ਚਰਨਜੀਤ ਸਿੰਘ ਚੱਢਾ ਨੂੰ ਚੀਫ ਖਾਲਸਾ ਦੀਵਾਨ ਦੀ ਮੈਂਬਰੀਂ ਤੋਂ ਹਟਾਇਆ

ਚਰਨਜੀਤ ਸਿੰਘ ਚੱਢਾ ਨੂੰ ਚੀਫ ਖਾਲਸਾ ਦੀਵਾਨ ਦੀ ਮੈਂਬਰੀਂ ਤੋਂ ਹਟਾਇਆ

ਅੰਮ੍ਰਿਤਸਰ/ਬਿਊਰੋ ਨਿਊਜ਼
ਇਤਰਾਜ਼ਯੋਗ ਵੀਡਿਓ ਮਾਮਲੇ ਕਾਰਨ ਵਿਵਾਦਾਂ ਵਿੱਚ ਘਿਰੇ ਚਰਨਜੀਤ ਸਿੰਘ ਚੱਢਾ ਵੱਲੋਂ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਦੀਵਾਨ ਦੀ ਕਾਰਜ ਸਾਧਕ ਕਮੇਟੀ ਨੇ ਪ੍ਰਵਾਨ ਕਰ ਲਿਆ ਹੈ। ਕਮੇਟੀ ਨੇ ਉਸ ਦੀ ਮੁੱਢਲੀ ਮੈਂਬਰਸ਼ਿਪ ਵੀ ਸਰਬਸੰਮਤੀ ਨਾਲ ਖ਼ਾਰਿਜ ਕਰ ਦਿੱਤੀ ਹੈ। ਕਾਰਜਸਾਧਕ ਕਮੇਟੀ ਦੇ ਇਸ ਫ਼ੈਸਲੇ ਨੂੰ ਕੱਲ ਜਨਰਲ ਹਾਊਸ ਮੀਟਿੰਗ ਵਿੱਚ ਰੱਖਿਆ ਜਾਵੇਗਾ ਜਿਥੇ ਇਸ ‘ਤੇ ਵੀ ਮੋਹਰ ਲੱਗਣ ਦੀ ਉਮੀਦ ਹੈ। ਇਸ ਕਾਰਵਾਈ ਨਾਲ ਦੀਵਾਨ ਦੇ ਸੰਵਿਧਾਨ ਮੁਤਾਬਕ ਚਰਨਜੀਤ ਸਿੰਘ ਚੱਢਾ ਦੀ ਪ੍ਰਧਾਨਗੀ ਅਤੇ ਮੁੱਢਲੀ ਮੈਂਬਰਸ਼ਿਪ ਖ਼ਾਰਿਜ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਸਵਿੰਦਰ ਸਿੰਘ ਐਡਵੋਕੇਟ ਵੱਲੋਂ ਚੱਢਾ ਦੇ ਪ੍ਰਧਾਨਗੀ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਪ੍ਰਵਾਨ ਕਰਨ ਅਤੇ ਉਸ ਨੂੰ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਿਜ ਕਰਨ ਦਾ ਮਤਾ ਰੱਖਿਆ ਗਿਆ। ਇਸ ਨੂੰ ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦੇ ਦਿੱਤੀ। ਕਾਰਜ ਸਾਧਕ ਕਮੇਟੀ ਦੇ ਮੈਂਬਰ ਹੋਣ ਕਰਕੇ ਚੱਢਾ ਦਾ ਬੇਟਾ ਹਰਜੀਤ ਸਿੰਘ ਅਤੇ ਇਕ ਹੋਰ ਰਿਸ਼ਤੇਦਾਰ ਨਵਪ੍ਰੀਤ ਸਿੰਘ ਮੀਟਿੰਗ ‘ਚ ਹਾਜ਼ਰ ਸਨ। ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਨੇ ਦੱਸਿਆ ਕਿ ਭਲਕੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਕਮੇਟੀ ਦੇ ਫੈਸਲੇ ਨੂੰ ਰੱਖਿਆ ਜਾਵੇਗਾ। ਉਨ੍ਹਾਂ ਖ਼ੁਲਾਸਾ ਕੀਤਾ ਕਿ ਦੋ ਮਹੀਨਿਆਂ ਦੇ ਅੰਦਰ-ਅੰਦਰ ਸੰਸਥਾ ਦੇ ਨਵੇਂ ਪ੍ਰਧਾਨ ਲਈ ਚੋਣ ਹੋਵੇਗੀ। ਪ੍ਰਧਾਨ ਦੀ ਚੋਣ ਮਗਰੋਂ ਨਵੇਂ ਅਹੁਦੇਦਾਰ ਵੀ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਦੀਵਾਨ ਦੇ ਵਿੱਤੀ ਅਧਿਕਾਰ ਕਾਰਜਕਾਰੀ ਪ੍ਰਧਾਨ ਨੂੰ ਸੌਂਪ ਦਿੱਤੇ ਗਏ ਹਨ ਤਾਂ ਜੋ ਸਿੱਖ ਵਿਦਿਅਕ ਸੰਸਥਾ ਦੇ ਵਿੱਤੀ ਕਾਰਜ ਚਲਾਏ ਜਾ ਸਕਣ। ਇਤਰਾਜ਼ਯੋਗ ਵੀਡਿਓ ਵਿੱਚ ਸ਼ਾਮਲ ਦੀਵਾਨ ਦੇ ਪ੍ਰਬੰਧ ਹੇਠ ਚਲਦੇ ਸਕੂਲ ਦੀ ਪ੍ਰਿੰਸੀਪਲ ਖਿਲਾਫ਼ ਵੀ ਜਾਂਚ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਕਾਰਜਕਾਰੀ ਪ੍ਰਧਾਨ ਨੇ ਦੱਸਿਆ ਕਿ ਸਕੂਲ ਪੱਧਰ ‘ਤੇ ਬਣਾਈ ਇਸ ਕਮੇਟੀ ਦੀ ਜਾਂਚ ਰਿਪੋਰਟ ਫਿਲਹਾਲ ਨਹੀਂ ਮਿਲੀ ਹੈ ਕਿਉਂਕਿ ਪ੍ਰਿੰਸੀਪਲ ਘਟਨਾ ਵਾਲੇ ਦਿਨ ਤੋਂ ਹੀ ਸਕੂਲ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਮਿਲਣ ਮਗਰੋਂ ਹੀ ਅਗਲੀ ਕਾਰਵਾਈ ਹੋਵੇਗੀ। ਇਸ ਦੌਰਾਨ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਕਾਰਜ ਸਾਧਕ ਕਮੇਟੀ ਦੇ 31 ਮੈਂਬਰਾਂ ਵਿੱਚੋਂ 25 ਮੈਂਬਰ ਬੈਠਕ ‘ਚ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਕਾਰਜ ਸਾਧਕ ਕਮੇਟੀ ਦੀ ਮੀਟਿੰਗ ਦੀ ਵੀਡਿਓ ਰਿਕਾਰਡਿੰਗ ਵੀ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ 23 ਜਨਵਰੀ ਨੂੰ  ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਚਰਨਜੀਤ ਸਿੰਘ ਚੱਢਾ ਦੀਆਂ ਵਿਦਿਅਕ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ‘ਤੇ ਦੋ ਸਾਲ ਲਈ ਰੋਕ ਲਾਉਣ ਸਮੇਤ ਚੀਫ ਖਾਲਸਾ ਦੀਵਾਨ ਵਿੱਚੋਂ ਉਸ ਦੀ ਮੁੱਢਲੀ ਮੈਂਬਰਸ਼ਿਪ ਖ਼ਾਰਿਜ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਤੋਂ ਇਕ ਦਿਨ ਪਹਿਲਾਂ 22 ਜਨਵਰੀ ਨੂੰ ਚੱਢਾ ਵੱਲੋਂ ਦੀਵਾਨ ਦੀ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ।