ਨਾ ਮੈਂ ਕਾਂਗਰਸ ਤੇ ਨਾ ਅਕਾਲੀਆਂ ‘ਚ ਜਾ ਰਿਹਾਂ : ਛੋਟੇਪੁਰ

ਨਾ ਮੈਂ ਕਾਂਗਰਸ ਤੇ ਨਾ ਅਕਾਲੀਆਂ ‘ਚ ਜਾ ਰਿਹਾਂ : ਛੋਟੇਪੁਰ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁੱਚਾ ਸਿੰਘ ਛੋਟੇਪੁਰ।

ਚੰਡੀਗੜ੍ਹ/ਬਿਊਰੋ ਨਿਊਜ਼ :
ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਸਪਸ਼ਟ ਕੀਤਾ ਹੈ ਕਿ ਉਹ ਨਾ ਤਾਂ ਕਾਂਗਰਸ ਵਿੱਚ ਅਤੇ ਨਾ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਸ੍ਰੀ ਛੋਟੇਪੁਰ ਨੇ ਉਨ੍ਹਾਂ ਦੇ ਕਾਂਗਰਸ ਅਤੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਮੀਡੀਆ ਵਿਚ ਹੋ ਰਹੀ ਚਰਚਾ ਨੂੰ ਪੂਰੀ ਤਰ੍ਹਾਂ ਗ਼ਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਆਪਣਾ ਅਕਸ ਬਣਾਉਣ ਵਿੱਚ ਦਹਾਕੇ ਲੱਗ ਜਾਂਦੇ ਹਨ ਤੇ ਮੀਡੀਆ ਨੂੰ ਕਿਸੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮਿਲੇ ਸਨ ਤੇ ਉਸ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਵੀ ਮਿਲਦੇ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਆਪਣਾ ਪੰਜਾਬ ਪਾਰਟੀ ਇਮਾਨਦਾਰ ਸਿਆਸਤਦਾਨਾਂ ਦਾ ਬਦਲ ਪੇਸ਼ ਕਰਨ ਲਈ ਸਿਆਸੀ ਮੈਦਾਨ ਵਿੱਚ ਆਈ ਸੀ ਤੇ ਇਸੇ ਸਿਧਾਂਤ ‘ਤੇ 2019 ਦੀਆਂ ਚੋਣਾਂ ਲੜੇਗੀ। ਸ੍ਰੀ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਸਰਕਾਰੀ ਤਾਕਤ ਦੀ ਹੋ ਰਹੀ ਦੁਰਵਰਤੋਂ ਨੂੰ ਮੁੱਖ ਰੱਖਦਿਆਂ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ-ਭਾਜਪਾ ਵਿਚਕਾਰ ਹੈ ਤੇ ਆਮ ਆਦਮੀ ਪਾਰਟੀ (ਆਪ) ਮੁਕਾਬਲੇ ਤੋਂ ਬਿਲਕੁਲ ਬਾਹਰ ਹੈ। ਸ੍ਰੀ ਛੋਟੇਪੁਰ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਇਮਾਨਦਾਰ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪਾਰਟੀ ਦੇ ਸੁਬਾਈ ਆਗੂ ਐਚ.ਐਸ. ਕਿੰਗਰਾ, ਕਰਨਲ ਜਸਜੀਤ ਸਿੰਘ ਗਿੱਲ, ਤਰਲੋਚਨ ਸਿੰਘ ਲਾਲੀ, ਆਰ ਆਰ ਭਾਰਦਵਾਜ, ਜੇ.ਐਸ. ਧਾਲੀਵਾਲ, ਨਰਿੰਦਰ ਵਾਲੀਆ ਤੇ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਪਾਰਟੀ ਦੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ।