪ ਨਾਲ ਗੱਲਾਂ ਕਰਦਾ ਵੀ ਵੇਖਿਆ ਜਾ ਸਕਦਾ ਹੈ। ਹਵਾ ‘ਚ ਹੱਥ ਦੀਆਂ ਉਂਗਲਾਂ ਤਾਣਦਾ ਆਪਣੇ ਜਾਣੇ ਨੁਕਤੇ ਸਿੱਧ ਕਰਦਾ ਲੱਗਦਾ ਹੈ। ਉਹ 1943 ਤੋਂ ਕਿਤਾਬਾਂ ਲਿਖਦਾ ‘ਜੀਵਨ ਕਣੀਆਂ’ ਤੋਂ ‘ਧੁਰ ਦਰਗਾਹ’ ਤਕ ਪਹੁੰਚ ਗਿਆ ਹੈ। ਉਹਦੀਆਂ ਕਿਤਾਬਾਂ ਦਾ ਸੈਂਕੜਾ ਵੀ ਹੋਣ ਵਾਲਾ ਹੈ। ‘ਧੁਰ ਦਰਗਾਹ’ ਦੇ ਸਰਵਰਕ ਉੱਤੇ ਸਤਰਾਂ ਛਪੀਆਂ ਹਨ: ‘ਦਿਲ ਦੇ ਤਾਰਿਓ! ਰੂਹ ਦੇ ਪਿਆਰਿਓ! ਵਿਛੜਨ ਦਾ ਵੇਲਾ ਧੱਕਾ ਦੇ ਕੇ ਆ ਗਿਆ ਏ। ਧੱਕੇ ਮਾਰਦੇ ਮੇਲੇ ਨੇ ਇੱਕ ਦਿਨ ਖਿਲਰਣਾ ਹੀ ਹੈ। ਆਓ ਰਲ ਮਿਲ ਕੇ ਇਸ ਮੇਲੇ ਨੂੰ ਯਾਦਗਾਰੀ ਬਣਾਈਏ। ਯਾਰਾਂ ਦੋਸਤਾਂ, ਪਾਠਕਾਂ, ਲੇਖਕਾਂ ਤੇ ਅਨਾਦੀ ਮੇਲ ਮਿਲਾਪੀਆਂ ਨੂੰ, ਘੁੱਟ ਘੁੱਟ ਜੱਫੀਆਂ ਪਾ ਕੇ ਮਿਲੀਏ ਤੇ ਪਿਆਰ ਦੀਆਂ ਪੱਕੀਆਂ ਲੀਹਾਂ ਨੂੰ ਯਾਦਗਾਰੀ ਬਣਾਈਏ…।’ ਕਿਤਾਬ ਦੇ ਅੰਤ ਵਿੱਚ ਲਿਖਿਆ ਹੈ- ‘ਨਾ ਮਰਿਆ ਨਾ ਜੀਵਿਆ, ਜਸਵੰਤ ਸਿੰਘ ਕੰਵਲ।’
28 ਜਨਵਰੀ 2018 ਨੂੰ ਅਸੀਂ ਇਕੱਠਿਆਂ ਨੇ ਢੁੱਡੀਕੇ ਦਾ ਖੇਡ ਮੇਲਾ ਵੇਖਿਆ। ਠੰਢ ਹੋਣ ਕਰਕੇ ਕੰਵਲ ਭੂਰੀ ਦੀ ਬੁੱਕਲ ਮਾਰੀ ਬੈਠਾ ਸੀ। ਮੇਲੇ ਜਾਣ ਨੂੰ ਆਖਿਆ ਤਾਂ ਉਹ ਜਕੋ-ਤਕੇ ਵਿੱਚ ਪੈ ਗਿਆ, ਪਰ ਮੈਂ ਇਹ ਕਹਿ ਕੇ ਤਿਆਰ ਕਰ ਲਿਆ, ”ਕੀ ਪਤਾ ਮੁੜ ਕੇ ‘ਕੱਠਿਆਂ ਮੇਲਾ ਵੇਖਣਾ ਨਸੀਬ ਹੋਵੇ ਜਾਂ ਨਾ ਹੋਵੇ!”
