ਨਵਜੋਤ ਸਿੱਧੂ ਵਲੋਂ ਪਰਵਾਸੀ ਪੰਜਾਬੀਆਂ ਨੂੰ ਰਾਜ ‘ਚ ਇੱਜ਼ਤ-ਮਾਣ ਦਿੱਤੇ ਜਾਣ ਉੱਤੇ ਜੋਰ

ਨਵਜੋਤ ਸਿੱਧੂ ਵਲੋਂ ਪਰਵਾਸੀ ਪੰਜਾਬੀਆਂ ਨੂੰ ਰਾਜ ‘ਚ ਇੱਜ਼ਤ-ਮਾਣ ਦਿੱਤੇ ਜਾਣ ਉੱਤੇ ਜੋਰ
Dr. Navjot Kaur Sidhu during her visit in Jatt-Expo farm fair at village Paragpur,in Jalandhar.Tribune Photo:Malkiat Singh

ਡਾ. ਨਵਜੋਤ ਕੌਰ ਸਿੱਧੂ ਜਲੰਧਰ ਵਿੱਚ ਲੱਗੇ ਜੱਟ ਐਕਸਪੋ ‘ਚ ਰੱਖੀਆਂ ਵਸਤਾਂ ਵੇਖਦੇ ਹੋਏ।
ਜਲੰਧਰ/ਬਿਊਰੋ ਨਿਊਜ਼
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪਰਵਾਸੀ ਪੰਜਾਬੀਆਂ ਕੋਲੋਂ ਪੂੰਜੀ ਨਿਵੇਸ਼ ਦੀ ਭੀਖ ਮੰਗਣ ਦੀ ਥਾਂ ਉਨ੍ਹਾਂ ਨੂੰ ਪੰਜਾਬ ਵਿੱਚ ਆਉਣ ‘ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਐਨਆਰਆਈਜ਼ ਨਾਲ ਸਬੰਧਤ ਮੰਤਰਾਲਾ, ਜਿਸ ਕੋਲ ਵੀ ਹੋਵੇ ਉਹ ਪਰਵਾਸੀ ਪੰਜਾਬੀਆਂ ਨਾਲ ਪੂਰਾ ਇਨਸਾਫ ਕਰੇ।
ਸ੍ਰੀ ਸਿੱਧੂ ਇੱਥੇ ਐਨਆਰਆਈ ਰਣਬੀਰ ਸਿੰਘ ਟੁੱਟ ਅਤੇ ਰਣਜੀਤ ਸਿੰਘ ਟੁੱਟ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਜੱਟ ਐਕਸਪੋ ਕਿਸਾਨ ਮੇਲੇ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਨਵਜੋਤ ਸਿੰਘ ਸਿੱਧੂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਰਹੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ਮੇਲੇ ‘ਚ ਸ਼ਮੂਲੀਅਤ ਕੀਤੀ।
ਸ੍ਰੀ ਸਿੱਧੂ ਨੇ ਕਿਹਾ ਕਿ ਪਰਵਾਸੀ ਪੰਜਾਬੀ ਵਿਦੇਸ਼ਾਂ ਵਿੱਚ ਆਰਥਿਕ ਤੌਰ ‘ਤੇ ਪੂਰੀ ਤਰ੍ਹਾਂ ਸਥਾਪਤ ਹੋ ਚੁੱਕੇ ਹਨ। ਉਨ੍ਹਾਂ ਨੂੰ ਪੰਜਾਬ ਵਿੱਚ ਪੂੰਜੀ ਨਿਵੇਸ਼ ਕਰਨ ਲਈ ਤਿਆਰ ਕਰਨ ਦੀ ਲੋੜ ਹੈ। ਇਹ ਤਾਂ ਹੀ ਹੋ ਸਕਦਾ ਹੈ ਜਦੋਂ ਉਨ੍ਹਾਂ ਨੂੰ ਇੱਥੇ ਆਇਆਂ ਨੂੰ ਪੂਰਾ ਇੱਜ਼ਤ ਮਾਣ ਦਿੱਤਾ ਜਾਵੇ। ਐਨਆਰਆਈਜ਼ ਦੀ ਸਰਕਾਰੀ ਅਦਾਰਿਆਂ ਵਿੱਚ ਹੁੰਦੀ ਖੱਜਲ ਖੁਆਰੀ ‘ਤੇ ਟਿੱਪਣੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਹਿਣ ਨੂੰ ਤਾਂ ਸਿੰਗਲ ਵਿੰਡੋ ਸਿਸਟਮ ਹੈ ਪਰ ਇਸ ਦੇ ਪਿੱਛੇ 56 ਵਿੰਡੋ ਖੁੱਲ੍ਹ ਗਈਆਂ ਹਨ, ਜਿਸ ਤੋਂ ਪਰਵਾਸੀ ਪੰਜਾਬੀ ਦੁਖੀ ਹਨ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਵਿਦੇਸ਼ਾਂ ਵਿਚ ਦੋ ਕਰੋੜ ਦੇ ਕਰੀਬ ਪੰਜਾਬੀ ਵਸੇ ਹੋਏ ਹਨ। ਪਰ ਉਨ੍ਹਾਂ ਨੂੰ ਆਪਣੇ ਹੀ ਸੂਬੇ ਵਿਚ ਭਰੋਸਾ ਨਹੀਂ ਬੱਝਦਾ ਕਿਉਂਕਿ ਉਨ੍ਹਾਂ ਦੀਆਂ ਜ਼ਮੀਨਾਂ ਦੱਬ ਲਈਆਂ ਜਾਂਦੀਆਂ ਹਨ। ਇੱਧਰ ਜੰਮੇ-ਪਲੇ ਬੰਦੇ ਤਾਂ ਵਿਦੇਸ਼ਾਂ ਵਿੱਚ ਜਾ ਕੇ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਵਿਲਕਦੇ ਰਹਿੰਦੇ ਹਨ ਪਰ ਉਨ੍ਹਾਂ ਦੇ ਬੱਚੇ ਇੱਧਰ ਨੂੰ ਮੂੰਹ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਉਹੋ ਜਿਹਾ ਮਾਹੌਲ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਡੇ ਐਨਆਰਆਈ ਭਰਾਵਾਂ ਨੇ ਵਿਸ਼ਵ ਭਰ ਵਿੱਚ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਆਪਣਾ ਨਾਂ ਬਣਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੋਲ ਖੋਲ੍ਹ ਰੈਲੀਆਂ ਬਾਰੇ ਪੁੱਛੇ ਜਾਣ ‘ਤੇ ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੂੰ ਲੋਕ ਤਿੰਨ ਵਾਰ ਨਕਾਰ ਚੁੱਕੇ ਹਨ ਤੇ ਉਨ੍ਹਾਂ ਨੂੰ ਕੋਈ ਨੈਤਿਕ ਅਧਿਕਾਰ ਨਹੀਂ ਬਣਦਾ ਕਿ ਉਹ ਅਜਿਹੀਆਂ ਰੈਲੀਆਂ ਕਰਨ। ਕਿਉਂਕਿ ਉਨ੍ਹਾਂ ਦੇ ਪੋਲ ਤਾਂ ਲੋਕ ਵੀ ਖੋਲ੍ਹ ਚੁੱਕੇ ਹਨ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਅਤੇ ਜਲੰਧਰ ਅੰਮ੍ਰਿਤਸਰ ਤੇ ਪਟਿਆਲਾ ਦੀਆਂ ਨਿਗਮ ਚੋਣਾਂ ਵਿੱਚ ਅਕਾਲੀ ਦਲ ਨੂੰ ਵੱਡੀ ਹਾਰ ਦੇਖਣ ਨੂੰ ਮਿਲੀ ਹੈ।