ਭੰਡੀ ਦੇ ਡਰੋਂ ਕਾਂਗਰਸੀਆਂ ਦਾ ਗੁੰਡਾ ਟੈਕਸ ਗ੍ਰੋਹ ਗਾਇਬ

ਭੰਡੀ ਦੇ ਡਰੋਂ ਕਾਂਗਰਸੀਆਂ ਦਾ ਗੁੰਡਾ ਟੈਕਸ ਗ੍ਰੋਹ ਗਾਇਬ

ਰਿਫਾਈਨਰੀ ਵਿੱਚ ਹੋ ਰਹੀ ਉਸਾਰੀ ਦੀ ਤਸਵੀਰ।
ਬਠਿੰਡਾ/ਚਰਨਜੀਤ ਭੁੱਲਰ:
ਕੈਪਟਨ ਅਮਰਿੰਦਰ ਸਿੰਘ ਹਕੂਮਤ ਦੇ ਚੌਧਰੀਆਂ ਨੇ ਆਖ਼ਰ ਬਦਨਾਮੀ ਦੇ ਡਰੋਂ ‘ਗੁੰਡਾ ਟੈਕਸ’ ਦੀ ਉਗਰਾਹੀ ਵਾਲੇ ਤੰਬੂ ਪੁੱਟ ਲਏ। ਰਿਫਾਈਨਰੀ ਰੋਡ ਤੋਂ ‘ਗੁੰਡਾ ਬ੍ਰਿਗੇਡ’ ਨੇ ਸੋਮਵਾਰ ਕਰੀਬ ਦੁਪਹਿਰ 12:00 ਵਜੇ ਆਪਣਾ ਨਾਕਾ ਹਟਾ ਲਿਆ। ਸੰਗਤ ਮੰਡੀ ਦੇ ਰੋਜ਼ਾਨਾ ਦੇ ਰਾਹਗੀਰ ਸੁਖਬੀਰ ਸਿੰਘ ਨੇ ਦੱਸਿਆ ਕਿ ਸਵੇਰ ਵਕਤ ਤਾਂ ਰਿਫਾਈਨਰੀ ਰੋਡ ਦੇ ਟੀ-ਪੁਆਇੰਟ ‘ਤੇ ਤੰਬੂ ਲੱਗਾ ਹੋਇਆ ਸੀ ਪ੍ਰੰਤੂ ਸ਼ਾਮ ਵਕਤ ਕੋਈ ਵੀ ਤੰਬੂ ਨਜ਼ਰ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਪਹਿਲਾਂ ਇਥੇ ਤੰਬੂ ਕੋਲ ਟਰੱਕ ਰੋਕੇ ਜਾਂਦੇ ਸਨ।
ਦੱਸਣਯੋਗ ਹੈ ਕਿ ਹਕੂਮਤ ਦੇ ਚੌਧਰੀਆਂ ਵੱਲੋਂ ਰਿਫਾਈਨਰੀ ਕੋਲ ‘ਗੁੰਡਾ ਟੈਕਸ’ ਦੀ ਉਗਰਾਹੀ ਦੇ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਭਾਰਣ ਬਾਅਦ ਇਹ ਮਾਮਲਾ ਕਾਫ਼ੀ ਗਰਮਾ ਗਿਆ ਸੀ। ਰਿਫਾਈਨਰੀ ਅੰਦਰ 25 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਵਿਚ ਸ਼ਾਮਲ ਅੱਧੀ ਦਰਜਨ ਕੰਪਨੀਆਂ ‘ਗੁੰਡਾ ਟੈਕਸ’ ਤੋਂ ਪ੍ਰੇਸ਼ਾਨ ਸਨ ਅਤੇ 25 ਜਨਵਰੀ ਤੋਂ ਰੇਤਾ ਬਜਰੀ ਰਿਫਾਈਨਰੀ ਅੰਦਰ ਜਾਣਾ ਬੰਦ ਹੋ ਗਿਆ ਸੀ। ਪਹਿਲਾਂ ਕੰਪਨੀਆਂ ਨੇ ਡਿਪਟੀ ਕਮਿਸ਼ਨਰ ਕੋਲ ਦੁੱਖ ਰੋਇਆ ਅਤੇ ਮਗਰੋਂ ‘ਬਾਂਸਲ ਇਨਫਰਾਟੈੱਕ ਸਿਨਰਜੀਜ਼ ਇੰਡੀਆ ਲਿਮਟਿਡ’ ਨੇ ਰਿਫਾਈਨਰੀ ਪ੍ਰਬੰਧਕਾਂ ਨੂੰ ਪੱਤਰ ਲਿਖ ਕੇ ਹਕੂਮਤ ਦੀ ਅੱਤ ਨੂੰ ਬੇਪਰਦ ਕਰ ਦਿੱਤਾ। ‘ਗੁੰਡਾ ਟੈਕਸ’ ਪੰਜਾਬ ਦੇ ਸਨਅਤੀ ਨਿਵੇਸ਼ ਦੇ ਰਾਹਾਂ ਵਿਚ ਰੋੜਾ ਬਣਨ ਲੱਗਾ ਹੈ। ਮਾਮਲਾ ਇਕੱਲੇ ਪੈਟਰੋ ਕੈਮੀਕਲ ਯੂਨਿਟ ਦਾ ਨਹੀਂ ਬਲਕਿ ਇਸ ਯੂਨਿਟ ਦੇ ਨਾਲ ਜੋ ਹੋਰ ਨਿਵੇਸ਼ ਹੋਣਾ ਹੈ ਤੇ ਰੁਜ਼ਗਾਰ ਦੇ ਮੌਕੇ ਖੁੱਲ੍ਹਣੇ ਹਨ, ਉਨ੍ਹਾਂ ਦੇ ਵੀ ਪ੍ਰਭਾਵਿਤ ਹੋਣ ਦਾ ਡਰ ਹੈ।
ਸੂਤਰਾਂ ਅਨੁਸਾਰ ‘ਗੁੰਡਾ ਟੈਕਸ’ ਦੀ ਵਸੂਲੀ ਦੇ ਮਾਮਲੇ ‘ਤੇ ਚੰਡੀਗੜ੍ਹ ਵਿਚ ਗੁਪਤ ਮੀਟਿੰਗ ਦੌਰਾਨ ‘ਗੁੰਡਾ ਟੈਕਸ’ ਦੀ ਉਗਰਾਹੀ ਕਾਰਨ ਲੋਕਾਂ ਵਿਚ ਸਰਕਾਰ ਦੇ ਖਰਾਬ ਹੋ ਰਹੇ ਅਕਸ ‘ਤੇ ਫਿਕਰ ਜ਼ਾਹਰ ਕੀਤੀ ਗਿਆ। ਉਸ ਮਗਰੋਂ ਹੀ ਚੌਧਰੀਆਂ ਨੂੰ ਖ਼ਬਰਦਾਰ ਕਰ ਦਿੱਤਾ ਗਿਆ। ਚਰਚਾ ਹੈ ਕਿ ਗੁੰਡਾ ਟੈਕਸ ਦੀ ਉਗਰਾਹੀ ਆਰਜ਼ੀ ਤੌਰ ‘ਤੇ ਰੁਕੀ ਹੈ ਪ੍ਰੰਤੂ ਤੰਬੂ ਪੁੱਟੇ ਜਾਣ ਮਗਰੋਂ ਇੱਕਾ ਦੁੱਕਾ ਟਰੱਕਾਂ ਦੀ ਸ਼ੁਰੂਆਤ ਹੋਈ ਹੈ।