ਕੰਵਲ ਕਾਰ ਵਿੱਚ ਬਹਿਣ ਲੱਗਾ ਤਾਂ ਮੈਂ ਪਹਿਲੀ ਵਾਰ ਉਹਦੇ ਹੱਥ ‘ਚ ਖੂੰਡੀ ਵੇਖੀ ਜੋ ਤੁਰਨ ਲੱਗਿਆਂ ਉਹਦੇ ਲੜਕੇ ਸਰਬਜੀਤ ਨੇ ਮੱਲੋ-ਲੀ ਫੜਾਈ। ਮੇਲੇ ‘ਚ ਸਟੇਜ ਦੀਆਂ ਉੱਚੀਆਂ ਪੌੜੀਆਂ ਚੜ੍ਹਨ ਦੀ ਥਾਂ ਅਸੀਂ ਹੇਠਲੀਆਂ ਕੁਰਸੀਆਂ ‘ਤੇ ਹੀ ਬੈਠ ਗਏ। ਮੇਲਾ ਵੇਖਦਿਆਂ ਉਸ ਨੇ ਖ਼ੁਸ਼ ਹੋ ਕੇ ਕਿਹਾ, ”ਲੈ ਮੈਂ ਹੁਣ ਸਾਲ ਭਰ ਨੀ ਡੋਲਦਾ!” 2009 ‘ਚ ਕੰਵਲ ਦਾ 91ਵਾਂ ਜਨਮ ਦਿਨ ਢੁੱਡੀਕੇ ਖੇਡ ਮੇਲੇ ਵਿੱਚ ਹੀ ਮਨਾਇਆ ਗਿਆ ਸੀ। ਉਦੋਂ ਤੋਂ ਉਹਦਾ ਜਨਮ ਦਿਨ ਪਿੰਡ ਵੱਲੋਂ ਹੀ ਮਨਾਇਆ ਜਾ ਰਿਹਾ ਹੈ।
1950ਵਿਆਂ ਵਿੱਚ ਕੰਵਲ ਪਿੰਡ ਦਾ ਸਰਪੰਚ ਬਣਿਆ ਤਾਂ ਉਸ ਨੇ ਲਾਲਾ ਲਾਜਪਤ ਰਾਏ ਦੇ ਸਾਥੀ ਲਾਲਾ ਮੋਹਨ ਲਾਲ ਐੱਮ.ਐੱਲ.ਸੀ. ਨਾਲ ਰਲ ਕੇ ਉਨ੍ਹਾਂ ਦੇ ਜਨਮ ਸਥਾਨ ਢੁੱਡੀਕੇ ਦੇ ਵਿਕਾਸ ਦੀ ਯੋਜਨਾ ਬਣਾਈ। 28 ਜਨਵਰੀ 1956 ਨੂੰ ਲਾਲਾ ਜੀ ਦੇ ਜਨਮ ਦਿਵਸ ‘ਤੇ ਇਕੱਠ ਕਰ ਕੇ ਲਾਜਪਤ ਰਾਏ ਖੇਡ ਮੇਲਾ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ।
ਕੰਵਲ ਨਾਵਲਕਾਰ ਹੀ ਨਹੀਂ, ਕਹਾਣੀਕਾਰ, ਵਾਰਤਾਕਾਰ, ਕਵੀ, ਪੱਤਰਕਾਰ, ਚਿੱਠੀ ਲੇਖਕ, ਰੇਖਾ ਚਿੱਤਰਕਾਰ, ਸਾਹਿਤ ਸਭੀਆ, ਕਾਨਫਰੰਸੀਆ, ਇਨਾਮੀਆ, ਸੈਲਾਨੀ, ਰਾਜਸੀ ਪਾਰਟੀਆਂ ਦਾ ਸਲਾਹਕਾਰ, ਸ਼ਤਰੰਜ ਦਾ ਖਿਡਾਰੀ ਤੇ ਕਬੀਲਦਾਰ ਵੀ ਹੈ। ਉਸ ਨੇ ਆਸ਼ਕੀ ਵੀ ਕੀਤੀ ਜਿਸ ਦਾ ਵੇਰਵਾ ਉਹਦੀ ਪੁਸਤਕ ‘ਪੁੰਨਿਆਂ ਦਾ ਚਾਨਣ’ ਵਿੱਚੋਂ ਪੜ੍ਹਿਆ ਜਾ ਸਕਦਾ ਹੈ। ਉਹ ਦਸਵੀਂ ਤਕ ਹੀ ਪੜ੍ਹ ਸਕਿਆ ਸੀ। ਫਿਰ ਮਲਾਇਆ ‘ਚ ਰਿਹਾ, ਮੁੜ ਕੇ ਖੇਤੀ ਕੀਤੀ, ਸਾਧ ਤੋਂ ਵੇਦਾਂਤ ਪੜ੍ਹਿਆ ਅਤੇ ਸਾਧ ਬਣਦਾ-ਬਣਦਾ ਬਚਿਆ। ਪਿੰਡ ਦੇ ਪਾਰਟੀਬਾਜ਼ੀ ਵਾਲੇ ਮਾਹੌਲ ਵਿੱਚ ਵੈੱਲੀ ਬਣਨ ਦੇ ਆਸਾਰ ਸਨ, ਪਰ ਉਹ ਵੈੱਲੀ ਬਣਨੋਂ ਵੀ ਬਚ ਗਿਆ। ਫਿਰ ਸ਼੍ਰੋਮਣੀ ਕਮੇਟੀ ਵਿੱਚ ਕਲਰਕ ਵਜੋਂ ਨੌਕਰੀ ਕੀਤੀ। ਕਰਮਾਂ ਦੀ ਖੇਡ ਵੇਖੋ ਕਿ ਦਸਵੀਂ ਫੇਲ੍ਹ ਅਤੇ ਪੰਜ ਬੱਚਿਆਂ ਦੇ ਬਾਪ ਉੱਤੇ ਲਾਹੌਰ ਤੋਂ ਐੱਮ.ਬੀ.ਬੀ.ਐੱਸ. ਪਾਸ ਡਾਕਟਰ ਜਸਵੰਤ ਗਿੱਲ ਮਰ ਮਿਟੀ ਜਿਸ ਦੀ ਯਾਦ ਵਿੱਚ ਉਸ ਨੇ ‘ਪੁੰਨਿਆਂ ਦਾ ਚਾਨਣ’ ਤੇ ‘ਧੁਰ ਦਰਗਾਹ’ ਪੁਸਤਕਾਂ ਲਿਖੀਆਂ ਅਤੇ ਹਰ ਸਾਲ ਜਸਵੰਤ ਗਿੱਲ ਯਾਦਗਾਰੀ ਐਵਾਰਡ ਦਿੱਤਾ ਜਾ ਰਿਹਾ ਹੈ। ‘ਭਾਵਨਾ’ ਕਾਵਿ ਸੰਗ੍ਰਹਿ ਦੀ ਪਾਰਵਤੀ ਤਾਂ ਸੀ ਹੀ ਜਸਵੰਤ ਗਿੱਲ ਜਿਸ ਬਾਰੇ ਕਈ ਸਾਲਾਂ ਬਾਅਦ ਪਤਾ ਲੱਗਾ। ਕੰਵਲ ਨੂੰ ‘ਭੇਤ’ ਛੁਪਾ ਕੇ ਰੱਖਣਾ ਆਉਂਦਾ ਹੈ।
* * *
ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਨੂੰ ਸਰੂ ਦਾ ਰੁੱਖ ਕਿਹਾ ਜਾ ਸਕਦਾ ਹੈ। ਉਹ ਵਗਦੀਆਂ ਹਵਾਵਾਂ ਦੇ ਵੇਗ ‘ਚ ਝੂੰਮਦਾ ਹੈ। ਕਦੇ ਖੱਬੇ ਲਹਿਰਾਉਂਦਾ ਹੈ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਘੁੰਮਦਾ ਹੈ। ਉਹਦੀਆਂ ਟਾਹਣੀਆਂ ਲਚਕਦਾਰ ਹਨ, ਤਣਾ ਮਜ਼ਬੂਤ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਵਾਵਰੋਲੇ ਤਾਂ ਕੀ, ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਜਿੰਨਾ ਧਰਤੀ ਤੋਂ ਉੱਤੇ ਹੈ ਉਨਾ ਹੀ ਧਰਤੀ ਦੇ ਥੱਲੇ ਹੈ। ਉਹ ਵੇਗਮੱਤਾ ਲੇਖਕ ਹੈ ਤੇ ਲੋਹੜੇ ਦਾ ਜਜ਼ਬਾਤੀ। ਉਹਦੇ ਰੁਮਾਂਚਿਕ ਰਉਂ ‘ਚ ਲਿਖੇ ਜਜ਼ਬਾਤੀ ਸੰਵਾਦ ਸਿੱਧੇ ਦਿਲਾਂ ‘ਤੇ ਵਾਰ ਕਰਦੇ ਹਨ। ਮਿਹਣੇ ਮਾਰਦੇ ਤੇ ਆਰਾਂ ਲਾਉਂਦੇ ਹਨ। ਉਹਦੀ ਪ੍ਰੀਤ ਭਿੱਜੀ ਰੁਮਾਂਚਿਕ ਸ਼ੈਲੀ ਦੇ ਲੱਖਾਂ ਪਾਠਕ ਹਨ।
ਕੰਵਲ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਉਸ ਨੇ ਪਹਿਲੀ ਵਾਰ ਪੰਜਾਬ ਦੇ ਪੇਂਡੂ ਜੀਵਨ ਨੂੰ ਆਪਣੇ ਨਾਵਲਾਂ ਵਿੱਚ ਦਰਸਾਇਆ। ਉਹਦੇ ਕਈ ਨਾਵਲਾਂ ਦੇ ਦਰਜਨ ਤੋਂ ਵੱਧ ਐਡੀਸ਼ਨ ਛਪੇ। ਉਹਦੀਆਂ ਕਿਤਾਬਾਂ ਦੀਆਂ ਕੁਲ ਕਾਪੀਆਂ ਦਸ ਲੱਖ ਤੋਂ ਵੀ ਵੱਧ ਛਪ ਗਈਆਂ ਹੋਣਗੀਆਂ। ਇੱਕ ਕਾਪੀ ਦੀ ਦਸ ਵੀਹ ਰੁਪਏ ਵੀ ਰਾਇਲਟੀ ਮਿਲੀ ਹੋਵੇ ਤਾਂ ਲਾ ਲਓ ਹਿਸਾਬ ਕਿੰਨੀ ਰਾਇਲਟੀ ਮਿਲੀ? ਜਿਹੜੇ ਕਹਿੰਦੇ ਹਨ ਕਿ ਪੰਜਾਬੀ ਵਿੱਚ ਲਿਖਣਾ ਖ਼ਾਕ ਛਾਨਣਾ ਹੈ, ਕੰਵਲ ਨੂੰ ਪੁੱਛੋ ਕਿਤਾਬਾਂ ਲਿਖ ਕੇ ਕੀ ਖੱਟਿਆ? ਉਸ ਨੇ ਕਲਮ ਦੀ ਕਮਾਈ ਨਾਲ ਪਰਿਵਾਰ ਪਾਲਿਆ, ਚਾਰੇ ਧੀਆਂ ਹੋਸਟਲਾਂ ਵਿੱਚ ਐੱਮ.