ਕੈਪਟਨ ਨੇ ਅਪਣੀ ਖੁਫ਼ੀਆ ਫ਼ੌਜ ਨੂੰ ਸੌਂਪੀ ਕਿਸਾਨਾਂ ਦੀ ਨਬਜ਼ ਜਾਣਨ ਦੀ ਜਿੰਮੇਵਾਰੀ

ਕੈਪਟਨ ਨੇ ਅਪਣੀ ਖੁਫ਼ੀਆ ਫ਼ੌਜ ਨੂੰ ਸੌਂਪੀ ਕਿਸਾਨਾਂ ਦੀ ਨਬਜ਼ ਜਾਣਨ ਦੀ ਜਿੰਮੇਵਾਰੀ

ਬਠਿੰਡਾ/ਬਿਊਰੋ ਨਿਊਜ਼ :
ਕੈਪਟਨ ਸਰਕਾਰ ਦੀ ‘ਖੁਫ਼ੀਆ ਫ਼ੌਜ’ ਹੁਣ ਕਿਸਾਨਾਂ ਦੇ ਦਿਲਾਂ ਦੀ ਬੁੱਝਣ ਲੱਗੀ ਹੈ। ਕਰਜ਼ਾ ਮੁਆਫ਼ੀ ਦੇ ਸਿਆਸੀ ਨਫ਼ੇ-ਨੁਕਸਾਨ ਜਾਣਨ ਲਈ ਪਿੰਡਾਂ ਵਿੱਚ ਖੁਫ਼ੀਆ ਵਿੰਗ ਦੇ ਨਵੇਂ ਮੁਲਾਜ਼ਮ ਜਾਣ ਲੱਗੇ ਹਨ। ਖੁਫ਼ੀਆ ਵਿੰਗ ਦੇ ਉੱਚ ਅਫ਼ਸਰਾਂ ਵੱਲੋਂ 23 ਜਨਵਰੀ ਨੂੰ ਇੱਕ ਗੁਪਤ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ 200 ਨਵੇਂ ਫੀਲਡ ਮੁਲਾਜ਼ਮ ਸ਼ਾਮਲ ਹੋਏ ਸਨ। ਇਨ੍ਹਾਂ ਮੁਲਾਜ਼ਮਾਂ ਨੂੰ ਪਿੰਡਾਂ ਵਿੱਚ ਗੁਪਤ ਸਰਵੇਖਣ ਕਰਨ ਦੀ ਹਦਾਇਤ ਹੋਈ ਹੈ। ਕਰਜ਼ਾ ਮੁਆਫ਼ੀ ਦੇ ਝਮੇਲੇ ਦੌਰਾਨ ਕਰਜ਼ਾ ਮੁਆਫ਼ੀ ਲੈਣ ਵਾਲੇ ਕਿਸਾਨਾਂ ਦਾ ਮਿਜਾਜ਼ ਜਾਣਨ ਲਈ ਇਹ ਸਰਵੇਖਣ ਸ਼ੁਰੂ ਕੀਤਾ ਗਿਆ ਹੈ। ਖ਼ੁਫ਼ੀਆ ਵਿੰਗ ਦਾ ਹਰ ਮੁਲਾਜ਼ਮ ਪ੍ਰਤੀ ਕਿਸਾਨ ਚਾਰ ਤੋਂ ਛੇ ਸੁਆਲ ਪੁੱਛੇਗਾ ਜੋ ਕਰਜ਼ਾ ਮੁਆਫ਼ੀ ਦੇ ਸੰਦਰਭ ਵਿੱਚ ਹੋਣਗੇ।  ਕੈਪਟਨ ਸਰਕਾਰ ਨੇ ਮੁਢਲੇ ਪੜਾਅ ‘ਤੇ ਮਾਨਸਾ ਵਿੱਚ ਰਾਜ ਪੱਧਰੀ ਸਮਾਗਮ ਕਰ ਕੇ 47 ਹਜ਼ਾਰ ਕਿਸਾਨਾਂ ਦਾ 167 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਹੈ। ਵਿਰੋਧੀ ਧਿਰਾਂ ਅਤੇ ਕਿਸਾਨ ਧਿਰਾਂ ਵੱਲੋਂ ਕਰਜ਼ਾ ਮੁਆਫ਼ੀ ‘ਤੇ ਹਾਕਮ ਧਿਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਹਕੂਮਤ ‘ਕਰਜ਼ਾ ਮੁਆਫ਼ੀ’ ਦੀ ਜ਼ਮੀਨੀ ਹਕੀਕਤ ਜਾਣਨਾ ਚਾਹੁੰਦੀ ਹੈ ਤਾਂ ਜੋ ਭਵਿੱਖ ਦਾ ਸਿਆਸੀ ਖਾਕਾ ਤਿਆਰ ਹੋ ਸਕੇ। ਖ਼ੁਫ਼ੀਆ ਵਿੰਗ ਵੱਲੋਂ ਹਰ ਪਿੰਡ ‘ਚੋਂ ਦਰਜਨ ਨਿਰਪੱਖ ਕਿਸਾਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਜਿਨ੍ਹਾਂ ਦਾ ਕਰਜ਼ਾ ਮੁਆਫ਼ ਹੋਇਆ ਹੈ। ਖ਼ਾਸ ਤੌਰ ‘ਤੇ ਵੇਖਿਆ ਜਾਵੇਗਾ ਕਿ ਕਰਜ਼ਾ ਮੁਆਫ਼ੀ ਦਾ ਕਿੰਨੇ ਕਾਂਗਰਸੀ ਤੇ ਅਕਾਲੀ ਕਿਸਾਨਾਂ ਨੂੰ ਲਾਹਾ ਮਿਲਿਆ ਹੈ। ਖ਼ੁਫ਼ੀਆ ਵਿੰਗ ਦੇ ਅਫ਼ਸਰਾਂ ਵੱਲੋਂ ਮੁਲਾਜ਼ਮਾਂ ਨੂੰ ਸਰਵੇਖਣ ਦਾ ਭੇਤ ਗੁਪਤ ਰੱਖਣ ਦੀਆਂ ਹਦਾਇਤਾਂ ਹਨ।
ਅਹਿਮ ਸੂਤਰਾਂ ਅਨੁਸਾਰ ਖ਼ੁਫ਼ੀਆ ਮੁਲਾਜ਼ਮ ਕਰਜ਼ਾ ਮੁਆਫ਼ੀ ਲੈਣ ਵਾਲੇ ਕਿਸਾਨਾਂ ਤੋਂ ਇਹ ਵੀ ਜਾਣਨਗੇ ਕਿ ਉਹ ਕਰਜ਼ਾ ਮੁਆਫ਼ੀ ਦੀਆਂ ਸੂਚੀਆਂ ਜਨਤਕ ਤੌਰ ‘ਤੇ ਲੱਗਣ ਤੋਂ ਸਮਾਜਿਕ ਹੇਠੀ ਤਾਂ ਮਹਿਸੂਸ ਨਹੀਂ ਕਰ ਰਹੇ?
