‘ਆਪ’ ਹਾਈਕਮਾਂਡ ਨੇ ਬਾਗੀਆਂ ਨੂੰ ਦਿਖਾਏ ਸਖ਼ਤ ਤੇਵਰ

‘ਆਪ’ ਹਾਈਕਮਾਂਡ ਨੇ ਬਾਗੀਆਂ ਨੂੰ ਦਿਖਾਏ ਸਖ਼ਤ ਤੇਵਰ

ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅੰਮ੍ਤਿਸਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।
ਚੰਡੀਗਡ਼੍ਹ/ਬਿਊਰੋ ਨਿਊਜ਼ :

ਆਮ ਆਦਮੀ ਪਾਰਟੀ (ਆਪ) ਦੀ ਹਾਈਕਮਾਂਡ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਖ਼ਿਲਾਫ਼ ਬਗ਼ਾਵਤ ਕਰਕੇ ਅਸਤੀਫਾ ਦੇਣ ਵਾਲੇ 16 ਆਗੂਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਰੌਂਅ ਵਿੱਚ ਹੈ। ਇਸੇ ਸਖ਼ਤੀ ਦੇ ਚਲਦਿਆਂ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲੇ ਸਰਵਣ ਸਿੰਘ ਹੇਅਰ ਨੂੰ ਝਟਕਾ ਕੇ ਉਨ੍ਹਾਂ ਦੀ ਥਾਂ ਹਰਜਿੰਦਰ ਸਿੰਘ ਸੀਚੇਵਾਲ ਨੂੰ ਪ੍ਰਧਾਨ ਨਿਯੁਕਤ ਕਰਕੇ ਹਾਈਕਮਾਂਡ ਨੇ ਆਪਣੇ ਸਖ਼ਤ ਤੇਵਰ ਵਿਖਾ ਦਿੱਤੇ ਹਨ। ਸ੍ਰੀ ਹੇਅਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਨਜ਼ਦੀਕੀ ਹਨ ਅਤੇ ਹਾਈਕਮਾਂਡ ਨੇ ਅਜਿਹਾ ਕਰਕੇ ਸ੍ਰੀ ਖਹਿਰਾ ਨੂੰ ਵੀ ਆਈਨਾ ਵਿਖਾ ਦਿੱਤਾ ਹੈ। ਇਸ ਤੋਂ ਇਲਾਵਾ ਪਾਰਟੀ ਲਈ 23 ਆਗੂਆਂ ਦੀਆਂ ਨਵੀਆਂ ਨਿਯੁਕਤੀਆਂ ਕਰਕੇ ਬੀਤੇ ਦਿਨ 16 ਆਗੂਆਂ ਵੱਲੋਂ ਦਿੱਤੇ ਅਸਤੀਫਿਆਂ ਦਾ ਖੱਪਾ ਪੂਰਨ ਦਾ ਵੀ ਯਤਨ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਆਗੂਆਂ ਬਾਰੇ ਪੰਜਾਬ ਦੀ ਲੀਡਰਸ਼ਿਪ ਦੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਦਿ ਨਾਲ ਫੋਨ ’ਤੇ ਗੱਲਬਾਤ ਹੋਈ ਹੈ ਤੇ ਹਾਈਕਮਾਂਡ ਨੇ ਅਸਤੀਫਾ ਦੇਣ ਵਾਲੇ ਆਗੂਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਮਨ ਬਣਾ ਲਿਆ ਹੈ। ਅਸਤੀਫਾ ਦੇਣ ਵਾਲੇ ਆਗੂਆਂ ਵਿੱਚੋਂ ਬਹੁਤੇ ਪੰਜਾਬ ਇਕਾਈ ਦੇ ਸਾਬਕਾ ਇੰਚਾਰਜ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨਾਲ ਸਬੰਧਤ ਹਨ। ਇਸ ਦੌਰਾਨ ‘ਆਪ’ ਨੇ 14 ਸੂਬਾ ਜਨਰਲ ਸਕੱਤਰਾਂ ਨੂੰ 40 ਵਿਧਾਨ ਸਭਾ ਹਲਕਿਆਂ ਦੇ ਆਬਜ਼ਰਵਰ ਨਿਯੁਕਤ ਕਰ ਦਿੱਤਾ ਹੈ। ਇਸ  ਤੋਂ ਇਲਾਵਾ 4 ਸੂਬਾ ਜਨਰਲ ਸਕੱਤਰ, ਜਲੰਧਰ ਦਿਹਾਤੀ ਅਤੇ ਤਰਨ ਤਾਰਨ ਲਈ ਨਵੇਂ ਜ਼ਿਲ੍ਹਾ ਪ੍ਰਧਾਨ ਅਤੇ ਖੇਮਕਰਨ, ਨਵਾਂ ਸ਼ਹਿਰ ਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਲਈ ਨਵੇਂ ਹਲਕਾ ਪ੍ਰਧਾਨ ਵੀ ਨਿਯੁਕਤ ਕਰ ਦਿੱਤੇ ਹਨ।
ਖਹਿਰਾ ਵੱਲੋਂ ਮਾਨ ਨੂੰ ਸਾਂਝੀ ਮੀਟਿੰਗ ਸੱਦਣ ਦਾ ਸੁਝਾਅ : ਉਧਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ(ਆਪ) ਵਿੱਚ ਚੱਲ ਰਹੀ ਖਾਨਾਜੰਗੀ ਦਾ ਭੋਗ ਪਾਉਣ ਲਈ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੂੰ ਪਾਰਟੀ ਦੇ ਸਮੂਹ ਆਗੂਆਂ ਤੇ ਅਹੁਦੇਦਾਰਾਂ ਦੀ ਇਕ ਮੀਟਿੰਗ ਜਲਦੀ ਸੱਦਣ ਦਾ ਸੁਝਾਅ ਦਿੱਤਾ ਹੈ ਤਾਂ ਕਿ ਨਾਰਾਜ਼ ਆਗੂਆਂ ਦਾ ਪੱਖ ਜਾਣ ਕੇ ਇਸ ਮਸਲੇ ਨੂੰ ਅੰਦਰ ਬੈਠ ਕੇ ਹੱਲ ਕੀਤਾ ਜਾ ਸਕੇ। ਸ੍ਰੀ ਖਹਿਰਾ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਐਡਹਾਕ ਅਧਿਆਪਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਆਏ ਸਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ‘ਆਪ’ ਦੇ 16 ਆਗੂਆਂ, ਜਿਨ੍ਹਾਂ ਵਿਚ ਜ਼ਿਲਾ ਪ੍ਰਧਾਨ ਤੇ ਹੋਰ ਸ਼ਾਮਲ ਹਨ, ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣਾ ਚਿੰਤਾ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਪਾਰਟੀ ਦੇ ਇਕ ਆਗੂ ’ਤੇ ਤਾਨਾਸ਼ਾਹੀ ਵਤੀਰਾ ਅਪਨਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਪਾਰਟੀ ਪ੍ਰਧਾਨ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪਾਰਟੀ ਦੇ ਸਮੂਹ ਅਹੁਦੇਦਾਰਾਂ ਤੇ ਆਗੂਆਂ ਦੀ ਸਾਂਝੀ ਮੀਟਿੰਗ ਸੱਦਣ ਦਾ ਸੁਝਾਅ ਦੇਣਗੇ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਅਗਾਮੀ ਲੋਕ ਸਭਾ ਚੋਣਾਂ ਹਮਖਿਆਲੀ ਆਗੂਆਂ ਨੂੰ ਨਾਲ ਲੈ ਕੇ ਇਕ ਮਜ਼ਬੂਤ ਧਿਰ ਖਡ਼ੀ ਕਰਕੇ ਲਡ਼ੀਆਂ ਜਾਣਗੀਆਂ। ਬਾਦਲਾਂ ਵੱਲੋਂ ਪਿਛਲੇ ਕਾਰਜਕਾਲ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਦੇ ਉਠਾਏ ਗਏ ਮਾਮਲੇ ਬਾਰੇ ‘ਆਪ’ ਆਗੂ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਜਾਂਚ ਵਿੱਚ ਮੌਜੂਦਾ ਮੁੱਖ ਮੰਤਰੀ ਦੇ ਵੇਲੇ ਸਰਕਾਰੀ ਹੈਲੀਕਾਪਟਰ ਦੀ ਹੋਈ ਦੁਰਵਰਤੋਂ ਨੂੰ ਵੀ  ਸ਼ਾਮਲ ਕੀਤਾ ਜਾਵੇ।
ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਸ ਮਸਲੇ ਬਾਰੇ ਹਾਈਕਮਾਂਡ ਨਾਲ ਵਿਸਥਾਰ ਨਾਲ ਗੱਲਬਾਤ ਹੋ ਗਈ ਹੈ ਅਤੇ ਅਨੁਸ਼ਾਸਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 31 ਜੁਲਾਈ ਤਕ ਪਾਰਟੀ ਦੇ ਬਲਾਕ ਪੱਧਰ ਦੇ ਯੂਨਿਟ ਕਾਇਮ ਕਰਕੇ ਖਾਲੀ ਪਏ ਸਾਰੇ ਅਹੁਦੇ ਭਰ ਦਿੱਤੇ ਜਾਣਗੇ। ਅਗਸਤ ਦੇ ਪਹਿਲੇ ਹਫਤੇ ਸ੍ਰੀ ਸਿਸੋਦੀਆਂ ਪੰਜਾਬ ਆ ਕੇ ਸਾਲ 2019 ਦੀਆਂ ਆਮ ਚੋਣਾਂ ਬਾਰੇ ਰਣਨੀਤੀ ਨੂੰ ਅੰਤਿਮ ਰੂਪ ਦੇਣਗੇ।