ਐੱਸਸੀ. ਤਕ ਪੜ੍ਹਾਈਆਂ ਅਤੇ ਡਾਕਟਰ, ਪ੍ਰੋਫ਼ੈਸਰ ਤੇ ਇੰਜਨੀਅਰ ਜਵਾਈਆਂ ਦੇ ਲੜ ਲਾਈਆਂ। ਜਿੰਨੀ ਜ਼ਮੀਨ ਉਹਨੂੰ ਵਿਰਸੇ ‘ਚ ਮਿਲੀ ਸੀ ਓਦੂੰ ਵੱਧ ਕਲਮ ਦੀ ਕਮਾਈ ਨਾਲ ਬਣਾਈ। ਦੇਸ਼ ਵਿਦੇਸ਼ ਦੀਆਂ ਸੈਰਾਂ ਵੱਖ ਕੀਤੀਆਂ। ਬਣਦਾ ਸਰਦਾ ਦਸਵੰਧ ਵੀ ਪਿੰਡ ਦੇ ਲੇਖੇ ਲਾਇਆ। ਸਾਹਿਤ ਟਰੱਸਟ ਢੁੱਡੀਕੇ ਵੱਲੋਂ ਲੱਖਾਂ ਦੇ ਇਨਾਮ ਦਿੱਤੇ। ਪੰਜਾਹ ਸਾਲ ਪਹਿਲਾਂ ਜਦੋਂ ਕਾਲਜ ਦੇ ਪ੍ਰੋਫ਼ੈਸਰਾਂ ਤੇ ਪ੍ਰਿੰਸੀਪਲ ਨੂੰ ਵੀ ਆਮਦਨ ਕਰ ਨਹੀਂ ਸੀ ਭਰਨਾ ਪੈਂਦਾ, ਕੰਵਲ ਉਦੋਂ ਵੀ ਰਾਇਲਟੀ ਦਾ ਆਮਦਨ ਕਰ ਭਰਦਾ ਸੀ।
ਕੰਵਲ ਦਾ ਕੱਦ ਸਰੂ ਵਾਂਗ ਲੰਮਾ ਹੈ ਤੇ ਉਮਰ ਦੇ 100ਵੇਂ ਸਾਲ ਵਿੱਚ ਵੀ ਉਹ ਸਿੱਧਾ ਸਲੋਟ ਹੈ। ਸਿਰਫ਼ ਖੱਬੀ ਅੱਖ ਦੀ ਨਜ਼ਰ ਕੁਝ ਕਮਜ਼ੋਰ ਹੋਈ ਹੈ। ਦਿਲ ਨੂੰ ਤਕਲੀਫ਼ ਹੋਈ ਸੀ ਜੋ ਇਲਾਜ ਕਰਵਾਉਣ ਨਾਲ ਠੀਕ ਹੋ ਗਈ। ਖਾਣ ਪੀਣ ਲੱਗਾ ਅਜੇ ਵੀ ਅੱਧੀ ਰੋਟੀ ਸ਼ੱਕਰ ਘਿਉ ਨਾਲ ਖਾਂਦਾ ਹੈ। ਕਿਤਾਬਾਂ ਲਿਖਣ ਦਾ ਰਿਕਾਰਡ ਤਾਂ ਹੈ ਹੀ, ਸੰਭਵ ਹੈ ਸਾਹਿਤਕ ਉਮਰ ਦਾ ਰਿਕਾਰਡ ਵੀ ਰੱਖ ਜਾਵੇ।