ਇਸੇ ਦੌਰਾਨ ਰਿਫਾਈਨਰੀ ਅੰਦਰੋਂ ਕਰੀਬ 100 ਟਰੱਕਾਂ ਦੀ ਸਪਲਾਈ ਪੱਛਮੀ ਬੰਗਾਲ ਵਿਚ ਲਿਜਾਣ ਵਾਲੀ ਟਰਾਂਸਪੋਰਟ ਕੰਪਨੀ ਨੇ ਵੀ ਝੰਡਾ ਚੁੱਕ ਲਿਆ ਹੈ। ਐਲ ਐਂਡ ਟੀ ਹਾਈਡਰੋਕਾਰਬਨ ਇੰਜਨੀਅਰਿੰਗ ਵਲੋਂ ਬਠਿੰਡਾ ਦੀ ਇੱਕ ਕੰਪਨੀ ਨੂੰ ਰਿਫਾਈਨਰੀ ‘ਚੋਂ ਪੱਛਮੀ ਬੰਗਾਲ ਵਿਚ ਮਟੀਰੀਅਲ ਪਹੁੰਚਾਉਣ ਲਈ 1 ਫਰਵਰੀ ਨੂੰ ਆਰਡਰ ਦਿੱਤਾ ਗਿਆ ਸੀ। ਬਠਿੰਡਾ ਦੀ ਟਰਾਂਸਪੋਰਟ ਕੰਪਨੀ ਦੇ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਕ ਰਿਫਾਈਨਰੀ ਸਾਈਟ ‘ਤੇ ਖੜ੍ਹੇ ਹਨ। ਪਹਿਲੀ ਫਰਵਰੀ ਤੋਂ ਰਿਫਾਈਨਰੀ ਅੰਦਰੋਂ ਮਾਲ ਚੁੱਕਣਾ ਸੀ ਪ੍ਰੰਤੂ ਉਥੇ ਮੌਜੂਦ ਸਿਆਸੀ ਲੋਕਾਂ ਦੇ ਆਦਮੀਆਂ ਨੇ ਅਜਿਹਾ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ। ਉਹ ਹਕੂਮਤ ਦੇ ਡਰੋਂ ਆਖਰ ਚੁੱਪ ਕਰ ਗਏ। ਇਸ ਡਾਇਰੈਕਟਰ ਨੇ ‘ਲੈਟਰ ਆਫ਼ ਇਨਟੈਨ’ ਦੀ ਕਾਪੀ ਵੀ ਦਿੱਤੀ। ਸੂਤਰਾਂ ਅਨੁਸਾਰ ਸਰਕਾਰ ਨੂੰ ਪਤਾ ਚਲ ਗਿਆ ਹੈ ਕਿ ‘ਗੁੰਡਾ ਟੈਕਸ’ ਦੀ ਵਸੂਲੀ ਪੈਟਰੋ ਕੈਮੀਕਲ ਯੂਨਿਟ ਦਾ ਕੰਮ ਪ੍ਰਭਾਵਿਤ ਕਰ ਸਕਦੀ ਹੈ ਅਤੇ ਵਿਰੋਧੀ ਧਿਰਾਂ ਇਸ ਮਾਮਲੇ ਤੋਂ ਸਿਆਸੀ ਲਾਹਾ ਲੈ ਸਕਦੀਆਂ ਹਨ ਜਿਸ ਕਰਕੇ ਸਰਕਾਰ ਨੇ ਇਸ ਮਾਮਲੇ ‘ਤੇ ਠੰਡਾ ਛਿੜਕਿਆ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਬਠਿੰਡਾ ਰਿਫਾਇਨਰੀ ਅਤੇ ਸ਼ਹਿਰ ਵਿਚ ਦੋ ਹੋਰ ਥਾਵਾਂ ‘ਤੇ ਵਸੂਲੇ ਜਾ ਰਹੇ ‘ਗੁੰਡਾ ਟੈਕਸ’ ਦੀ ਜਾਂਚ ਕਰਨ ਲਈ ਕਿਹਾ ਹੈ।