ਬਰਤਾਨੀਆ ਵੱਲੋਂ ਸਿੱਖ ਕੌਮ ਦੇ ਭਾਰਤੀਆਂ ਨਾਲੋਂ ਵੱਖਰੇ-ਨਿਆਰੇਪਣ ਨੂੰ ਮਾਨਤਾ ਦੇਣ ਦਾ ਫੈਸਲਾ

ਬਰਤਾਨੀਆ ਵੱਲੋਂ ਸਿੱਖ ਕੌਮ ਦੇ ਭਾਰਤੀਆਂ ਨਾਲੋਂ ਵੱਖਰੇ-ਨਿਆਰੇਪਣ ਨੂੰ ਮਾਨਤਾ ਦੇਣ ਦਾ ਫੈਸਲਾ

ਲੰਡਨ/ਬਿਊਰੋ ਨਿਉਜ਼ :
ਯੂਕੇ ਵਿਚ ਸ਼ਕਤੀਸ਼ਾਲੀ ਤੌਰ ‘ਤੇ ਸੰਗਠਿਤ ਸਿੱਖ ਭਾਈਚਾਰੇ ਨੂੰ ਸੰਨ 2021 ਦੀ ਮਰਦਮੁਸ਼ਮਾਰੀ ਵਿੱਚ ਵੱਖਰੀ ਕੌਮ-ਵੱਖਰੀ ਨਸਲ ਦਾ ਦਰਜਾ ਮਿਲਣ ਵਾਲਾ ਹੈ। ਯੂਕੇ ਅੰਕੜਾ ਅਥਾਰਟੀ ਨੇ ਕਿਹਾ ਕਿ ਇਸ ਕਦਮ ਨਾਲ ਸਿੱਖ ਭਾਈਚਾਰਾ ਸਰਕਾਰ ਤੋਂ ਮਿਲਦੀਆਂ ਕਈ ਜਨਤਕ ਸੇਵਾਵਾਂ ਦਾ ਪੂਰਨ ਲਾਹਾ ਵੀ ਚੁੱਕ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕਾਨੂੰਨੀ ਤੌਰ ‘ਤੇ ਵੱਖਰੀ ਕੌਮ ਨਹੀਂ ਸਮਝਿਆ ਜਾਂਦਾ।ਭਾਰਤੀ ਸੰਵਿਧਾਨ ਦੀ ਧਾਰਾ ਪੱਚੀ ਵਿਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਤਕ ਲਿਖਿਆ ਗਿਆ ਹੈ, ਜਿਸ ਦਾ ਸਿੱਖ ਮੁੱਢ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ।
ਗੌਰਤਲਬ ਹੈ ਕਿ ਸੰਨ 1983 ਵਿਚ ਹਾਊਸ ਆਫ ਲਾਰਡਸ ਵਲੋਂ ਇਕ ਸਿੱਖ ਸਕੂਲੀ ਬੱਚੇ ਨਾਲ ਨਸਲੀ ਵਿਤਕਰੇ ਦੇ ਮਾਮਲੇ ਵਿਚ ਸੁਣਾਏ ਫੈਸਲੇ ਤੋਂ ਸਿੱਖਾਂ ਨੂੰ ਬਰਤਾਨੀਆ ਵਿਚ ਕਾਨੂੰਨੀ ਤੌਰ ‘ਤੇ ਇਕ ਨਸਲ ਮੰਨਿਆ ਗਿਆ ਹੈ। ਪਰ ਸੰਨ 1991, ਸੰਨ 2001 ਅਤੇ ਸੰਨ 2011 ਦੀਆਂ ਮਰਦਮਸ਼ੁਮਾਰੀਆਂ ਵਿਚ ਸਿੱਖਾਂ ਨੂੰ ਇਕ ਨਸਲ ਵਜੋਂ ਸ਼ਾਮਿਲ ਨਹੀਂ ਕੀਤਾ ਗਿਆ ਸੀ। ਸੰਨ 2011 ਦੀ ਮਰਦਮਸ਼ੁਮਾਰੀ ਵਿਚ 83,000 ਤੋਂ ਵੱਧ ਸਿੱਖਾਂ ਨੇ ਫਾਰਮਾਂ ਵਿਚ ਦਿੱਤੇ ਗਏ ਭਾਰਤੀ ਹੋਣ ਦੇ ਖਾਨੇ ਨੂੰ ਖਾਲੀ ਛੱਡਦਿਆਂ ਹੋਰ ਖਾਨੇ ਉੱਤੇ ਮੋਹਰ ਲਾ ਕੇ ਖੁਦ ਨੂੰ ਸਿੱਖ ਲਿਖ ਕੇ ਆਪਣੀ ਪਛਾਣ ਨੂੰ ਭਾਰਤੀ ਮੰਨਣ ਤੋਂ ਇਨਕਾਰ ਕੀਤਾ ਗਿਆ ਸੀ।
ਹੁਣ ਬਰਤਾਨੀਆ ਵਿਚ ਮਰਦਮਸ਼ੁਮਾਰੀ ਵਿਚ ਸਿੱਖਾਂ ਨੂੰ ਸਿਰਫ ਇਕ ਵੱਖਰੇ ਧਰਮ ਵਜੋਂ ਹੀ ਨਹੀਂ ਬਲਕਿ ਇਕ ਵੱਖਰੀ ਨਸਲ (ਐਥਨੀਸਿਟੀ) ਵਜੋਂ ਮਾਨਤਾ ਮਿਲਣ ਉੱਤੇ ਲਗਭਗ ਮੋਹਰ ਲੱਗ ਚੁੱਕੀ ਹੈ। ਬਰਤਾਨੀਆ ਦੀ ਮਰਦਮਸ਼ੁਮਾਰੀ ਲਈ ਜ਼ਿੰਮੇਵਾਰ ਸੰਸਥਾ ਓਐਨਐਸ ਵਲੋਂ 2021 ਵਿਚ ਹੋਣ ਵਾਲੀ ਮਰਦਮਸ਼ੁਮਾਰੀ ਦੇ ਫਾਰਮਾਂ ਵਿਚ ‘ਸਿੱਖ ਨਸਲ’ (ਸਿੱਖ ਐਥਨੀਸਿਟੀ) ਦੇ ਖਾਨੇ ਨੂੰ ਪਾਉਣ ਦੀਆਂ ਸੰਭਾਵਨਾਵਾਂ ਉੱਤੇ ਵੱਡੇ ਪੱਧਰ ‘ਤੇ ਵਿਚਾਰ ਕੀਤੀ ਗਈ ਹੈ ਤੇ ਸਿੱਖ ਅਬਾਦੀ ਵਲੋਂ ਇਸ ਦਾ ਹਾਂ-ਪੱਖੀ ਹੁੰਗਾਰਾ ਭਰਿਆ ਗਿਆ ਹੈ।
ਬਰਤਾਨਵੀ ਸਿੱਖਾਂ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵਲੋਂ ਓਐਨਐਸ ਦੀ ਸਿੱਖ ਨਸਲ (ਐਥਨੀਸਿਟੀ) ਦੇ ਖਾਨੇ ਦੀ ਸ਼ਮੂਲੀਅਤ ਬਾਰੇ ਲੋਕ ਰਾਇ ਜਾਣਨ ਵਿਚ ਮਦਦ ਕਰਨ ਲਈ ਬਰਤਾਨੀਆ ਦੇ ਗੁਰਦੁਆਰਿਆਂ ਰਾਹੀਂ ਚਿੱਠੀਆਂ ਪਾ ਕੇ ਸਲਾਹ ਮੰਗੀ ਗਈ ਸੀ।
ਸੰਨ 2016 ਵਿਚ ਬਰਤਾਨੀਆ ਵਿਚ ਸਿੱਖਾਂ ਦੇ ਹੋਏ ਸਭ ਤੋਂ ਵੱਡੇ ਸਰਵੇਖਣ ਮੁਤਾਬਿਕ 93.5 ਫੀਸਦੀ ਦੇ ਕਰੀਬ ਸਿੱਖ ਸੰਨ 2021 ਦੀ ਮਰਦਮਸ਼ੁਮਾਰੀ ਵਿਚ ਸਿੱਖ ਨਸਲ ਦੇ ਖਾਨੇ ਦੀ ਸ਼ਮੂਲੀਅਤ ਦੇ ਪੱਖ ਵਿਚ ਹਨ।
ਬਰਤਾਨੀਆ ਦੀ ਪਾਰਲੀਮੈਂਟ ਵਿਚ ਮੈਂਬਰ ਚੁਣੀ ਗਈ ਪਹਿਲੀ ਸਿੱਖ ਬੀਬੀ ਅਤੇ ਆਲ ਪਾਰਟੀ ਗਰੁੱਪ ਦੀ ਮੁਖੀ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਿੱਖਾਂ ਨੇ ਮੁਕੰਮਲ ਰੂਪ ਵਿਚ ਸਿੱਖ ਨਸਲ ਦੇ ਖਾਨੇ ਦੀ ਹਮਾਇਤ ਕੀਤੀ ਹੈ। ਕਿਸੇ ਵੀ ਗੁਰਦੁਆਰੇ ਵਲੋਂ ਇਸ ਦਾ ਵਿਰੋਧ ਨਹੀਂ ਕੀਤਾ ਗਿਆ।
ਗੌਰਤਲਬ ਹੈ ਕਿ ਜੇ 60 ਫੀਸਦੀ ਤੋਂ ਵੱਧ ਗੁਰਦੁਆਰੇ ਇਸ ਦੇ ਹੱਕ ਵਿਚ ਭੁਗਤਦੇ ਹਨ ਤਾਂ ਓਐਨਐਸ ਇਸ ਨੂੰ ਸੰਨ 2021 ਦੀ ਮਰਦਮਸ਼ੁਮਾਰੀ ਦੇ ਫਾਰਮਾਂ ਵਿਚ ਸ਼ਾਮਿਲ ਕਰ ਲਵੇਗੀ।