ਕੰਵਲ ਨਾਲ ਮੇਰੀ ਮਿਲਣੀ ਨਾਵਲ ‘ਪੂਰਨਮਾਸ਼ੀ’ ਪੜ੍ਹਨ ਨਾਲ ਹੋਈ ਸੀ। ਉਸ ਨੂੰ ਮਿਲਣ ਤੋਂ ਪਹਿਲਾਂ ਮੈਂ ਉਹਦੇ ਪਾਤਰਾਂ ਰੂਪ, ਚੰਨੋ, ਸ਼ਾਮੋ, ਜਗੀਰ ਤੇ ਦਿਆਲੇ ਅਮਲੀ ਨੂੰ ਮਿਲਿਆ। ਉਹਦੇ ਨਾਵਲ ਵਿਚਲੇ ‘ਨਵੇਂ ਪਿੰਡ’ ਉਰਫ ਢੁੱਡੀਕੇ ਨੂੰ ਮਿਲਿਆ ਜਿੱਥੇ ਰੂਪ ਦਾ ਖੂਹ ਚਲਦਾ ਸੀ ਤੇ ਬਚਨੋ ਗੋਹੇ ਵਾਲਾ ਬੱਠਲ ਧੋਣ ਆਈ ਸੀ। ਇਹ ਮੂੰਹ ‘ਨੇਰ੍ਹੇ ਮਿਲਣ ਦਾ ਬਹਾਨਾ ਸੀ। ਖੁਸ਼ਵੰਤ ਸਿੰਘ ਨੇ ਇਸ ਚਲਦੇ ਖੂਹ ਦੇ ਬਿਰਤਾਂਤ ਨੂੰ ‘ਇਲੱਸਟ੍ਰੇਟਡ ਵੀਕਲੀ’ ਵਿੱਚ ਵਡਿਆਇਆ ਸੀ। ਜਿੱਥੇ ਖੂਹ ਹੁੰਦਾ ਸੀ, ਖੇਤ ਹੁੰਦੇ ਸਨ ਤੇ ਬਚਨੋ ਰੂਪ ਨੂੰ ਮਿਲੀ ਸੀ, ਉੱਥੇ ਹੁਣ ਕੰਵਲ ਦਾ ਘਰ ਹੈ। ਖੂਹ ਬੇਆਬਾਦ ਹੋ ਗਿਆ, ਪਰ ਪੂਰਨਮਾਸ਼ੀ ਵਿੱਚ ਆਬਾਦ ਹੈ। ਉਸ ਖੂਹ ਦੀ ਮੌਣ ਉੱਤੇ ਬਲਰਾਜ ਸਾਹਨੀ ਵੀ ਬੈਠਿਆ ਤੇ ਆਉਂਦੇ ਜਾਂਦੇ ਵੀ ਬਥੇਰੇ ਬੈਠੇ। ਉਹਦੀ ਨਿਸ਼ਾਨੀ ਅਜੇ ਵੀ ਕਾਇਮ ਹੈ। ਪੂਰਨਮਾਸ਼ੀ ਲੋਕ ਗੀਤਾਂ ਨਾਲ ਭਰੀ ਪਈ ਸੀ। ਹਰ ਕਾਂਡ ਦੇ ਅੱਗੇ ਤੇ ਪਿੱਛੇ ਇੱਕ ਟੱਪਾ ਸੀ। ਮੈਂ ਪੂਰਨਮਾਸ਼ੀ ਕਾਹਦੀ ਪੜ੍ਹੀ, ਬੱਸ ਕੰਵਲ ਦਾ ਹੋ ਕੇ ਰਹਿ ਗਿਆ। ਫਿਰ ਮੈਂ ਉਸ ਨੂੰ ਏਨਾ ਮਿਲਿਆ ਕਿ ਹੁਣ ਤਕ ਮਿਲਦਾ ਹੀ ਆ ਰਿਹਾ ਹਾਂ। ਉਹ ਸਿਰਜਣਾ ਦਾ ਭਰ ਵਗਦਾ ਦਰਿਆ ਹੈ। ਉਸ ਨੇ ਕਈ ਵਾਰ ਕਿਹਾ ਹੈ ਕਿ ਇਹ ਉਹਦੀ ਆਖ਼ਰੀ ਪੁਸਤਕ ਹੈ, ਪਰ ਲੱਗਦਾ ਹੈ ਉਹ ਤਦ ਤਕ ਲਿਖਦਾ ਰਹੇਗਾ ਜਦ ਤਕ ਅੰਤਿਮ ਸਵਾਸ ਨਹੀਂ ਲੈ ਲੈਂਦਾ!