ਦੱਸਣਯੋਗ ਹੈ ਕਿ ਕਿਸਾਨ ਧਿਰਾਂ ਨੇ ਕਿਹਾ ਸੀ ਕਿ ਸਰਕਾਰ ਨੇ ਕਰਜ਼ਾ ਮੁਆਫ਼ੀ ਦੇ ਸਮਾਗਮ ਕਰ ਕੇ ਅਤੇ ਕਰਜ਼ਾ ਮੁਆਫ਼ੀ ਦੀਆਂ ਸੂਚੀਆਂ ਪਿੰਡਾਂ ਵਿੱਚ ਕੰਧਾਂ ‘ਤੇ ਚਿਪਕਾ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਹੈ। ਖੁਫ਼ੀਆ ਮੁਲਾਜ਼ਮ ਇਹ ਪੱਖ ਵੀ ਜਾਣਨਗੇ ਕਿ ਕੀ ਉਹ ਕਰਜ਼ਾ ਮੁਆਫ਼ ਹੋਣ ਤੋਂ ਸੰਤੁਸ਼ਟ ਹਨ? ਮੁਆਫ਼ੀ ਵਾਲੇ ਕਿਸਾਨਾਂ ਤੋਂ ਉਨ੍ਹਾਂ ਦਾ ਪੁਰਾਣਾ ਸਿਆਸੀ ਪਿਛੋਕੜ ਅਤੇ ਮੁਆਫ਼ੀ ਮਗਰੋਂ ਕਿਹੜੀ ਸਿਆਸੀ ਪਾਰਟੀ ਵੱਲ ਝੁਕਾਅ ਹੋਇਆ ਹੈ, ਬਾਰੇ ਵੀ ਜਾਣਿਆ ਜਾਣਾ ਹੈ। ਖੁਫ਼ੀਆ ਵਿੰਗ ਇਹ ਸਰਵੇਖਣ ਨਵੇਂ ਮੁਲਾਜ਼ਮਾਂ ਤੋਂ ਕਰਵਾ ਰਿਹਾ ਹੈ ਜਿਨ੍ਹਾਂ ਦੀ ਗੱਠਜੋੜ ਸਰਕਾਰ ਸਮੇਂ ਭਰਤੀ ਹੋਈ ਹੈ ਅਤੇ ਇਨ੍ਹਾਂ ਮੁਲਾਜ਼ਮਾਂ ਦੀ ਥੋੜ੍ਹਾ ਸਮਾਂ ਪਹਿਲਾਂ ਹੀ ਸਿਖਲਾਈ ਮੁਕੰਮਲ ਹੋਈ ਹੈ। ਪੁਰਾਣੇ ਮੁਲਾਜ਼ਮਾਂ ਨੂੰ ਇਸ ਸਰਵੇਖਣ ਤੋਂ ਬਾਹਰ ਰੱਖਿਆ ਗਿਆ ਹੈ। ਇਹ ਮੁਲਾਜ਼ਮ ਰੋਜ਼ਾਨਾ ਦੀ ਲਿਖਤੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜਣਗੇ।
ਮੁਢਲੇ ਪੜਾਅ ‘ਤੇ ਬਠਿੰਡਾ, ਮਾਨਸਾ, ਮੁਕਤਸਰ, ਫ਼ਰੀਦਕੋਟ ਅਤੇ ਮੋਗਾ ਵਿੱਚ ਕਰਜ਼ਾ ਮੁਆਫ਼ੀ ਹੋਈ ਹੈ। ਇਨ੍ਹਾਂ ਵਿੱਚ ਹੁਣ ਮੁਆਫ਼ੀ ਵਾਲੇ ਕਿਸਾਨਾਂ ਦੀ ਮੁਲਾਜ਼ਮ ਪੈੜ ਨੱਪਣ ਲੱਗੇ ਹਨ। ਕੁਝ ਥਾਵਾਂ ‘ਤੇ ਇਹ ਸਰਵੇਖਣ ਸ਼ੁਰੂ ਵੀ ਹੋ ਚੁੱਕਾ ਹੈ। ਕੋਈ ਵੀ ਉੱਚ ਅਫ਼ਸਰ ਇਸ ਮਾਮਲੇ ‘ਤੇ ਬੋਲਣ ਲਈ ਤਿਆਰ ਨਹੀਂ ਹੈ।