ਬਰਤਾਨੀਆ ਵਿਚ ਸਿੱਖਾਂ ਦੀ ਸੰਸਥਾ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਿੱਖਾਂ ਵਲੋਂ ਸਿੱਖ ਇਕ ਵੱਖਰੀ ਨਸਲ ਦੇ ਮਤੇ ‘ਤੇ ਭਰਵੀਂ ਹਮਾਇਤ ਤੋਂ ਬਾਅਦ ਓਐਨਐਸ ਨੂੰ ਮਰਦਮਸ਼ੁਮਾਰੀ ਦੇ ਫਾਰਮਾਂ ਵਿਚ ਸਿੱਖ ਨਸਲ ਦੇ ਖਾਨੇ ਨੂੰ ਸ਼ਾਮਿਲ ਕਰਨ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ।
ਬੀਤੇ ਵਰ੍ਹੇ 113 ਵਿਧਾਇਕਾਂ ਵਲੋਂ ਸਿੱਖਾਂ ਨੂੰ ਇਕ ਵੱਖਰੀ ਨਸਲ ਵਜੋਂ ਮਰਦਮਸ਼ੁਮਾਰੀ ਵਿਚ ਥਾਂ ਦੇਣ ਦੇ ਪੱਖ ਵਿਚ ਓਐਨਐਸ ਨੂੰ ਲਿਖੀ ਚਿੱਠੀ ‘ਤੇ ਦਸਤਖਤ ਕੀਤੇ ਗਏ ਸੀ। ਸਿੱਖਾਂ ਤੋਂ ਇਲਾਵਾ ਜਹੂਦੀਆਂ, ਰੋਮਾ ਅਤੇ ਸੋਮਾਲੀਆਂ ਨੂੰ ਵੀ ਮਰਦਮਸ਼ੁਮਾਰੀ ਵਿਚ ਇਕ ਨਸਲ ਵਜੋਂ ਮਾਨਤਾ ਦੇਣ ‘ਤੇ ਵਿਚਾਰ ਚੱਲ ਰਹੀ ਹੈ।
ਪਿਛਲੇ ਸਾਲ, ਭਾਰਤੀ ਮੂਲ ਦੇ ਸੰਸਦ ਮੈਂਬਰਾਂ ਸਮੇਤ ਕੁੱਲ 100 ਬਰਤਾਨਵੀਂ ਐਮਪੀਜ਼ ਨੇ ਅਥਾਰਟੀ ਨੂੰ ਸਾਲ 2021 ਵਿੱਚ ਹੋਣ ਵਾਲੀ ਮਦਰਮੁਸ਼ਮਾਰੀ ਦੇ ਪ੍ਰੋਫਾਰਮੇ ਵਿੱਚ ਸਿੱਖਾਂ ਲਈ ਵੱਖਰੀ ਕੌਮ ਦਾ ਵਿਕਲਪ ਮੁਹੱਈਆ ਕਰਵਾਉਣ ਲਈ ਪੁੱਛਿਆ ਸੀ। ਸੰਡੇ ਟਾਈਮ ਦੀ ਰਿਪੋਰਟ ਮੁਤਾਬਕ ਇਸ ਸਮੇਂ ਦੇਸ਼ ਵਿੱਚ ਸਿੱਖਾਂ ਨੂੰ ਸਿਰਫ ਵੱਖਰੇ ਧਰਮ ਵਾਲੇ ਲੋਕ ਸਮਝਿਆ ਜਾਂਦਾ ਹੈ ਨਾ ਕਿ ਵੱਖਰੀ ਕੌਮ।
ਦੇਸ਼ ਦੀ ਸਭ ਤੋਂ ਤਾਜ਼ਾ ਮਰਦਮੁਸ਼ਮਾਰੀ ਸਾਲ 2011 ਦੌਰਾਨ 83,000 ਸਿੱਖਾਂ ਨੇ ਕੌਮ ਵਾਲੇ ਕਿਸੇ ਵੀ ਕੌਮ ਵਿਕਲਪ ਨੂੰ ਨਹੀਂ ਚੁਣਿਆ ਸੀ। ਇਸ ਲਈ ਕੌਮੀ ਅੰਕੜਾ ਦਫ਼ਤਰ ਸਾਲ 2021 ਦੀ ਮਰਦਮੁਸ਼ਮਾਰੀ ਦੌਰਾਨ ਬਰਤਾਨੀਆ ਦੇ 4,30,000 ਤੋਂ ਵੱਧ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦੇਣ ਜਾ ਰਿਹਾ ਹੈ।