ਮੈਂ ਉਹਨੂੰ ਉੱਠਦਾ ਬੈਠਦਾ, ਤੁਰਦਾ ਫਿਰਦਾ, ਪੜ੍ਹਦਾ ਲਿਖਦਾ, ਬੋਲਦਾ ਚਲਦਾ, ਹਸਦਾ ਖੇਡਦਾ, ਮਸਤੀ ਮਾਰਦਾ, ਇਸ਼ਕ ਕਰਦਾ ਤੇ ਹੰਝੂ ਵਹਾਉਂਦਾ ਵੇਖਦਾ ਰਿਹਾ ਹਾਂ। ਕਦੇ ਖੇੜੇ ‘ਚ ਖਿੜਦਾ, ਕਦੇ ਉਦਾਸੀ ‘ਚ ਝੂਰਦਾ। ਕਦੇ ਕਾਨਫਰੰਸਾਂ ‘ਤੇ ਜਾਂਦਾ, ਕਦੇ ਸਾਹਿਤ ਸਭਾਵਾਂ ‘ਚ ਬੋਲਦਾ। ਕਦੇ ਕੋਟ ਪੈਂਟ ਪਾਏ ਹੁੰਦੇ, ਕਦੇ ਲੁੰਗੀ ਲਾਈ ਹੁੰਦੀ। ਕਦੇ ਮੰਡਾਸਾ ਮਾਰਿਆ ਹੁੰਦਾ, ਕਦੇ ਲੋਈ ਲਈ ਹੁੰਦੀ। ਕਦੇ ਨੰਗੇ ਸਿਰ ਤੇ ਕਦੇ ਪਰਨਾ ਵਲ੍ਹੇਟਿਆ ਹੁੰਦਾ। ਕਦੇ ਕੰਬਲੀ ਦੀ ਬੁੱਕਲ, ਕਦੇ ਖੇਸ ਦੀ ਬੁੱਕਲ। ਕਦੇ ਧੂਣੀ ਰਮਾਉਂਦਾ, ਕਦੇ ਧੁੱਪ ਸੇਕਦਾ। ਕਦੇ ਵੱਟ ਬੰਨੇ, ਕਦੇ ਟਾਹਲੀ ਦੀ ਛਾਵੇਂ। ਕਦੇ ਪੱਬਾਂ ਭਾਰ ਬੈਠਾ ਤੇ ਕਦੇ ਝੂਲਾ ਝੂਲਦਾ। ਕਦੇ ਨਿਆਣਿਆਂ ਨਾਲ ਕੌਡਾਂ ਖੇਡਦਾ। ਕਦੇ ਅੰਦਰਲੇ ਘਰ, ਕਦੇ ਬਾਹਰਲੀ ਕੋਠੀ। ਕਦੇ ਤਾਸ਼ ਖੇਡਦਾ, ਕਦੇ ਸ਼ਤਰੰਜ। ਕਦੇ ਡਾਕਘਰ, ਕਦੇ ਢੁੱਡੀਕੇ ਦੀ ਫਿਰਨੀ ‘ਤੇ। ਕਦੇ ‘ਕੱਲਾ ਬੈਠਾ ਆਪਣੇ ਆਪ ਨਾਲ ਗੱਲਾਂ ਕਰਦਾ। ਕਦੇ ਵਰਾਂਡੇ ਵਿੱਚ ਕੁਰਸੀ ਮੇਜ਼ ‘ਤੇ ਪੜ੍ਹਦਾ ਲਿਖਦਾ। ਅਨੂਪ ਵਿਰਕ ਉਹਦੇ ਬਾਰੇ ਲਿਖਦਾ ਹੈ:
ਉਹ ਚੰਨ ਚਾਨਣੀ ਰਾਤ ਜਿਹਾ
ਔੜਾਂ ਵਿੱਚ ਹੋਈ ਬਰਸਾਤ ਜਿਹਾ
ਉਹ ਸੁਪਨਾ ਸਾਹਿਤ ਸਮੁੰਦਰ ਦਾ
ਉਹ ਅਕਾਸ਼ ਦੀ ਖੁੱਲ੍ਹੀ ਕਿਤਾਬ ਜਿਹਾ
ਉਹ ਇਸ਼ਟ ਜਿਹਾ ਉਹ ਇਸ਼ਕ ਜਿਹਾ
ਮੇਰੇ ਸੀਨੇ ਅੰਦਰ ਲਿਸ਼ਕ ਰਿਹਾ।