ਥਾਈਲੈਂਡ : ਗੁਫਾ ‘ਚ ਫਸੇ ਬੱਚਿਆਂ ਵਿਚੋਂ ਚਾਰ ਨੂੰ ਬਾਹਰ ਕੱਢਿਆ

ਥਾਈਲੈਂਡ : ਗੁਫਾ ‘ਚ ਫਸੇ ਬੱਚਿਆਂ ਵਿਚੋਂ ਚਾਰ ਨੂੰ ਬਾਹਰ ਕੱਢਿਆ

ਗੁਫਾ ਵਿਚੋਂ ਕੱਢੇ ਬੱਚਿਆਂ ਨੂੰ ਹਸਪਤਾਲ ਲਿਜਾਂਦੀ ਹੋਈ ਐਂਬੂਲੈਂਸ।

ਮਏ ਸਾਈ (ਥਾਈਲੈਂਡ)/ਬਿਊਰੋ ਨਿਊਜ਼ :

ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ ‘ਚੋਂ ਦੋ ਹਫ਼ਤੇ ਤੋਂ ਵਧ ਸਮੇਂ ਤੋਂ ਫਸੇ 12 ਮੁੰਡਿਆਂ ਅਤੇ ਉਨ੍ਹਾਂ ਦੇ ਸਹਾਇਕ ਫੁਟਬਾਲ ਕੋਚ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ। ਹੁਣ ਤੱਕ 4 ਬੱਚਿਆਂ ਨੂੰ ਗੁਫ਼ਾ ‘ਚੋਂ ਕੱਢ ਲਿਆ ਗਿਆ ਹੈ। ਬਾਕੀ ਬੱਚੇ ਅਤੇ ਉਨ੍ਹਾਂ ਦਾ ਕੋਚ ਅਜੇ ਫਸੇ ਹੋਏ ਹਨ। ਇਨ੍ਹਾਂ ਬੱਚਿਆਂ ਨੂੰ ਚਿਆਂਗ ਰਾਏ ਹਸਪਤਾਲ ਪਹੁੰਚਾਇਆ ਗਿਆ ਜਿਥੇ ਪਹਿਲਾਂ ਹੀ ਇਨ੍ਹਾਂ ਦੇ ਇਲਾਜ ਲਈ ਮੁਕੰਮਲ ਪ੍ਰਬੰਧ ਕਰ ਦਿੱਤੇ ਗਏ ਸਨ। ਫਿਲਹਾਲ ਇਹ ਅਪਰੇਸ਼ਨ ਰੋਕ ਦਿੱਤਾ ਗਿਆ ਹੈ। ‘ਵਾਈਲਡ ਬੋਰਸ’ ਨਾਂ ਦੀ ਇਹ ਫੁਟਬਾਲ ਟੀਮ ਗੁਫ਼ਾ ਵਿੱਚ 23 ਜੂਨ ਤੋਂ ਫਸੀ ਹੈ। ਇਹ ਲੋਕ ਅਭਿਆਸ ਤੋਂ ਬਾਅਦ ਇਥੇ ਗਏ ਸਨ ਅਤੇ ਮੌਨਸੂਨ ਦੀ ਭਾਰੀ ਬਾਰਸ਼ ਦੀ ਵਜ੍ਹਾ ਕਾਰਨ ਗੁਫ਼ਾ ਵਿੱਚ ਕਾਫ਼ੀ ਪਾਣੀ ਭਰ ਜਾਣ ਤੋਂ ਬਾਅਦ ਉਥੇ ਫ਼ਸ ਗਏ। ਇਸ ਘਟਨਾ ਨੇ ਸਮੁੱਚੇ ਥਾਈਲੈਂਡ ਅਤੇ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖ਼ਿੱਚਿਆ ਹੈ।
ਅਧਿਕਾਰੀ ਲਗਾਤਾਰ ਲੜਕਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਕੱਢਣ ਲਈ ਸੰਘਰਸ਼ ਕਰ ਰਹੇ ਸਨ। ਬਚਾਅ ਮੁਹਿੰਮ ਦੇ ਮੁਖੀ ਨਾਰੋਂਗਸਾਕ ਅਸੋਤਾਨਾਕੋਰਨ ਨੇ ਪੱਤਰਕਾਰਾਂ ਨੂੰ ਕਿਹਾ, ”ਅੱਜ ਬੱਚਿਆਂ ਨੂੰ ਬਾਹਰ ਕੱਢਣ ਦੇ ਕੰਮ ਨੂੰ ਅੰਜਾਮ ਦਿੱਤਾ ਗਿਆ। ਲੜਕੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਹੁਣ ਤਕ 4 ਮੁੰਡਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਜਦੋਂ ਕਿ 8 ਬੱਚੇ ਅਤੇ ਉਨ੍ਹਾਂ ਦਾ ਕੋਚ ਅਜੇ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਪੂਰੇ ਕਾਰਜ ਲਈ ਕਰੀਬ 11 ਘੰਟੇ ਦਾ ਸਮਾਂ ਲੱਗੇਗਾ।”
ਅਧਿਕਾਰੀਆਂ ਨੇ ਅੱਜ ਸਵੇਰੇ ਮੀਡੀਆ ਨੂੰ ਕਿਹਾ ਸੀ ਕਿ ਗੁਫ਼ਾ ਕੋਲ ਸਥਿਤ ਕੈਂਪ ਦੀ ਥਾਂ ਨੂੰ ਖ਼ਾਲੀ ਕਰ ਦਿੱਤਾ ਜਾਵੇ। ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਉਥੋਂ ਜਾਣ ਲਈ ਕਿਹਾ ਤਾਂ ਜੋ ਪੀੜਤਾਂ ਦੀ ਮਦਦ ਕੀਤੀ ਜਾ ਸਕੇ। ਪੁਲੀਸ ਨੇ ਇਸ ਥਾਂ ‘ਤੇ ਲਾਊਡਸਪੀਕਰ ਨਾਲ ਐਲਾਨ ਕੀਤਾ, ”ਸਾਰੇ ਲੋਕ ਜੋ ਇਸ ਮੁਹਿੰਮ ਨਾਲ ਜੁੜੇ ਹੋਏ ਨਹੀਂ ਹਨ ਤਤਕਾਲ ਇਸ ਇਲਾਕੇ ਤੋਂ ਬਾਹਰ ਚਲੇ ਜਾਣ।”