ਲੌਂਗੋਵਾਲ ਇਮਾਨਦਾਰ ਦਿੱਖ ਵਾਲਾ ਧਾਰਮਿਕ ਆਗੂ:ਸਰਨਾ

ਲੌਂਗੋਵਾਲ ਇਮਾਨਦਾਰ ਦਿੱਖ ਵਾਲਾ ਧਾਰਮਿਕ ਆਗੂ:ਸਰਨਾ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਸਰਨਾ।
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਨਿਯੁਕਤੀ ਬਾਰੇ ਉਠੇ ਸਵਾਲਾਂ ਦੌਰਾਨ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਸ੍ਰੀ ਲੌਂਗੋਵਾਲ ਇਮਾਨਦਾਰ ਤੇ ਧਾਰਮਿਕ ਦਿੱਖ ਵਾਲੇ ਆਗੂ ਹਨ ਅਤੇ ਉਹ ਉਨ੍ਹਾਂ ਦੇ ਨਿੱਜੀ ਤੌਰ ‘ਤੇ ਹਮਾਇਤੀ ਹਨ। ਸ੍ਰੀ ਸਰਨਾ ਸ਼ੁਕਰਵਾਰ ਨੂੰ ਇੱਥੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਸ੍ਰੀ ਲੌਂਗੋਵਾਲ ਇਮਾਨਦਾਰ ਅਤੇ ਨੇਕ ਇਨਸਾਨ ਹਨ। ਉਨ੍ਹਾਂ ਦੇ ਡੇਰਾ ਸਿਰਸਾ ਜਾਣ ਦੇ ਵਿਵਾਦ ਬਾਰੇ ਸ੍ਰੀ ਸਰਨਾ ਨੇ ਆਖਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਸ੍ਰੀ ਲੌਂਗੋਵਾਲ ਦਾ ਦਾਅਵਾ ਹੈ ਕਿ ਉਹ ਡੇਰਾ ਸਿਰਸਾ ਨਹੀਂ ਗਏ ਸਨ, ਪਰ ਅਕਾਲ ਤਖ਼ਤ ਵੱਲੋਂ ਡੇਰਾ ਸਿਰਸਾ ਜਾਣ ਵਾਲਿਆਂ ਨੂੰ ਲਾਈ ਤਨਖ਼ਾਹ ਭੁਗਤਣ ਵਾਲਿਆਂ ਵਿੱਚ ਉਹ ਸ਼ਾਮਲ ਸਨ। ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਵਿਵਾਦ ਬਾਰੇ ਸਰਨਾ ਨੇ ਆਖਿਆ ਕਿ ਮਾਮਲਾ ਇਸ ਵੇਲੇ ਅਦਾਲਤ ਵਿੱਚ ਹੈ ਤੇ ਅਦਾਲਤ ਵੱਲੋਂ ਜੋ ਦਸਤਾਵੇਜ਼ ਮੰਗੇ ਗਏ ਹਨ, ਉਹ ਸੌਂਪ ਦਿੱਤੇ ਗਏ ਹਨ। ਉਨ੍ਹਾਂ ਅਖਿਆ ਕਿ ਹਰਵਿੰਦਰ ਸਿੰਘ ਸਰਨਾ ਬਹੁਸੰਮਤੀ ਨਾਲ ਪ੍ਰਧਾਨ ਚੁਣੇ ਗਏ ਸਨ, ਪਰ ਦੂਜੀ ਧਿਰ ਨੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਹੈ।