ਗੁਜਰਾਤ ਧਮਾਕਿਆਂ ਦੀ ਸਕੀਮ ਘੜਣ ਵਾਲਾ ਅਬਦੁਲ ਸੁਭਾਨ ਕੁਰੈਸ਼ੀ ਦਿੱਲੀ ‘ਚੋਂ ਗ੍ਰਿਫਤਾਰ

ਗੁਜਰਾਤ ਧਮਾਕਿਆਂ ਦੀ ਸਕੀਮ ਘੜਣ ਵਾਲਾ ਅਬਦੁਲ ਸੁਭਾਨ ਕੁਰੈਸ਼ੀ ਦਿੱਲੀ ‘ਚੋਂ ਗ੍ਰਿਫਤਾਰ
ਦਿੱਲੀ ਪੁਲੀਸ ਸਿੰਮੀ ਤੇ ਭਾਰਤੀ ਮੁਜਾਹਿਦੀਨ ਜਥੇਬੰਦੀਆਂ ਨਾਲ ਸਬੰਧਤ ਮਸ਼ਕੂਕ ਦਹਿਸ਼ਤਗਰਦ ਅਬਦੁਲ ਸੁਭਾਨ ਕੁਰੈਸ਼ੀ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ।

ਨਵੀਂ ਦਿੱਲੀ/ਬਿਊਰੋ ਨਿਊਜ਼:
ਗਣਤੰਤਰ ਦਿਵਸ ਤੋਂ ਕੁਝ ਦਿਨ ਪਹਿਲਾਂ ਦਿੱਲੀ ਪੁਲੀਸ ਨੇ ਸਫ਼ਲਤਾ ਹਾਸਿਲ ਕਰਦਿਆਂ ਮੁਕਾਬਲੇ ਤੋਂ ਬਾਅਦ 2008 ਦੇ ਗੁਜਰਾਤ ਲੜੀਵਾਰ ਬੰਬ ਧਮਾਕਿਆਂ ਦੇ ਮੁੱਖ ਸਾਜ਼ਿਸ਼ਕਰਤਾ ਅਬਦੁਲ ਸੁਭਾਨ ਕੁਰੈਸ਼ੀ (46 ਸਾਲ) ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਮੁਤਾਬਕ ਕੁਰੈਸ਼ੀ ਇੰਡੀਅਨ ਮੁਜਾਹਦੀਨ (ਆਈਐਮ) ਦਾ ਸਹਿ ਸੰਸਥਾਪਕ ਅਤੇ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (ਸਿਮੀ) ਨਾਲ ਜੁੜਿਆ ਹੋਇਆ ਸੀ। ਉਸ ਨੂੰ ਪੂਰਬੀ ਦਿੱਲੀ ਦੇ ਗਾਜ਼ੀਪੁਰ ਤੋਂ ਸਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਸਪੈਸ਼ਲ ਸੈੱਲ) ਪੀ ਐਸ ਕੁਸ਼ਵਾਹ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਕੁਰੈਸ਼ੀ ਗਾਜ਼ੀਪੁਰ ‘ਚ ਆਪਣੇ ਪੁਰਾਣੇ ਸਾਥੀ ਨੂੰ ਮਿਲਣ ਲਈ ਆ ਰਿਹਾ ਹੈ। ਉਸ ਦਾ ਪਿੱਛਾ ਸਪੈਸ਼ਲ ਸੈੱਲ ਅਤੇ ਖ਼ੁਫ਼ੀਆ ਏਜੰਸੀਆਂ ਦੀਆਂ ਟੀਮਾਂ ਵੱਲੋਂ ਕੀਤਾ ਜਾ ਰਿਹਾ ਸੀ। ਸ੍ਰੀ ਕੁਸ਼ਵਾਹ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਕੁਰੈਸ਼ੀ ਜਾਅਲੀ ਨਾਮ ਨਾਲ ਨੇਪਾਲ ‘ਚ ਰਹਿ ਰਿਹਾ ਸੀ ਅਤੇ ਉਹ 2015 ਤੋਂ 2017 ਦਰਮਿਆਨ ਸਾਊਦੀ ਅਰਬ ਗਿਆ ਸੀ। ਉਹ ਸਿਮੀ ਦੇ ਰਸਾਲੇ ਦਾ ਸੰਪਾਦਕ ਸੀ ਅਤੇ ਉਸ ਨੂੰ ਚੰਗਾ ਪ੍ਰਬੰਧਕ ਮੰਨਿਆ ਜਾਂਦਾ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਉਸ ਦਾ ਨਾਮ ਮੁੰਬਈ ਅਤੇ ਬੰਗਲੌਰ ਲੜੀਵਾਰ ਧਮਾਕਿਆਂ ‘ਚ ਵੀ ਆਇਆ ਸੀ। ਜ਼ਿਕਰਯੋਗ ਹੈ ਕਿ 26 ਜੁਲਾਈ 2008 ਨੂੰ ਅਹਿਮਦਾਬਾਦ ਸ਼ਹਿਰ ‘ਚ ਲੜੀਵਾਰ 20 ਬੰਬ ਧਮਾਕੇ ਹੋਏ ਸਨ ਜਿਨ੍ਹਾਂ ‘ਚ 50 ਤੋਂ ਵਧ ਵਿਅਕਤੀ ਹਲਾਕ ਹੋ ਗਏ ਸਨ।